ਸਰਸਵਤੀ ਦੀ ਪੂਜਾ ਦਾ ਤਿਉਹਾਰ ਹੈ ''ਬਸੰਤ ਪੰਚਮੀ''

01/26/2023 9:31:08 AM

ਮਾਘ ਮਹੀਨੇ ਦਾ ਸਾਡੇ ਅਧਿਆਤਮਿਕ ਸ਼ਾਸਤਰਾਂ ’ਚ ਵਿਸ਼ੇਸ਼ ਤੌਰ ’ਤੇ ਮਹੱਤਵ ਹੈ। ਇਸੇ ਮਹੀਨੇ ਨੂੰ ਬਸੰਤ ਪੰਚਮੀ ਅਤੇ ਸਰਸਵਤੀ ਦੀ ਪੂਜਾ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦੇ ਤਿਉਹਾਰ ਨਾਲ ਹੀ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ।  ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਗਿਆ ਹੈ। ਸਾਰੀ ਧਰਤੀ ਵਨਸਪਤੀ ਨਾਲ  ਲਹਿਰਾਉਂਦੀ ਜਾਪਦੀ ਹੈ। ਇਸ ਮੌਸਮ ’ਚ ਕੁਦਰਤ ਦੀ ਸੁੰਦਰਤਾ ਆਪਣੇ ਸਿਖ਼ਰ ’ਤੇ ਹੁੰਦੀ ਹੈ। 

ਸਾਡੇ  ਧਾਰਮਿਕ ਗ੍ਰੰਥਾਂ ’ਚ ਵੀ ਬਸੰਤ ਪੰਚਮੀ ਨੂੰ ਸਾਰੇ ਧਾਰਮਿਕ ਅਤੇ ਅਧਿਆਤਮਕ ਕੰਮਾਂ ਲਈ ਸ਼ੁੱਭ ਮਹੂਰਤ ਮੰਨਿਆ ਗਿਆ ਹੈ। ਮਾਘ  ਮਹੀਨੇ ਦੀ ਪੰਚਮੀ ਗਿਆਨ ਅਤੇ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਨੂੰ ਸਮਰਪਿਤ ਉਤਸਵ ਹੈ। ਸਰਸਵਤੀ ਸਾਡੀ ਪਰਮ ਚੇਤਨਾ ਹੈ। ਸਰਸਵਤੀ ਸਾਡੇ ਆਚਰਣ ਅਤੇ ਯੋਗਤਾ ਦਾ ਆਧਾਰ ਹੈ। ਸਰਸਵਤੀ ਦੀ ਮੂਰਤੀ ਅਤੇ ਕੱਪੜੇ-ਗਹਿਣੇ ਆਦਿ ’ਚ ਪ੍ਰਤੀਕਆਤਮਕ ਤੌਰ ’ਤੇ ਮਿਸਾਲੀ ਸੰਦੇਸ਼ ਦਿੰਦੀ ਹੈ। ਇਸ ਦਾ ਵਾਹਨ ਹੰਸ ਵਿਵੇਕ ਸ਼ਕਤੀ ਅਤੇ ਸੱਚ ’ਤੇ ਝੂਠ ਦੀ ਪਰਖ ਦਾ ਪ੍ਰਤੀਕ ਹੈ। ਭਾਵ ਮਨੁੱਖ ਨੂੰ ਆਪਣੀ ਮਨੋਵਿਰਤੀ ਹੰਸ ਦੇ ਸਮਾਨ ਵਿਵੇਕਸ਼ੀਲ ਬਣਾਉਣੀ ਚਾਹੀਦੀ ਹੈ। ਬਸੰਤ ਦਾ ਮੌਸਮ ਨੌਜਵਾਨਾਂ ’ਚ ਪ੍ਰੇਮ, ਆਸ, ਉਤਸ਼ਾਹ ਦੀ ਅਗਵਾਈ ਕਰਦਾ ਹੈ।

 ਕਿਸਾਨਾਂ ਦਾ ਮਨ ਲਹਿਰਾਉਂਦੀ ਫ਼ਸਲ ਨੂੰ ਦੇਖ ਕੇ ਪ੍ਰਫੁੱਲਿਤ ਹੋ ਜਾਂਦਾ ਹੈ। ਚਾਰੇ ਪਾਸੇ ਸਰ੍ਹੋਂ ਦੇ ਪੀਲੇ ਫੁੱਲ ਧਰਤੀ ਦੀ ਸੁੰਦਰਤਾ ਨੂੰ ਮਨਮੋਹਕ ਬਣਾ ਦਿੰਦੇ  ਹਨ। ਬਸੰਤ ਪੰਚਮੀ ਦੇ ਮੌਕੇ ’ਤੇ ਪੀਲੇ ਰੰਗ ਦੇ ਪਹਿਰਾਵੇ ਅਤੇ ਪੀਲੇ ਰੰਗ ਦੇ ਪਕਵਾਨਾਂ ਦਾ ਵਿਸ਼ੇਸ਼ ਮਹੱਤਵ ਹੈ। ਪੀਲਾ ਰੰਗ ਸ਼ੁੱਭ ਮੰਨਿਆ ਗਿਆ ਹੈ। ਇਹ ਉਤਸ਼ਾਹ ਅਤੇ ਅਨੰਦ ਦਾ ਪ੍ਰਗਟਾਵਾ ਕਰਦਾ ਹੈ। ਭਿਆਨਕ ਸੀਤ ਰੁੱਤ ਨਾਲ ਜਦੋਂ ਸੰਪੂਰਨ ਪ੍ਰਾਣੀਆਂ ਦੀ ਜ਼ਿੰਦਗੀ ’ਚ ਠਹਿਰਾਅ, ਸਥਿਰਤਾ ਆ ਜਾਂਦੀ ਹੈ, ਉਦੋਂ ਇਹ ਬਸੰਤ ਸੰਪੂਰਨ ਕੁਦਰਤ ਦੇ ਵਾਤਾਵਰਣ ’ਚ ਨਵੀਂ ਜਾਗ੍ਰਿਤੀ  ਪੈਦਾ ਕਰਦੀ ਹੈ। ਠੀਕ ਇਸੇ ਤਰ੍ਹਾਂ ਸਰਸਵਤੀ ਦੀ ਪੂਜਾ ਮਨੁੱਖ ਦੀ ਜ਼ਿੰਦਗੀ ’ਚ ਆਈ ਹੋਈ ਮਾਨਸਿਕ ਅਤੇ ਆਤਮਿਕ ਜੜ੍ਹਤਾ ਅਤੇ ਸਥਿਰਤਾ ਨੂੰ ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਭਰਪੂਰ ਕਰਦੀ ਹੈ। ਬਸੰਤ ਪੰਚਮੀ ਦਾ ਇਹ ਤਿਉਹਾਰ ਸਾਨੂੰ ਕੁਦਰਤ ਦੀ ਸੁੰਦਰਤਾ ਦੇ ਨਾਲ ਚਲਦੇ ਹੋਏ ਗਿਆਨ, ਨਿਮਰਤਾ, ਤਿਆਗ, ਤਪੱਸਿਆ, ਸੰਜਮ, ਸੋਚ ਅਤੇ ਪਿਆਰ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਬਸੰਤ ਪੰਚਮੀ ’ਤੇ ਭਾਰਤੀ ਆਜ਼ਾਦੀ ਦੀ ਲੜਾਈ ਦੀ ਅਲਖ ਜਗਾਉਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਗਊ ਹੱਤਿਆ ਤੇ ਅੰਗਰੇਜ਼ਾਂ ਦੇ ਸ਼ਾਸਨ ਵਿਰੁੱਧ ਆਵਾਜ਼ ਉਠਾਈ ਸੀ।

ਅਮਰ ਸ਼ਹੀਦ ਵੀਰ ਬਲੀਦਾਨੀ ਬਾਲ ਹਕੀਕਤ ਰਾਏ ਦਾ ਇਤਿਹਾਸ ਵੀ ਬਸੰਤ ਪੰਚਮੀ ਨਾਲ ਜੁੜਿਆ ਹੈ। ਬਸੰਤ ਪੰਚਮੀ ਦੇ ਦਿਨ ਹੀ ਇਕ ਛੋਟੇ ਜਿਹੇ ਬਾਲ ਵੀਰ ਹਕੀਕਤ ਰਾਏ ਦੁਆਰਾ ਇਸਲਾਮ ਨਾ ਸਵੀਕਾਰ ਕਰਨ ਦੇ ਕਾਰਨ, ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਧਰਮ ਦੀ ਰੱਖਿਆ ਲਈ ਆਪਣੀ ਜਾਨ ਵਾਰ ਦੇਣ ਵਾਲੇ ਹਕੀਕਤ ਰਾਏ ਅਮਰ ਹੋ ਗਏ ਸਨ।   
              —ਆਚਾਰੀਆ ਦੀਪਚੰਦ ਭਾਰਦਵਾਜ/ ਕ੍ਰਿਸ਼ਨ ਲਾਲ ਛਾਬੜਾ

Harnek Seechewal

This news is Content Editor Harnek Seechewal