ਬਾਬਾ ਮੱਕੇ, ਮੁਜਾਵਰ ਤੇ ਮਰਦਾਨਾ

07/13/2019 9:35:23 AM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ-11

ਗੁਰੂ ਨਾਨਕ ਦੇਵ ਜੀ ਆਪਣੇ ਸਹਿਯਾਤਰੀ ਭਾਈ ਮਰਦਾਨੇ ਸੰਗ ਆਪਣੀ ਚੌਥੀ ਉਦਾਸੀ ਦੌਰਾਨ (1516-1521), ਜੋ ਪੱਛਮ ਦੇ ਮੁਸਲਿਮ ਦੇਸ਼ਾਂ ਵੱਲ ਸੀ, ਮੱਕਾ ਪਹੁੰਚਦੇ ਹਨ ਹਾਜੀਆਂ ਜਿਹੇ ਨੀਲੇ ਵਸਤਰ ਧਾਰਨ ਕੀਤੇ ਹੋਏ ਸਨ। ਉਸ ਵੇਲੇ ਉਹਨਾਂ ਕੋਲੋ ਇਕ ਗ੍ਰੰਥ, ਦਰੀ ਅਤੇ ਇੱਕ ਮੋਟਾ ਡੰਡਾ ਸੀ।

ਇਥੇ ਇੱਕ ਲੱਛਣ ਵੱਲ ਧਿਆਨ ਜਾਂਦਾ ਹੈ ਕਿ ਇਸ ਸਾਖੀ ਸਮੂਹ ਦੀ ਕਿਸੇ ਵੀ ਸਾਖੀ ਵਿੱਚ ਭਾਈ ਬਾਲਾ ਦਾ, ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ। ਬੀ-੪੦ ਜਨਮਸਾਖੀ ਦੇ ਚਿਤੇਰੇ ਨੇ ਵੀ ਸਾਖੀ ਅਨੁਰੂਪ ਰੂਪ ਰਚਨਾ ਕੀਤੀ ਹੈ ਭਾਵ ਕਿਸੇ ਵੀ ਫਰੇਮ ਵਿੱਚ ਭਾਈ ਬਾਲਾ ਹਾਜ਼ਰ ਨਹੀਂ।
ਇਸ ਦੇ ਮੁਕਾਬਲੇ ਅਨੇਕ ਲਘੂ-ਚਿੱਤਰ ਅਤੇ ਕੰਧ ਚਿੱਤਰ ਦਿੱਖ ਆਉਂਦੇ ਹਨ ਜਿੱਥੇ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਅਤੇ ਭਾਈ ਬਾਲਾ ਇੱਕੱਠੇ ਹੁੰਦੇ ਹਨ, ਸਥਿਤੀ-ਪਰਸਥਿਤੀ ਭਾਂਵੇ ਕੋਈ ਵੀ ਹੋਵੇ।

ਭਾਈ ਬਾਲਾ ਦਾ ਕਿਸੇ ਕਿਰਤ ਵਿੱਚ ਹੋਣਾ ਜਾਂ ਨਾ ਹੋਣਾ ਇਤਿਹਾਸ ਨਾਲ ਜਾ ਜੁੜਦਾ ਹੈ। ਇਥੇ ਸੰਕੇਤ ਮਾਤਰ ਗੱਲ ਕਹੀ ਗਈ ਹੈ। ਕਿਸੇ ਸਾਖੀਕਾਰ/ਚਿੱਤਰਕਾਰ ਵਾਸਤੇ ਭਾਈ ਬਾਲਾ ਦੀ ਮੌਜੂਦਗੀ ਲਾਜ਼ਮੀ ਹੈ, ਕਿਸੇ ਹੋਰ ਲਈ ਨਹੀਂ।

ਬੀ-੪੦ ਜਨਮਸਾਖੀ ਦੀ ਬਾਰ੍ਹਵੀਂ ਜਨਮਸਾਖੀ ਦੀ ਤਸਵੀਰ ਦੋ ਹਿੱਸਿਆਾਂ ਵਿੱਚ ਵੰਡੀ ਹੋਈ ਹੈ। ਦੋਹਾਂ ਹਿੱਸਿਆਂ ਦਾ ਆਪੋ-ਆਪਣਾ ਵਾਤਾਵਰਣ ਹੈ।

ਇਹ ਕਿਸੇ ਨਾ ਕਿਸੇ ਪੱਧਰ ਉੱਪਰ ਸੰਸਾਰ ਅਤੇ ਪਰਾਸੰਸਾਰ ਦੀ ਵੰਡ ਵੀ ਹੈ। ਹੇਠਲੇ ਪਾਸੇ ਧਰਤੀ ਹੈ ਜਦ ਕਿ ਉੱਪਰਲੇ ਪਾਸੇ ਧਰਤ ਨਹੀਂ ਹੈ। ਇਮਾਰਤ ਹੈ, ਅਸਮਾਨ ਹੈ। ਸਹਿਜ-ਸੁਭਾਅ ਕੀਤੀ ਗਈ ਵੰਡ ਗੰਭੀਰ ਵਿਸਥਾਰ ਲੈ ਰਹੀ ਲਗਦੀ ਹੈ।

ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਭਾਈ ਮਰਦਾਨਾ ਸੰਗ ਜਦ ਮੱਕਾ ਪਹੁੰਚਦੇ ਹਨ ਤਾਂ ਉਹਨਾਂ ਨੂੰ ਗਿਆਤ ਹੈ ਕਿ ਇਸ ਥਾਂ ਉੱਪਰ ਗੈਰ ਮੁਸਲਿਮ ਦਾ ਪਹੁੰਚਣਾ ਨਾਮੁਮਕਿਨ ਹੈ। ਨੰਬਰ ਚਿੱਤਰ ਦਸਦਾ ਹੈ ਕਿ ਮੱਕੇ ਵੱਲ ਜਾ ਰਹੇ ਲੋਕਾਂ ਤੋਂ ਜਦ ਗੁਰੂ ਨਾਨਕ ਦੇਵ ਜੀ ਮੱਕੇ ਜਾਣ ਦਾ ਰਾਹ ਪੁੱਛਦੇ ਹਨ ਤਾਂ ਉਹ ਗੁਰੂ ਜੀ ਅਤੇ ਭਾਈ ਮਰਦਾਨਾ ਦਾ ਲਿਬਾਸ ਦੇਖ ਇਹੋ ਜਾਨਣਾ ਚਾਹੁੰਦੇ ਹਨ ਤੁਸੀ ਕੌਣ ਓ? ਇਹਨਾਂ ਵਲੋਂ ਖੁਦ ਨੂੰ ਹਿੰਦੂ ਕਿਹਾ ਜਾਂਦਾ ਹੈ ਤਾਂ ਉਹ ਦੱਸਦੇ ਹਨ ਕਿ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਨੂੰ ਮੱਕੇ ਅੰਦਰ ਦਾਖਲ ਹੋਣ ਦੀ ਮਨਾਹੀ ਹੈ।

ਚਿੱਤਰ ਅਨੁਸਾਰ ਗੁਰੂ ਜੀ ਸਿੱਧੇ ਲੰਮੇ ਪਏ ਹੋਏ ਹਨ। ਉਹਨਾਂ ਦੇ ਪਿੱਛੇ ਇਮਾਰਤ ਹੈ। ਇਮਾਰਤ ਆਮ ਨਹੀਂ ਬਲਕਿ ਮਹਿਰਾਬਦਾਰ ਹੈ ਜਿਸ ਦੇ ਸਿਖਰੀ ਛੋਟੇ ਵੱਡੇ ਕਈ ਗੁਬੰਦ ਹਨ। ਇਹ ਮੁਸਲਮਾਨਾਂ ਦੀ ਇਬਾਦਤ ਵਾਲੀ ਥਾਂ ਹੈ। ਇਹ ਉਸਦਾ ਬਾਹਰਲਾ ਰੂਪ ਹੈ। ਉਵੇਂ ਮਹਿਰਾਬ ਦੇ ਅੰਦਰਵਾਰ ਕੰਧ ਵਿੱਚ ਬਣੇ ਆਲਿਆਂ ਦੀ ਡਾਟ ਹੁੰਦੀ ਜੋ ਉੱਪਰ ਵੱਲ ਵੱਧਦੀ ਹੋਈ ਨੋਕੀਲੀ ਹੋ ਜਾਂਦੀ ਹੈ। ਇਸ ਮੇਲ ਨੁੰ ਰੱਬ ਅਤੇ ਮੁਹੰਮਦ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਇਸੇ ਲਈ ਇਹ ਪਵਿੱਤਰ ਹੈ। ਨਮਾਜੀ ਇਸਦੇ ਸਾਹਮਣੇ ਖੜ੍ਹੇ ਹੋ ਕੇ ਨਮਾਜ ਪੜ੍ਹਦੇ ਹਨ।
ਗੁਰੂ ਨਾਨਕ ਦੇਵ ਜੀ ਇਮਾਰਤ ਦੇ ਅੰਦਰ ਨਹੀਂ ਬਲਕਿ ਉਸਦੇ ਬਾਹਰ ਲੰਮੇ ਪੈ ਜਾਂਦੇ ਹਨ। ਚਿੱਤਰ ਵਿੱਚ ਗੁਰੂ ਜੀ ਇਮਾਰਤ ਅੱਗੇ ਪਏ ਹੋਏ ਹਨ। ਇਸਦੇ ਮੁਤਾਬਕ ਤਾਂ ਉਹਨਾਂ ਦੇ ਪੈਰ ਇਮਾਰਤ ਵੱਲ ਨਹੀਂ ਬਲਕਿ ਉਸਦੇ ਸਮਾਂਤਰ ਹਨ।

ਉਹਨਾਂ ਦਾ ਸਿਰ ਕਢਾਈਦਾਰ ਸਿਰਹਾਣੇ ਉੱਪਰ ਟਿਕਿਆ ਹੋਇਆ ਹੈ ਅਤੇ ਪੂਰਾ ਸਰੀਰ ਉਸੇ ਉਚਾਈ ਉੱਪਰ ਸਿੱਧਾ ਹੈ। ਆਮ ਤੌਰ 'ਤੇ ਇੰਝ ਨਹੀਂ ਹੁੰਦਾ। ਜੇ ਵਿਅਕਤੀ ਦਾ ਸਿਰ ਸਿਰਹਾਣੇ 'ਤੇ ਹੋਣ ਕਰ ਕੇ ਉੱਚਾ ਹੈ ਤਾਂ ਬਾਕੀ ਦਾ ਸਰੀਰ ਉਸ ਧਰਾਤਲ ਨੂੰ ਛੋਹੇਗਾ ਜਿਸ ਉੱਪਰ ਉਹ ਲੇਟਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਇਹ ਹਾਲਾਤ ਵੱਖਰੀ ਹੈ। ਆਲਮ ਚੰਦ ਰਾਜ ਦ੍ਰਿਸ਼ਾਂਕਨ ਤੋਂ ਕੋਈ ਅਣਚਿਤਵਿਆ ਅਰਥ ਕਸੀਦਣ ਦੇ ਰਾਹੇ ਪਿਆ ਹੋਵੇਗਾ।

ਗੁਰੂ ਜੀ ਦੀਆਂ ਅੱਖਾਂ ਬੰਦ ਹਨ ਕਿਉਂਕਿ ਉਹ ਸੌਂ ਰਹੇ ਹਨ। ਸੁਪਤ ਅਵਸਥਾ ਵਿੱਚ ਹੋਣ ਕਾਰਣ, ਉਹਨਾਂ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖਬਰ ਨਹੀਂ। ਫਰੇਮ ਵਿੱਚ ਤਿੰਨ ਸਖ਼ਸੀਅਤਾਂ ਵਿੱਚੋਂ ਉੱਥੇ ਰਹਿਣ ਵਾਲਾ ਇਕ ਮੁਜਾਵਰ ਹੈ, ਜਿਸ ਨੂੰ ਦੇਖਣ ਉਪਰੰਤ ਲਗਦਾ ਹੈ ਕਿ ਕੁਛ ਗਲਤ ਹੋ ਰਿਹਾ ਹੈ। ਇਸੇ ਕਰ ਕੇ ਉਸ ਹਰਕਤ ਵਿੱਚ ਹੈ ਬਲਕਿ ਸਿਰਫ ਉਹੀ ਹਰਕਤ ਵਿਚ ਹੈ, ਕੋਈ ਹੋਰ ਨਹੀਂ। ਇਸ ਵਿਅਕਤੀ ਨੇ ਕਾਲਾ ਲਿਬਾਸ ਧਾਰਨ ਕੀਤਾ ਹੋਇਆ ਹੈ ਸਿਰ ਰੱਖੀ ਟੋਪੀ ਨਾਲ ਬੱਝੀ ਸਾਫੇ ਵਰਗੀ ਸ਼ੈਅ ਪਿੱਛੇ ਵਲ ਨੂੰ ਲਮਕੀ ਹੋਈ ਹੈ। ਇਸਦੇ ਤੇੜ ਲਾਲ ਧਾਰੀਦਾਰ ਪਜਾਮਾ ਅਤੇ ਪੈਰੀ ਜੁੱਤੀ ਹੈ।

ਇਸ ਵਿਅਕਤੀ ਦਾ ਉੱਪਰ ਵਲ ਨੂੰ ਚੁੱਕਿਆ ਖੱਬਾ ਹੱਥ ਜਿਵੇਂ ਕਹੀ ਗੱਲ ਨਾਲ ਭਾਵ-ਮੇਲ ਕਰ ਰਿਹਾ ਹੈ। ਹੱਥ ਦੇ ਨਾਲ ਉੱਪਰ ਵੱਲ ਨੂੰ ਹੋਇਆ ਸਿਰ, ਲਗਦਾ ਹੈ, ਗੁਰੂ ਜੀ ਨੂੰ ਮੁਖਾਤਿਬ ਹੈ ਜੋ ਸੁੱਤੇ ਹੋਏ ਹਨ। ਲਘੂ-ਚਿੱਤਰ ਵਿੱਚ ਆਇਆ ਮੁੱਲਾ ਇਹਦੇ ਇਲਾਵਾ ਕੋਈ ਹੋਰ ਕਾਰਜ ਨਹੀਂ ਕਰਦਾ ਜਦ ਕਿ ਸਾਖੀ ਇਸ ਤੋਂ ਅੱਗੇ ਵੀ ਤੁਰਦੀ ਹੈ। ਗੁਰੂ ਨਾਨਕ ਦੇਵ ਜੀ ਨੂੰ ਜਗਾਣ ਵਾਲਾ ਸ਼ਖ਼ਸ ਉਹਨਾਂ ਨੂੰ ਮੱਕੇ ਵੱਲ ਪੈਰ ਪਸਾਰ ਕੇ ਸੌਣ ਤੋਂ ਮਨ੍ਹਾਂ ਕਰਦਾ ਹੈ ਕਿਉਂਕਿ ਉਹ ਪਵਿੱਤਰ ਜਗ੍ਹਾ ਹੈ। ਗੁਰੂ ਜੀ ਖੁਦ ਉਸ ਨੂੰ ਕਹਿੰਦੇ ਹਨ ਕਿ ਉਹਨਾਂ ਦੇ ਪੈਰ ਉਸ ਦਿਸ਼ਾ ਵੱਲ ਕਰ ਦੇਵੇ ਜਿਸ ਪਾਸੇ ਰੱਬ ਦਾ ਘਰ ਨਹੀਂ। ਉਸ ਸਥਿਤੀ ਸਮੇਂ ਮੁੱਲ੍ਹਾ ਗੁਰੂ ਜੀ ਨੂੰ ਉਹਨਾਂ ਦੇ ਪੈਰਾਂ ਤੋਂ ਫੜ ਕੇ ਉਹਨਾਂ ਦੀ ਦੇਹੀ ਨੂੰ ਚਾਰੋ ਦਿਸ਼ਾਵਾਂ ਵੱਲ ਘੁਮਾਉਂਦਾ ਹੈ। ਇਸ ਵੇਰਵੇ ਨੂੰ ਭਾਈ ਗੁਰਦਾਸ ਜੀ ਸੁਚੱਜੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ।

ਕੁਝ ਅਜਿਹੇ ਚਿੱਤਰ ਮਿਲਦੇ ਹਨ ਜਿੱਥੇ ਸਥਾਨਕ ਮੁੱਲਾ ਨੇ ਉਹਨਾਂ ਨੂੰ ਪੈਰਾਂ ਤੋਂ ਫੜਿਆ ਹੋਇਆ ਹੈ। ਪਰ ਆਲਮ ਚੰਦ ਰਾਜ ਪੇਸ਼ਕਾਰੀ ਸਮੇਂ ਆਪਣੀ ਸੂਝ-ਬੂਝ ਹੀ ਨਹੀਂ ਪ੍ਰਗਟਾਅ ਰਿਹਾ ਬਲਕਿ ਇੱਕ ਪਵਿੱਤਰ ਵਿੱਥ ਨੂੰ ਕਾਇਮ ਰੱਖ ਰਿਹਾ ਹੈ। ਸੰਭਵ ਹੈ ਜਿਵੇਂ ਦਾ ਵਿਸ਼ਾ ਉਸਨੇ ਚੁਣਿਆ ਹੈ ਉਸਦਾ ਨਿਭਾਅ ਇਸ ਤਰ੍ਹਾਂ ਦੇ ਸ਼ੈਲੀਬੱਧ ਕੰਮ ਵਿੱਚ ਵਿਹਾਰਕ ਨਾ ਹੋਵੇ। ਕਾਰਣ ਕੁਝ ਵੀ ਰਹੇ ਹੋਣ ਇੱਥੇ ਵੱਧ ਸਰੀਰਕ ਹਰਕਤਾਂ ਨੂੰ ਦਿਖਾਉਣ ਤੋਂ ਖੁਦ ਨੂੰ ਰੋਕਿਆ ਗਿਆ ਹੈ। ਅਤਿ ਤਣਾਅ ਵਾਲੇ ਮਾਹੌਲ ਨੂੰ ਸਹਿਜਤਾ ਨਾਲ ਪੇਸ਼ ਕਰਦਿਆਂ ਨਾ ਕੋਈ ਧਿਰ ਉਲਾਰ ਹੋਈ ਹੈ ਅਤੇ ਨਾ ਹੀ ਚਿੱਤਰਕਾਰ ਖੁਦ।

ਮੁੱਲਾ ਦੇ ਕਰੀਬ ਬੈਠੇ ਹੋਏ ਭਾਈ ਮਰਦਾਨਾ ਹਨ, ਪਰ ਉਹ ਉਹਨਾਂ ਦੀ ਬਜਾਏ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਹੈ। ਉਹ ਮੁੱਲਾ ਤੋਂ ਵਿੱਥ ਉੱਪਰ ਹੋਂਦ ਦੇ ਇਲਾਵਾ ਸੁੱਤੇ ਹੋਏ ਵੀ ਹਨ। ਉਹ ਗੁਰੂ ਜੀ ਦੇ ਸਿੱਖ ਨੂੰ ਨਹੀਂ ਕਹਿੰਦਾ ਕਿ ਆਪਣੇ ਗੁਰੂ ਨੂੰ ਜਾ ਉਠਾਏ। ਉਹ ਇਹ ਕੰਮ ਖੁਦ ਕਰਨ ਦੇ ਆਹਰ ਵਿੱਚ ਹੈ ਕਿਉਂਕਿ ਇਹ ਉਸਦੇ ਧਰਮ ਨਾਲ ਸੰਬੰਧਤ ਮਸਲਾ ਹੈ।

ਭਾਈ ਮਰਦਾਨਾ ਦੇ ਸਿਰ ਲਾਲ-ਚਿੱਟੀ ਧਾਰੀਦਾਰ ਮੁਗਲਈ ਟੋਪੀ ਹੈ ਅਤੇ ਗਲ ਲਾਲ ਲੰਬਾ ਚੋਲਾ ਹੈ। ਉਹਨਾਂ ਪਾਸ ਰਬਾਬ ਹੈ, ਪਰ ਉਹਨਾਂ ਦੀਆਂ ਉਂਗਲਾਂ ਤਾਰਾਂ ਨੂੰ ਨਹੀਂ ਛੂਹ ਰਹੀਆਂ। ਉਹਨਾਂ ਦੇ ਸਹਿਯੋਗੀ ਸੁੱਤੇ ਹੋਏ ਹਨ ਸ਼ਾਇਦ ਤਾਹੀਓਂ ਰਬਾਬ ਨਹੀਂ ਛੇੜੀ ਜਾ ਰਹੀ। ਉਹ ਅਪਲਕ ਮੁੱਲਾ ਨੂੰ ਦੇਖ ਰਹੇ ਹਨ। ਇਸ ਵੇਲੇ ਉਹ ਖਾਮੋਸ਼ ਧਿਰ ਹਨ, ਸ਼ਾਇਦ ਨਿਰਪੱਖ ਵੀ।

  ਚਿੱਤਰ ਦੇ ਮੁੱਖ ਪਾਤਰ ਗੁਰੂ ਨਾਨਕ ਦੇਵ ਜੀ ਹਨ ਜਿਹੜੇ ਆਪਣੀ ਸੱਜੀ ਬਾਂਹ ਸਿਰ ਥੱਲੇ ਦੇਕੇ ਸੁੱਤੇ ਹੋਏ ਹਨ। ਫਿਲਹਾਲ ਉਹ ਕੁੱਝ ਨਹੀਂ ਕਰ ਰਹੇ, ਪਰ ਜੋ ਕਰ ਚੁੱਕੇ ਹਨ ਉਸੇ ਕਾਰਣ ਸਥਾਨਕ ਮੁੱਲਾ ਹਰਕਤ ਵਿੱਚ ਹੈ।
ਇੱਥੇ ਇੱਕ ਅੜਊਣੀ ਹੈ। ਗੁਰੂ ਜੀ ਸੁੱਤੇ ਹੋਏ ਹਨ। ਉਹਨਾਂ ਦਾ ਸੰਗੀ ਕਿਉਂ ਜਾਗ ਰਿਹਾ ਹੈ? ਉਹ ਰਬਾਬ ਨੂੰ ਕਲਾਵੇ ਵਿੱਚ ਲਈ ਬੈਠੇ ਹਨ। ਸਮਾਂ ਅਰਾਮ ਦਾ ਹੈ, ਰਾਤ ਦਾ ਹੈ। ਅਜਿਹੇ ਵੇਲੇ ਰਬਾਬ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਸੀ।
ਇਸ ਵਿਸ਼ੇ ਨਾਲ ਸੰਬੰਧਤ ਦੂਜੇ ਚਿਤੇਰਿਆਂ ਦੇ ਕੰਮ ਵਿੱਚੋਂ ਭਾਈ ਮਰਦਾਨਾ ਗਾਇਬ ਹੁੰਦੇ ਹਨ। ਨਾ ਹੋਣ ਵਾਲੇ ਦੀ ਸਥਿਤੀ-ਪਰ ਸਥਿਤੀ ਕਿਵੇਂ ਉਲੀਕੀ ਕੀਤੀ ਜਾ ਸਕਦੀ ਹੈ।

    ਹੁਣ ਭਾਈ ਮਰਦਾਨਾ ਕਿਸ ਵੱਲ ਦੇ ਹਨ। ਇਹ ਪ੍ਰਸ਼ਨ ਤੱਤਕਾਲੀ ਸਮੇਂ ਵੀ ਮਹੱਤਵਪੂਰਨ ਸੀ। ਉਸ ਵੇਲੇ ਵੀ ਕਰਤਾ ਸਾਹਮਣੇ ਰਿਹਾ ਹੋਵੇਗਾ। ਜਦ ਉਸਨੇ ਇਹ ਰੂਪ ਉਲੀਕੇ ਹੋਣਗੇ। ਇਹ ਰੰਗਦਾਰ ਦ੍ਰਿਸ਼ ਅੱਜ ਦੇ ਨਾਨਕ-ਪੰਥੀ, ਸਿੱਖ-ਸਮਾਜ ਦੇ ਸਾਹਮਣੇ ਹੈ, ਆਪਣੇ ਪੂਰੇ ਵੇਗ ਨਾਲ।

 ਚਿੱਤਰ ਸੰਦਰਭ ਮੁਤਾਬਕ ਚਿੱਤਰਕਾਰ ਗੁਰੂ ਜੀ ਦੇ ਮੱਥੇ ਤਿਲਕ ਲਾ ਉਹਨਾਂ ਦਾ ਧਰਮ ਨਿਸ਼ਚਿਤ ਕਰ ਉਹਨਾਂ ਨੂੰ ਵੱਖਰੀ ਪਛਾਣ ਵੀ ਦੇ ਰਿਹਾ ਹੈ। ਹਾਲਤ ਗੰਭੀਰ ਹੈ ਜਿਹੜੀ ਸੋਚਣ ਨੂੰ ਮਜਬੂਰ ਕਰਦੀ ਹੈ। ਇਹ ਭਾਈ ਮਰਦਾਨਾ ਦੀ ਹੋਂਦ ਕਾਰਣ ਹੈ।
ਭਾਈ ਮਰਦਾਨਾ ਮੁਸਲਮਾਨ ਹਨ। ਉਹ ਗੁਰੂ ਜੀ ਦੇ ਨਾਲ ਮੱਕਾ ਪਹੁੰਚਦੇ ਹਨ। ਜਿਸ ਭੁੱਲ ਨੂੰ ਦੇਖ ਮੁੱਲਾ ਹਰਕਤ ਵਿੱਚ ਆਉਂਦਾ ਹੈ, ਕੀ ਭਾਈ ਮਰਦਾਨਾ ਉਸਤੋਂ ਅਭਿੱਜ ਹਨ। ਥਾਂ-ਥਾਂ ਜਾਣ ਵਾਲੇ ਸ਼ਖ਼ਸ ਨੂੰ ਇਸਦਾ ਗਿਆਨ ਹੋਵੇਗਾ। ਐਪਰ ਜਿਸ ਤਰ੍ਹਾਂ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਕਰਦੇ ਆ ਰਹੇ ਸਨ। ਭਾਈ ਮਰਦਾਨਾ ਉਸੇ ਸਾਂਚੇ ਵਿੱਚ ਢਲੇ ਹੋਏ ਪ੍ਰਤੀਤ ਹੁੰਦੇ ਹਨ, ਜਿਸ ਮੁਤਾਬਕ "ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ।'' 

ਇਸ ਪੱਧਰ ਤੋਂ ਦੇਖਿਆਂ ਗਿਆ ਹੁੰਦਾ ਹੈ ਕਿ ਗੁਰੂ ਜੀ ਨੂੰ ਜੋ ਪਛਾਣ ਚਿੰਨ੍ਹ ਦਿੱਤੇ ਗਏ ਹਨ ਉਹ ਬਾਹਰੀ /ਦਿਖਾਵਟੀ ਹਨ।

ਗੁਰੂ ਨਾਨਕ ਦੇਵ ਜੀ ਜਿਸ ਸਥਿਤੀ ਵਿੱਚ ਹਨ। ਅਲੋਕਾਰੀ ਲੱਗਦੀ ਹੈ ਕਿਉਂਕਿ ਜੇ ਸਧਾਰਣ ਵਿਅਕਤੀ ਲੰਮਾ ਪਵੇ ਤਾਂ ਉਸਦੀ ਦੇਹ ਧਰਤੀ ਨੂੰ ਛੋਹੇਗੀ। ਭਿੰਨ ਹੋਣਾ ਗੁਰੂ ਜੀ ਦੀ ਵਿਸ਼ੇਸ਼ਤਾ ਹੈ। ਉਹ ਸੰਸਾਰ ਵਿੱਚ ਵਿਚਰਦੇ ਹੋਏ ਵੀ ਪਰਾ ਸੰਸਾਰੀ ਹਨ ਕਿਉਂਕਿ ਪ੍ਰਮਾਤਮਾ ਦਾ ਹੀ ਅੰਗ ਹਨ। ਉਹ ਜਦੋਂ ਬੋਲਦੇ ਹਨ ਉਸੇ "ਖਸਮ ਕੀ ਬਾਣੀ" ਬੋਲਦੇ ਹਨ। ਵਿਸ਼ੇਸ਼ ਹੋਣ ਸਦਕਾ ਉਹਨਾਂ ਦਾ ਸਰੀਰ ਧਰਤੀ ਦੇ ਉੱਪਰ ਰਹਿੰਦਾ ਹੈ। ਕੁਝ ਹੋਰ ਲਘੂ ਚਿੱਤਰਾਂ ਵਿੱਚ ਵੀ ਇਹ ਲੱਛਣ ਦਿਖ ਆਉਂਦਾ ਹੈ। 

 

ਜਗਤਾਰਜੀਤ ਸਿੰਘ 

98990-91186