ਭਾਈ ਲਾਲੋ ਅਤੇ ਮਲਿਕ ਭਾਗੋ

05/24/2019 9:00:47 PM

ਕਿਸ਼ਤ ਪਹਿਲੀ  

ਜਸਵੰਤ ਰਾਂਹੀਂ ਚਿੱਤਰੇ ਦ੍ਰਿਸ਼ ਵਿੱਚ ਕੋਈ ਪਾਤਰ ਹਾਜ਼ਰ ਨਹੀਂ, ਇਸ ਦੇ ਬਾਵਜੂਦ ਕਿਰਿਆ ਹੋ ਰਹੀ ਹੈ ਤਾਂ ਵੀ ਸਾਖੀ ਦਾ ਸੰਦੇਸ਼ ਚਿੱਤਰ ਰਾਹੀਂ ਦਰਸ਼ਕ ਤੱਕ ਅੱਪੜ ਰਿਹਾ ਹੈ। ਇੱਥੇ ਗੁਰੂ ਰੂਪ ਬਿਨਾਂ ਗੁਰੂ-ਕਾਰਜ ਹੋਂਦ ਦੇ ਨਾਲ-ਨਾਲ ਕਰਮ ਦੇ ਅਸਰ ਦਾ ਪ੍ਰਭਾਵ ਵੀ ਪ੍ਰਗਟ ਹੋ ਰਿਹਾ ਹੈ। ਚਿੱਤਰਕਾਰ ਦਾ ਇਹ ਕੰਮ ਸਿਰਫ਼ ਨਿਜੀ ਪ੍ਰਗਟਾਵੇ ਨਾਲ ਜੁੜਿਆ ਹੋਇਆ ਨਹੀਂ ਬਲਕਿ ਸਮਾਜ ਨਾਲ ਜੁੜੇ ਉਪਰਾਲੇ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਰਚਨਾ ਧਰਮ ਪੱਖੀ ਸੁਭਾਅ ਵਾਲੀ ਹੀ ਨਹੀਂ। ਸਗਂੋ 'ਸਮਾਜ ਸੁਧਾਰ' ਸੁਰ ਵਾਲੀ ਵੀ ਹੈ। ਗੁਰੂ ਨਾਨਕ ਦੇਵ ਜੀਵਨ ਦਾ ਇੱਕ ਮਹੱਤਵਪੂਰਨ ਬਿਰਤਾਂਤ ਭਾਈ ਲਾਲੋ ਅਤੇ ਮਲਿਕ ਭਾਗੋ ਨਾਲ ਜੁੜਿਆ ਹੈ। ਘਟਨਾ ਵਾਪਰਨ ਦਾ ਸਮਾਂ ਕਾਲ ਭਾਵੇਂ ਥੋੜ ਚਿਰੀ ਹੈ ਪਰ ਉਸ ਦਾ ਦੀਰਘ ਸਰੋਕਾਰ ਹੈ। 'ਮਨੁੱਖ ਦੀ ਭਲਾਈ' ਗੁਰੂ ਜੀ ਨੇ ਜੋ ਕੀਤਾ ਉਹ ਤੱਤਕਾਲੀ ਹੋਂਦ ਦੇ ਬਾਵਜੂਦ ਸਰਬਕਾਲੀ ਪ੍ਰਭਾਵ ਅਤੇ ਅਰਥ ਰੱਖਦਾ ਹੈ। ਜਨਮਸਾਖੀ ਅਨੁਸਾਰ ਭਾਈ ਲਾਲੋ (ਜਾਤ ਘਟਾਉੜਾ, ਕੰਮ ਤਰਖਾਣਾਂ) ਨਿਵਾਸੀ ਸੈਦਪੂਰ (ਏਮਨਾਬਾਦ) ਦਾ ਸੀ। ਬਾਬਰ ਹਮਲੇ ਵੇਲੇ ਗੁਰੂ ਜੀ ਇਸੇ ਸਿੱਖ ਦੇ ਘਰ ਠਹਿਰੇ ਹੋਏ ਸਨ ਹਮਲਾਵਰ ਦੇ ਜ਼ੁਲਮਾਂ ਨੂੰ ਦੇਖ ਉਹਨਾਂ ਲਾਲੋ ਨੂੰ ਸੰਬੋਧਿਤ ਹੋ ਕੇ ਸ਼ਬਦ
'ਜੈਸੀ ਮੈਂ ਆਵੈ ਖ਼ਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ…' ਉਚਾਰਿਆ ਸੀ।

ਇਸੇ ਥਾਂ ਨਾਲ ਇੱਕ ਹੋਰ ਪ੍ਰਸੰਗ ਜੁੜਿਆ ਹੋਇਆ ਹੈ ਜਿਸ ਨੂੰ ਸਾਹਮਣੇ ਰੱਖ ਚਿੱਤਰਕਾਰ ਜਸਵੰਤ ਸਿੰਘ ਨੇ ਪੇਂਟਿੰਗ ਤਿਆਰ ਕੀਤੀ ਹੈ। ਸੈਦਪੁਰ ਪ੍ਰ੍ਰਸ਼ਾਸਕ ਦੇ ਅਹਿਲਕਾਰ ਮਲਿਕ ਭਾਗੋ ਨੇ ਬ੍ਰਹਮ-ਭੋਜ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਸ ਦਾ ਨਿਉਂਦਾ ਸਵੀਕਾਰ ਨਾ ਕੀਤਾ। ਮਲਿਕ ਭਾਗੋ ਦੇ ਅੰਤ ਅਤੇ ਗੁੱਸੇ ਨੂੰ ਤੋੜਨ ਲਈ ਗੁਰੂ ਜੀ ਨੇ ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ ਮੰਗਵਾ ਕੇ ਇੱਕ ਹੱਥ ਫੜੀ ਅਤੇ ਦੂਸਰੇ ਹੱਥ ਭਾਗੋ ਦੇ ਘਰੋਂ ਆਈਆਂ ਪੂੜੀਆਂ ਲੈ ਲਈਆਂ। ਇੱਥੇ ਥੋੜ੍ਹਾ ਜਿਹਾ ਰੁਕ ਕੇ ਵਿਚਾਰਨਾ ਬਣਦਾ ਹੈ। ਕਿਸੇ ਵਸਤੂ (ਰੋਟੀ) ਨੂੰ ਲੈਣ ਦਾ ਮਤਲਬ ਉਸ ਨੂੰ ਸਵੀਕਾਰ ਲੈਣਾਂ ਨਹੀਂ। ਅਸਾਵੇਂ ਸਮਾਜ-ਪ੍ਰਬੰਧ ਦੀਆਂ ਦੋ ਧਿਰਾਂ ਕੋਲੋ ਗੁਰੂ ਜੀ ਨੇ ਵਸਤੂਆਂ ਲੈ ਲਈਆਂ। ਉਹਨਾਂ ਦੇ ਸਵੀਕਾਰੇ–ਨਕਾਰੇ  ਜਾਣ ਦਾ ਨਿਰਣਾ ਗੁਰੂ ਦੇ ਅਧਾਰ ਉੱਪਰ ਹੀ ਕੀਤਾ ਜਾਣਾ ਹੈ। ਗੁਰੂ ਨਾਨਕ ਦੇਵ ਜੀ ਨੇ ਦੋਹਾਂ ਘਰੋਂ ਆਏ ਭੋਜਨ ਨੂੰ ਜਦ ਦਬਾਇਆ ਤਾਂ ਇੱਕ ਵਿੱਚੋਂ ਦੁੱਧ ਦੇ ਤੁਬਕੇ ਨਿਕਲੇ ਜਦ ਕਿ ਦੂਜੇ ਵਿੱਚੋਂ ਲਹੂ ਦੇ। ਦਿਸ ਰਿਹਾ ਚਿੱਤਰ ਲੰਮੇ ਰੁੱਖ ਨੂੰ ਬਣਿਆ ਹੈ ਜਿੱਥੇ ਉਪਰ-ਥੱਲੇ ਦੋ ਹੱਥ ਹਨ। ਦੋਹਾਂ ਹੱਥਾਂ ਦੀ ਬਣਾਵਟ ਅਤੇ ਪੇਸ਼ਕਾਰੀ ਦੀ ਸਥਿਤੀ ਭਿੰਨ-ਭਿੰਨ ਹੈ। ਉੱਪਰਲਾ ਹੱਥ ਸੁਚੱਜਾ, ਸਪੱਸ਼ਟ ਹੈ ਜਦ ਕਿ ਥੱਲੜਾ ਪਹਿਲੇ ਦੀ ਤੁਲਨਾ ਵਿੱਚ ਹਰ ਪੱਖੋਂ ਨਿਮਨ ਹੈ। ਏਦਾਂ ਕਿਵੇਂ ਹੋ ਗਿਆ ਹੈ? ਹੱਥ ਤਾਂ ਇੱਕੋ ਵਿਅਕਤੀ ਦੇ ਹਨ, ਗੁਰੂ ਜੀ ਦੇ ਹਨ।
ਚਿੱਤਰਕਾਰ ਅਸਲ ਵਿੱਚ ਗੁਰਬਾਣੀ ਅਨੁਸਾਰ ਕਿਰਤ ਪੇਂਟਿੰਗ ਰੰਗ ਰਿਹਾ ਹੈ। ਇਹ ਵਿਚਾਰ ਆਉਂਦਾ ਹੈ ਕਿ ਚੰਗੇ ਅੰਨ ( ਮਿਹਨਤ ਅਤੇ ਨੇਕ ਨੀਅਤ) ਨਾਲ ਮਨ-ਤਨ ਠੀਕ ਰਹਿੰਦਾ ਹੈ। ਲੁੱਟ-ਖੋਹ ਨਾਲ ਇਕੱਤਰ ਕੀਤੇ ਅੰਨ ਨਾਲ ਸਰੀਰ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ।ਉਪਰਲੇ ਹੱਥ ਦੇ ਭੋਜਨ ਵਿੱਚੋਂ ਦੁੱਧ ਟਪਕ ਰਿਹਾ ਹੈ। ਇਹ ਭਾਈ ਲਾਲੋ ਦੇ ਘਰੋਂ ਆਇਆ ਹੋਇਆ ਹੈ। ਥੱਲੜੇ ਹੱਥ ਵਿੱਚ ਮਾਲਿਕ ਭਾਗੋ ਦੇ ਘਰੋਂ ਆਏ ਭੋਜਨ ਵਿੱਚੋਂ ਲਹੂ ਝੜ ਰਿਹਾ ਹੈ। ਜਸਵੰਤ ਸਿੰਘ ਆਪਦੀ ਜੁਗਤ-ਯੋਜਨਾ ਨਾਲ ਜੋ ਸੰਦੇਸ਼ ਦੇ ਰਿਹਾ ਹੈ ਉਹੀ ਸ਼ਬਦ-ਸੰਸਾਰ ਸਦੀਆਂ ਤੋਂ ਕਹਿੰਦਾ-ਸੁਣਦਾ ਆ ਰਿਹਾ ਹੈ।
ਆਮ ਤੌਰ ਤੇ ਮਿਲਦੇ ਪਰੰਪਰਕ ਚਿੱਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਚੌਂਕੜਾ ਮਾਰੀ ਬੈਠੇ ਹਨ। ਆਪਣੀਆਂ ਘੁੱਟੀਆਂ ਮੁੱਠਾਂ ਵਿੱਚੋਂ ਦੁੱਧ ਉੱਤੇ ਲਹੂ ਦੀਆਂ ਧਾਰਾਂ ਨਿਕਲ ਰਹੀਆਂ ਹਨ। ਇੱਕ ਪਾਸੇ ਭਾਈ ਲਾਲੋ ਹੱਥ ਜੋੜੀ ਖੜੇ ਹੋਏ ਹਨ ਦੂਸਰੇ ਪਾਸੇ ਹੈਂਕੜ ਭਰਿਆਂ ਮਲਿਕ ਭਾਗੋ ਹੂੰਦਾ ਹੈ। ਸਾਰਾ ਕੁੱਝ ਬਹੁਤ ਨਾਟਕੀ ਹੋਣ ਦੇ ਇਲਾਵਾ ਤੇਜ਼ ਰੰਗਾ ਵਿੱਚ ਬਣਿਆ ਹੁੰਦਾ ਹੈ। ਏਦਾਂ ਦੇ ਕੰਮ ਦਰਸ਼ਕਾਂ ਉੱਪਰ ਥੋੜ ਚਿਰਾ ਪ੍ਰਭਾਵ ਛੱਡਦੇ ਹਨ।
ਜਸਵੰਤ ਸਿੰਘ ਪੇਟਿੰਗ ਮਨੁੱਖੀ ਸਰੀਰਾਂ ਨਾਲ ਨਹੀਂ ਸਜਾਉਂਦਾ। ਉਹਨਾਂ ਦੀ ਥਾਂ ਸਿਰਫ ਦੋ ਹੱਥ ਹੀ ਹਨ। ਕਾਰਜ ਅਤੇ ਨਤੀਜਾ ਉਹੀ ਹੈ ਜੋ ਪਰੰਪਰਕ ਪੇਂਟਿੰਗ ਦੇਂਦੀ ਹੈ।



ਮਿਹਨਤ ਨਾਲ ਅਰਜਿਤ ਅੰਨ ਦਾਦਿਆਂ ਵਿੱਚੋਂ ਸਾਫ ਦੁੱਧ ਨਿਕਲ ਰਿਹਾ ਹੈ ਅਤੇ ਲੁੱਟ-ਖਸੁੱਟ ਦੇ ਪੁੰਨ-ਦਾਨ ਵਿੱਚ ਅਪਵਿੱਤਰਤਾ (ਲਹੂ) ਦਾ ਰਲਾ ਹੈ। ਦੁੱਧ ਦਾ ਸਫੈਦ ਰੰਗ ਪਵਿੱਤਰਤਾ, ਨਿਮਰਤਾ, ਨਿਰਮਲਤਾ ਦਾ ਪ੍ਰਤੀਕ ਹੈ। ਲਹੂ ਦਾ ਲਾਲ ਰੰਗ ਹਿੰਸਾ, ਵੈਰ- ਵਿਰੋਧ, ਨਾਸ ਕਰਨ ਦਾ ਲਖਾਇਕ ਹੈ। ਇਸ ਬਿਰਤਾਂਤ ਦਾ ਸੰਬੰਧ ਗੁਰੂ ਜੀ ਦੀ ਪ੍ਰੋੜ ਅਵਸਥਾ ਨਾਲ ਹੈ। ਗੁਰੂ ਜੀ ਵੱਖੋ ਵੱਖਰੇ ਤਰਾਂ ਦੇ ਲੋਕਾਂ ਨੂੰ ਮਿਲਦੇ ਹੀ ਨਹੀਂ ਬਲਕਿ ਉਹਨਾਂ ਦੇ ਕੰਮ, ਵਰਤੋਂ ਵਿਹਾਰ ਨੂੰ ਅੰਦਰੋਂ-ਬਾਹਰੋਂ ਪਰਖ ਕੇ ਜਨ ਸਮੂਹ ਅੱਗੇ ਨਸ਼ਰ ਕਰ ਦੇਂਦੇ ਹਨ। ਕੋਧਰੇ ਦੀ ਰੋਟੀ ਅਤੇ ਪੂਰੀਆਂ ਉੱਪਰ ਪੈ ਰਹੀ ਦਾਬ ਦੇਖਣਯੋਗ ਹੈ। ਪਹਿਲੀ ਥਾਂਏ ਇਹ ਹਲਕੀ ਹੈ ਜਦ ਕਿ ਦੂਜੀ ਥਾਂ ਚਾਰ ਉਂਗਲਾਂ ਦੀ ਦਾਬ ਤਕੜੀ, ਅੰਦਰ ਵਲ ਹੈ। ਦੋਹਾਂ ਤਰ੍ਹਾਂ ਦੇ ਭੋਜਨ ਦੀ ਰੰਗਤ ਵਿੱਚ ਫ਼ਰਕ ਹੈ। ਜਸਵੰਤ ਸਿੰਘ ਵਸਤੂ ਨੂੰ ਕਮਾਉਣ ਅਤੇ ਅਰਜਿਤ ਕਰਨ ਦੇ ਤਰੀਕੇ ਦੀ ਦਰਜਾਬੰਦੀ ਕਰਦਾ ਹੈ। ਲੁੱਟ-ਖੋਹ ਦੇ ਕਾਰਜਾਂ ਨੂੰ ਨੀਵਾਂ ਮੰਨਿਆ ਜਾਂਦਾ ਹੈ। ਇਸੇ ਕਰਕੇ ਇਹ ਕੈਨਵਸ ਦੇ ਥੱਲੜੇ ਹਿੱਸੇ  ਉੱਪਰ ਬਣਿਆ ਹੈ। ਜਦ ਕਿ ਮਿਹਨਤ-ਹੱਕ ਦੀ ਕਮਾਈ ਨੂੰ ਉੱਪਰ ਰੱਖਿਆ ਹੈ।

ਚਿੱਤਰ ਨਾਲ ਜੁੜੀ ਸਾਖੀ ਦੱਸਦੀ ਹੈ ਸਦ ਵਿਚਾਰ, ਸਦ ਆਚਰਣ, ਨੂੰ ਪਰਣਾਏ ਭਾਈ ਲਾਲੋ ਗੁਰੂ ਜੀ ਦੇ ਕਰੀਬੀ ਅਤੇ ਸਤਿਕਾਰਯੋਗ ਸਿੱਖ ਹਨ। ਸੰਭਵ ਹੈ ਕਲਾ ਦ੍ਰਿਸ਼ਟੀ ਤੋਂ ਚਿੱਤਰ ਚੰਗੇਰਾ ਨਾ ਲੱਗੇ ਕਿਉਂਕਿ ਦੇਖਣ ਵਾਲੇ ਨੂੰ ਗੁਰੂ ਜੀ ਦਾ ਮੂੰਹ-ਮੁਹਾਂਦਰਾ ਨਹੀਂ ਮਿਲ ਰਿਹਾ। ਇਸ ਦੇ ਬਾਵਜੂਦ ਚਿੱਤਰ ਗੁਣਵੱਤਾ ਹੈ। ਕਾਰਣ ਇਸ ਦੇ ਸੰਦੇਸ਼ ਵਿੱਚ ਹੈ। ਚਿੱਤਰ ਜਿਸ ਇਕਾਈ ਨੂੰ ਮਹੱਤਵ ਦੇ ਰਿਹਾ ਹੈ ਉਹ ਅੰਨ ਹੈ। ਸਾਰਾ ਘਟਨਾਕ੍ਰਮ ਇਸੇ ਦੁਅਲੇ ਘੁੰਮ ਰਿਹਾ ਹੈ।ਇਹ ਮਨੁੱਖੀ ਜੀਵਨ ਦਾ ਅਹਿਮ ਤੱਤ ਹੈ। ਮਿਹਨਤ ਕਰ ਕੇ ਆਪਣੇ ਜੀਵਨ ਨੂੰ ਤੋਰਨਾ ਸਿੱਖੀ ਸਿਧਾਂਤ ਦਾ ਮੁੱਖ ਅੰਗ ਹੈ। ਜੋ ਥੋੜਾ ਹੋਰ ਵਿਚਾਰੀਏ ਤਾਂ ਇਹ ਰੀਤ ਮਨੁੱਖ ਨੂੰ ਮਨੁੱਖ ਦੇ ਕਰੀਬ ਲੈ ਆਉਣ ਵਾਲੀ ਹੈ।

ਚਲਦਾ...

ਦੇਖੋ ਸਬੰਧਿਤ ਲੇਖ : ਚਿੱਤਰਕਾਰੀ ਵਿੱਚ ਗੁਰੁ ਨਾਨਕ ਵਿਰਾਸਤ


      ਜਗਤਾਰਜੀਤ ਸਿੰਘ

jasbir singh

This news is Edited By jasbir singh