ਭਰਾ-ਭੈਣ ਦੇ ਪਵਿੱਤਰ ਪਿਆਰ ਦਾ ਪ੍ਰਤੀਕ 'ਭਾਈ ਦੂਜ' ਦਾ ਤਿਉਹਾਰ, ਜਾਣੋ ਕੀ ਹੈ ਪੁਰਾਤਨ ਕਥਾ

11/06/2021 9:42:43 AM

ਜਲੰਧਰ (ਬਿਊਰੋ) - 6 ਨਵੰਬਰ ਯਾਨੀ ਕਿ ਕੱਲ੍ਹ ਸ਼ਨੀਵਾਰ ਨੂੰ 'ਭਾਈ ਦੂਜ' ਦਾ ਤਿਉਹਾਰ ਦੁਨੀਆ ਭਰ ਮਨਾਇਆ ਜਾ ਰਿਹਾ ਹੈ। ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ। ਭੈਣ ਆਪਣੇ ਭਰਾ ਦੇ ਲੰਬੀ ਉਮਰ ਲਈ ਯਮ ਦੀ ਪੂਜਾ ਕਰਦੀ ਹੈ ਅਤੇ ਵਰਤ ਰੱਖਦੀ ਹੈ। 
ਰੱਖੜੀ ਦੀ ਤਰ੍ਹਾਂ ਇਸ ਦਿਨ ਵੀ ਭਰਾ ਆਪਣੀ ਭੈਣ ਨੂੰ ਕਈ ਤੋਹਫੇ ਦਿੰਦੇ ਹਨ। ਮਾਨਤਾ ਹੈ ਕਿ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਭੈਣਾਂ ਉਨ੍ਹਾਂ ਦੇ ਘਰ ਜਾਂਦੀਆਂ ਹਨ ਪਰ ਭਾਈ ਦੂਜ 'ਤੇ ਭਰਾ ਆਪਣੇ ਭੈਣ ਦੇ ਘਰ ਜਾਂਦੇ ਹਨ। ਜਿਹੜਾ ਭਰਾ ਆਪਣੀ ਭੈਣ ਤੋਂ ਪਿਆਰ ਅਤੇ ਪ੍ਰਸੰਨਤਾ ਨਾਲ ਮਿਲਦਾ ਹੈ, ਉਨ੍ਹਾਂ ਦੇ ਘਰ ਖਾਣਾ ਖਾਂਦਾ ਹੈ, ਉਸ ਨੂੰ ਯਮ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਪੂਜਾ ਵਾਲੀ ਥਾਲੀ 'ਚ ਰੱਖੋ ਇਹ ਚੀਜ਼ਾਂ 
ਭਾਈ ਦੂਜ ਦੀ ਥਾਲੀ 'ਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਜੀ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ 'ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰੀਅਲ ਅਤੇ ਮਠਿਆਈ ਵੀ ਰੱਖੋ।

ਕਿਵੇਂ ਮਨਾਉਣ ਭੈਣਾਂ ਭਾਈ ਦੂਜ
ਇਸ ਦਿਨ ਭੈਣਾਂ ਪਵਿੱਤਰ ਜਲ 'ਚ ਇਸ਼ਨਾਨ ਕਰਨ ਤੋਂ ਬਾਅਦ ਮਰਕੰਡੇਏ, ਬਲੀ, ਹਨੂਮਾਨ, ਵਭੀਸ਼ਨ, ਕ੍ਰਿਪਾਚਾਰੀਆ ਅਤੇ ਪ੍ਰਸ਼ੂਰਾਮ ਜੀ ਆਦਿ ਅੱਠ ਚਿਰੰਜੀਵੀਆਂ ਦਾ ਵਿਧੀ ਅਨੁਸਾਰ ਪੂਜਾ ਕਰਨ ਤੋਂ ਬਾਅਦ 'ਚ ਭਰਾ ਦੇ ਮੱਥੇ 'ਤੇ ਟਿੱਕਾ ਲਗਾਉਂਦੀਆਂ ਹਨ ਅਤੇ ਸੂਰਜ, ਚੰਦਰਮਾ, ਪ੍ਰਿਥਵੀ ਅਤੇ ਸਾਰੇ ਦੇਵਤਾਵਾਂ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਪ੍ਰਾਥਨਾ ਕਰਦੀਆਂ ਹਨ।

ਭਾਈ ਦੂਜ ਦੀ ਕਥਾ
ਕਥਾ ਅਨੁਸਾਰ, ਧਰਮਰਾਜ ਯਮ ਤੇ ਯਮੁਨਾ ਭਗਵਾਨ ਸੂਰਜ ਤੇ ਉਨ੍ਹਾਂ ਦੀ ਪਤਨੀ ਸੰਧਿਆ ਦੇ ਬੱਚੇ ਸਨ ਪਰ ਸੰਧਿਆ ਦੇਵੀ, ਭਗਵਾਨ ਸੂਰਜ ਦਾ ਤੇਜ ਬਰਦਾਸ਼ਤ ਨਾ ਕਰ ਸਕੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ। ਇਸਦੀ ਥਾਂ ਉਸ ਦੀ ਪ੍ਰਤੀਕ੍ਰਿਤੀ ਛਾਇਆ ਨੂੰ ਭਗਵਾਨ ਸੂਰਜ ਨਾਲ ਛੱਡ ਗਈ ਸੀ। ਛਾਇਆ ਦੇ ਬੱਚਾ ਨਾ ਹੋਣ ਕਾਰਨ ਯਮਰਾਜ ਅਤੇ ਯਮੁਨਾ ਆਪਣੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ ਪਰ ਦੋਵੇਂ ਭੈਣ-ਭਰਾ ਆਪਸ 'ਚ ਬਹੁਤ ਪਿਆਰ ਕਰਦੇ ਸਨ। ਵਿਆਹ ਤੋਂ ਬਾਅਦ ਧਰਮਰਾਜ ਯਮ ਆਪਣੀ ਭੈਣ ਦੇ ਕਹਿਣ 'ਤੇ ਯਮ ਦ੍ਵਿਤੀਏ ਵਾਲੇ ਦਿਨ ਉਨ੍ਹਾਂ ਦੇ ਘਰ ਪਹੁੰਚਿਆ। ਜਿੱਥੇ ਯਮੁਨਾ ਜੀ ਨੇ ਆਪਣੇ ਭਰਾ ਦਾ ਸਨਮਾਨ ਕੀਤਾ ਤੇ ਤਿਲਕ ਲਗਾ ਕੇ ਪੂਜਾ ਕੀਤੀ। ਉਦੋਂ ਤੋਂ ਇਸ ਦਿਨ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਯਮ ਨੇ ਯਮੁਨਾ ਨੂੰ ਦਿੱਤਾ ਇਹ ਵਰਦਾਨ 
ਇਸ ਪੁਰਾਣੀ ਕਥਾ ਅਨੁਸਾਰ ਭਗਵਾਨ ਸੂਰਜ ਦੀ ਪੁੱਤਰੀ ਯਮਨਾ ਕਾਫ਼ੀ ਸਮੇਂ ਤੱਕ ਆਪਣੇ ਭਰਾ ਯਮ ਨੂੰ ਨਾ ਮਿਲ ਸਕੀ ਕਿਉਂਕਿ ਯਮ ਨੂੰ ਆਪਣੇ ਕੰਮਾਂ ਤੋਂ ਵਿਹਲ ਨਹੀਂ ਸੀ। ਜਦੋਂ ਯਮੀ ਦਾ ਮਨ ਬਹੁਤ ਉਦਾਸ ਹੋਇਆ ਤਾਂ ਉਸ ਨੇ ਜ਼ਰੂਰੀ ਸੁਨੇਹਾ ਭੇਜ ਕੇ ਜਲਦੀ ਮਿਲਣ ਲਈ ਕਿਹਾ। ਭੈਣ ਵੱਲੋਂ ਜਲਦੀ ਮਿਲਣ ਦੇ ਬੁਲਾਵੇ 'ਤੇ ਭਰਾ ਬਹੁਤ ਜਲਦੀ ਭੈਣ ਨੂੰ ਮਿਲਣ ਲਈ ਆਇਆ। ਉਸ ਦਿਨ ਭਾਈ ਦੂਜ ਵਾਲਾ ਦਿਨ ਸੀ। ਭੈਣ ਨੇ ਆਪਣੇ ਭਰਾ ਦਾ ਸਵਾਗਤ ਕੀਤਾ ਤੇ ਭਰਾ ਨੇ ਭੈਣ ਨੂੰ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ ਤੇ ਭੈਣ ਨੇ ਭਰਾ ਨੂੰ ਘੱਟੋ-ਘੱਟ ਸਾਲ 'ਚ ਇਕ ਵਾਰ ਇਸ ਦਿਨ ਮਿਲਣ ਦਾ ਵਰ ਮੰਗਿਆ। ਭਗਵਾਨ ਯਮ ਨੇ ਇਹ ਗੱਲ ਬੜੀ ਖੁਸ਼ੀ ਨਾਲ ਸਵੀਕਾਰ ਕੀਤੀ ਤੇ ਕਿਹਾ ਲੋਕ ਤਾਂ ਮੇਰਾ ਨਾਂ ਲੈਣ ਤੋਂ ਡਰਦੇ ਹਨ ਪਰ ਤੁਸੀਂ ਮੈਨੂੰ ਖੁਸ਼ੀ ਨਾਲ ਮਿਲਣ ਲਈ ਕਹਿ ਰਹੇ ਹੋ, ਫਿਰ ਕਿਉਂ ਨਾ ਆਵਾਂਗਾ। ਸੋ ਅੱਜ ਦੇ ਦਿਨ ਕੋਈ ਵੀ ਭੈਣ ਆਪਣੇ ਪਾਪੀ ਤੋਂ ਪਾਪੀ ਭਰਾ ਤੇ ਟਿੱਕਾ ਲਾਵੇਗੀ ਤਾਂ ਉਸ ਦੇ ਪਾਪ ਦੂਰ ਹੋ ਜਾਣਗੇ। ਉਸ ਦਿਨ ਤੋਂ ਹੀ ਇਹ ਭਾਈ-ਦੂਜ ਦਾ ਤਿਉਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
 

sunita

This news is Content Editor sunita