ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

05/16/2019 2:27:01 AM

(ਕਿਸ਼ਤ ਦੂਜੀ)
ਮਾਤਾ-ਪਿਤਾ, ਪ੍ਰੋਹਿਤ ਹਰਿਦਿਆਲ ਅਤੇ ਰਾਇ ਬੁਲਾਰ

ਮਿਲਦੇ ਇਤਿਹਾਸਕ ਵੇਰਵਿਆਂ ਮੁਤਾਬਕ ਰਾਇ ਬੁਲਾਰ, ਭੱਟੀ ਗੋਤ ਦਾ ਉਸ ਸਮੇਂ ਦਾ ਇੱਕ ਤਕੜਾ ਮੁਸਲਮਾਨ ਜਾਗੀਰਦਾਰ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਰਾਇ ਬੁਲਾਰ ਤਲਵੰਡੀ ਦੇ ਆਸ-ਪਾਸ ਦੇ ਪਰਗਨਿਆਂ ਦਾ ਮਾਲਕ ਹੋਣ ਤੋਂ ਇਲਾਵਾ ਲੋਧੀ ਵੰਸ਼ ਦਾ ਮਾਲਗੁਜ਼ਾਰ ਵੀ ਸੀ। ਉਹ ਉਸ ਸਮੇਂ ਸਮੇਤ ਤਲਵੰਡੀ, ਆਲੇ-ਦੁਆਲੇ ਦੇ ਤਕਰੀਬਨ ਦਸਾਂ ਪਿੰਡਾਂ ਅਤੇ ਇਨ੍ਹਾਂ ਪਿੰਡਾਂ ਨਾਲ ਲਗਦੀ 1500 ਮੁਰੱਬੇ ਜ਼ਮੀਨ ਦਾ ਮਾਲਕ ਸੀ। ਇੱਕ ਮੁਰੱਬੇ ਵਿੱਚ 25 ਏਕੜ ਜ਼ਮੀਨ ਹੁੰਦੀ ਹੈ। ਇਸ ਹਿਸਾਬ ਨਾਲ ਉਹ 37500 ਕਿੱਲੇ ਜ਼ਮੀਨ ਦਾ ਮਾਲਕ ਸੀ। ਸਾਰੀ ਦੀ ਸਾਰੀ ਜ਼ਮੀਨ ਬਹੁਤ ਉਪਜਾਊ ਸੀ, ਖੇਤੀ ਖੂਹਾਂ ਦੇ ਪਾਣੀ ਨਾਲ ਹੁੰਦੀ ਸੀ। ਰਾਇ ਭੋਇ ਦੀ ਤਲਵੰਡੀ ਦੇ ਆਲੇ-ਦੁਆਲੇ ਬੜੇ ਸੁਹਣੇ ਸੰਘਣੇ ਜੰਗਲ ਸਨ ਅਤੇ ਇਹਨਾਂ ਵਣਾਂ ਅੰਦਰ ਰਮਤੇ ਸਾਧਾਂ-ਸੰਤਾਂ ਅਤੇ ਪੀਰਾਂ-ਫ਼ਕੀਰਾਂ ਦਾ ਤੋਰਾ-ਫੇਰਾ ਅਕਸਰ ਲੱਗਾ ਹੀ ਰਹਿੰਦਾ ਸੀ। ਰਾਇ ਬੁਲਾਰ ਕਿਉਂਕਿ ਪਿਓ ਵਾਂਗ ਹੀ ਫ਼ਕੀਰੀ ਰੁਖ਼ ਵਾਲਾ ਦਰਵੇਸ਼ ਬੰਦਾ ਸੀ, ਇਸ ਕਰਕੇ ਇਸ ਜੰਗਲ ਅੰਦਰ ਆਉਣ ਵਾਲੇ ਪੀਰਾਂ-ਫ਼ਕੀਰਾਂ, ਸੰਨਿਆਸੀਆਂ ਅਤੇ ਹੋਰ ਗੁਣੀ ਜਨਾਂ ਨੂੰ, ਓਟ-ਆਸਰੇ ਤੋਂ ਬਿਨਾਂ ਚੰਗਾ ਆਦਰ-ਮਾਣ ਵੀ ਜੁੜਦਾ ਸੀ।
    ਰਾਇ ਬੁਲਾਰ ਦਾ ਪਿਤਾ, ਰਾਇ ਭੋਇ ਮੂਲ ਰੂਪ ਵਿੱਚ ਭੱਟੀ ਗੋਤ ਦਾ ਰਾਜਪੂਤ ਰਈਸ/ਜਾਗੀਰਦਾਰ ਅਥਵਾ ਜੱਟ ਸੀ। ਪੰਜਾਬੀ ਲੋਕਧਾਰਾ ਅੰਦਰ ਸਮਰਾਟ ਅਕਬਰ ਦਾ ਸਮਕਾਲੀ ਮੰਨਿਆ ਜਾਂਦਾ ਦੁੱਲਾ ਨਾਂ ਦਾ ਨਾਮਵਰ ਰਾਜਪੂਤ ਸੂਰਮਾ ਵੀ ਭੱਟੀ ਗੋਤ ਵਿੱਚੋਂ ਹੀ ਸੀ। ਭਾਈ ਕਾਨ੍ਹ ਸਿੰਘ ਨਾਭਾ ਮੁਤਾਬਕ ਫੂਲਵੰਸ਼ ਦਾ ਨਿਕਾਸ ਭੀ ਭੱਟੀਆਂ ਵਿੱਚੋਂ ਹੈ। ਹਿੰਦੁਸਤਾਨ ਉੱਪਰ ਮੁਸਲਮਾਨ ਹਾਕਮਾਂ ਦੇ ਰਾਜ ਸਮੇਂ ਜਿਵੇਂ ਹੋਰ ਅਨੇਕ ਲੋਕਾਂ ਨੇ ਲੋੜ, ਮਰਜ਼ੀ, ਮਜਬੂਰੀ ਜਾਂ ਦਬਾਓ ਅਧੀਨ, ਇਸਲਾਮ ਧਰਮ ਅਪਣਾ ਲਿਆ ਤਿਵੇਂ ਹੀ ਰਾਇ ਭੋਇ ਵੀ ਮੁਸਲਮਾਨ ਹੋ ਗਿਆ ਸੀ।
    ਰਾਇ ਬੁਲਾਰ ਤੇਜੱਸਵੀ ਪੈਗ਼ੰਬਰੀ ਸਮਝ, ਜਾਗਦੀ ਜ਼ਮੀਰ ਅਤੇ ਖੁਲ੍ਹੇ ਦਿੱਲ ਵਾਲਾ ਜ਼ਹੀਨ ਬੰਦਾ ਸੀ। ਗੁਰੂ ਨਾਨਕ ਸਾਹਿਬ ਦੇ ਪਰਮਾਤਮੀ ਸਰੂਪ ਦਾ ਜਾਣਕਾਰ, ਸਿਦਕਵਾਨ ਸ਼ਰਧਾਲੂ ਅਤੇ ਸੱਚਾ-ਸੁੱਚਾ ਮੁਰੀਦ ਹੋਣ ਕਰਕੇ, ਉਹ ਆਪਣੀ ਜਾਗੀਰ/ਸਲਤਨਤ ਨੂੰ, ਪਰਮਾਤਮਾ ਰੂਪ ਗੁਰੂ ਨਾਨਕ ਦੀ ਮਿਹਰ ਸਦਕਾ ਵਸਦੀ ਮਹਿਸੂਸਦਾ ਅਤੇ ਮੰਨਦਾ ਸੀ। ਰੱਬ ਦੀ ਮਰਜ਼ੀ ਐਸੀ ਹੋਈ ਕਿ ਸਤਿਗੁਰਾਂ ਦਾ ਇਹ ਅਨਿੰਨ ਸੇਵਕ 45 ਸਾਲ ਦੀ ਆਰਜ਼ਾ ਤੱਕ ਬੇਔਲਾਦ ਰਿਹਾ। ਉਪਰੰਤ ਗੁਰੂ ਨਾਨਕ ਦੀ ਬਖ਼ਸ਼ਿਸ਼ ਸਦਕਾ ਜਦੋਂ ਇਸ ਅਤਿ ਸੁਹਿਰਦ ਅਤੇ ਦਰਿਆ ਦਿੱਲ ਇਨਸਾਨ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਉਸਨੇ ਖੁਸ਼ੀ ਵਿੱਚ ਆ ਕੇ, ਆਪਣੀ ਅੱਧੀ (18750 ਏਕੜ) ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਿਖਵਾ ਦਿੱਤੀ ਸੀ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਪਿਤਾ, ਮਹਿਤਾ ਕਾਲੂ ਜੀ ਇਸੇ ਰਾਇ ਭੋਇ ਜਾਂ ਬੁਲਾਰ ਦੀ ਰਿਆਸਤ ਦੇ ਕਾਰਦਾਰ ਅਰਥਾਤ ਪਟਵਾਰੀ ਸਨ। ਉਲੇਖਯੋਗ ਹੈ ਕਿ ਮਹਿਤਾ ਕਲਿਆਣ ਚੰਦ (ਦਾਸ) ਉਰਫ਼ ਕਾਲੂ ਜੀ ਦਾ ਪਰਿਵਾਰ ਮੂਲ ਰੂਪ ਵਿੱਚ, ਰਾਇ ਭੋਇ ਦੀ ਤਲਵੰਡੀ ਦਾ ਨਿਵਾਸੀ ਨਹੀਂ ਸੀ। ਮਹਿਤਾ ਕਾਲੂ ਜੀ ਦੇ ਦਾਦਾ ਰਾਮ ਨਾਰਾਇਣ ਜੀ, ਗੋਡੇ ਪਿੰਡ ਦੇ ਰਹਿਣ ਵਾਲੇ ਸਨ। ਭਾਈ ਵੀਰ ਸਿੰਘ ਜੀ ਵੱਲੋਂ ਪ੍ਰਗਟਾਏ ਇਸ ਮਤ ਦੇ ਉਲਟ ਪੋ੍ਰ. ਸਾਹਿਬ ਸਿੰਘ ਜੀ ਦੀ ਇਹ ਰਾਇ ਹੈ ਕਿ ਮਹਿਤਾ ਕਾਲੂ ਜੀ ਦੇ ਖ਼ਾਨਦਾਨ ਦਾ ਜੱਦੀ ਪਿੰਡ ਪੱਠੇ ਵਿੰਡ ਸੀ। ਇਹ ਪਿੰਡ ਤਰਨਤਾਰਨ ਤੋਂ 10 ਮੀਲ ਪੂਰਬ-ਦੱਖਣ ਦਿਸ਼ਾ ਵੱਲ ਹੈ। ਰਾਇ ਭੋਇ ਨੇ ਰਾਮ ਨਾਰਾਇਣ ਦੇ ਬੇਟੇ ਸ਼ਿਵਰਾਮ ਬੇਦੀ ਨੂੰ, ਆਪਣੀ ਦਸਾਂ ਪਿੰਡਾਂ ਦੀ ਜਾਗੀਰ ਅਥਵਾ ਰਿਆਸਤ ਦਾ ਪਟਵਾਰੀ ਥਾਪ ਕੇ, ਆਪਣੇ ਕੋਲ ਤਲਵੰਡੀ ਵਿੱਚ ਹੀ ਵਸਾ ਲਿਆ ਸੀ। ਬਿਕਰਮੀ ਸੰਮਤ 1518 (1461 ਈਸਵੀ) ਨੂੰ ਜਦੋਂ ਰਾਇ ਭੋਇ ਫੌਤ ਹੋਇਆ ਤਾਂ ਉਸਦਾ ਇਕਲੌਤਾ ਫ਼ਰਜ਼ੰਦ ਰਾਇ ਬੁਲਾਰ, ਪਿਓ ਦੀ ਰਿਆਸਤ ਦਾ ਮਲਕ ਬਣ ਗਿਆ। ਠੀਕ ਇਸੇ ਪ੍ਰਕਾਰ ਜਦੋਂ ਸ਼ਿਵ ਰਾਮ ਬੇਦੀ ਜੀ ਦਾ ਦੇਹਾਂਤ ਹੋਇਆ ਤਾਂ ਖ਼ਾਨਦਾਨੀ ਰਵਾਇਤ ਦੀ ਪਾਲਣਾ ਕਰਦਿਆਂ ਅਤੇ ਇਸਨੂੰ ਅੱਗੇ ਟੋਰਦਿਆਂ, ਰਾਇ ਬੁਲਾਰ ਸਾਹਿਬ ਨੇ, ਮਹਿਤਾ ਕਾਲੂ ਜੀ ਨੂੰ, ਉਨ੍ਹਾਂ ਦੇ ਪਿਤਾ ਦੀ ਥਾਂ ਆਪਣੀ ਰਿਆਸਤ ਦਾ ਕਾਰਦਾਰ ਥਾਪ ਦਿੱਤਾ। 
ਮਹਿਤਾ ਕਾਲੂ ਜੀ ਰਾਇ ਬੁਲਾਰ ਦੀ ਰਿਆਸਤ ਦੇ ਉੱਚ ਅਧਿਕਾਰੀ, ਕਰਮਚਾਰੀ ਜਾਂ ਪਟਵਾਰੀ ਹੋਣ ਤੋਂ ਇਲਾਵਾ ਕਾਫ਼ੀ ਸਾਰੀ ਜ਼ਮੀਨ ਦੇ ਮਾਲਕ ਸਨ ਅਤੇ ਖੇਤੀਬਾੜੀ ਜਾਂ ਵਾਹੀ-ਜੋਤੀ ਦਾ ਕਾਰਜ ਵੀ ਕਰਦੇ/ਕਰਾਉਂਦੇ ਸਨ। ਸਪਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੇ ਇੱਕ ਅਤਿ ਅਮੀਰ ਸਰਕਾਰੀ ਅਧਿਕਾਰੀ (ਪਟਵਾਰੀ) ਅਤੇ ਕਿਸਾਨ ਦੇ ਇੱਕਲੌਤੇ ਸਪੁੱਤਰ ਸਨ। ਸਰਕਾਰੇ-ਦਰਬਾਰੇ ਅਤੇ ਸਮਾਜਿਕ-ਆਰਥਿਕ ਪੱਖੋਂ ਉੱਚਾ ਰੁਤਬਾ ਹੋਣ ਕਰਕੇ, ਇਲਾਕੇ ਅੰਦਰ ਉਨ੍ਹਾਂ ਦੇ ਪਰਿਵਾਰ ਅਤੇ ਖ਼ਾਨਦਾਨ ਦਾ ਚੰਗਾ ਨਾਂ ਅਤੇ ਅਸਰ ਰਸੂਖ ਸੀ। ਸਾਰੇ ਵਾਹਵਾ ਇੱਜ਼ਤ-ਮਾਣ ਅਤੇ ਸਤਿਕਾਰ ਦਿੰਦੇ ਸਨ।
(ਗੁਰੂ) ਨਾਨਕ ਸਾਹਿਬ ਦੇ ਆਦਰਯੋਗ ਮਾਤਾ ਜੀ ਦਾ ਨਾਂ ਤ੍ਰਿਪਤਾ ਜੀ ਸੀ। ਉਨ੍ਹਾਂ ਦਾ ਪੇਕਾ ਪਿੰਡ ‘ਚਾਹਲ’ ਸੀ। ਇਹ ਪਿੰਡ ਲਾਹੌਰ-ਛਾਉਣੀ ਤੋਂ 09 ਮੀਲ ਪੂਰਬ-ਦੱਖਣ ਦਿਸ਼ਾ ਵੱਲ ਹੈ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਹੌਰ ਵਿੱਚ ਪੈਂਦਾ ਹੈ। ਨਾਨਕ ਸਾਹਿਬ ਦੀ ਵੱਡੀ ਭੈਣ, ਬੀਬੀ/ਬੇਬੇ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿੱਚ ਸੰਨ 1464 ਈਸਵੀ ਵਿੱਚ ਹੋਇਆ ਸੀ। ਇਸ ਹਿਸਾਬ ਨਾਲ ਭੈਣ ਨਾਨਕੀ ਜੀ, ਆਪਣੇ ਵੀਰ ਨਾਨਕ ਤੋਂ ਲਗਭਗ 05 ਸਾਲ ਵੱਡੇ ਸਨ।
ਇਸ ਸੰਸਾਰ ਅੰਦਰ ਪ੍ਰਕਾਸ਼ਮਾਨ ਹੋਣ ਜਾਂ ਅਵਤਾਰ ਧਾਰਨ ਸਮੇਂ (ਅਕਾਲ ਰੂਪ ਗੁਰੂ) ਨਾਨਕ ਸਾਹਿਬ, ਸਾਧਾਰਣ ਬਾਲ ਹੁੰਦਿਆਂ ਹੋਇਆਂ ਵੀ ਅਸਾਧਾਰਣ ਅਤੇ ਵਿਲੱਖਣ ਸਨ। ਦਾਈ ਦੌਲਤਾਂ, ਮਾਤਾ ਤ੍ਰਿਪਤਾ ਜੀ ਅਤੇ ਵੱਡੀ ਭੈਣ ਬੇਬੇ ਨਾਨਕੀ ਜੀ ਨੂੰ ਮੁੱਢ ਵਿੱਚ ਹੀ ਉਨ੍ਹਾਂ ਦੇ ਇੱਕ ਵੱਖਰੀ ਪ੍ਰਕਾਰ ਦੇ ਚਮਕਾਰੇ ਵਾਲੇ ਪ੍ਰਤਿਭਾਵਾਨ ਬਾਲ ਹੋਣ ਦੇ ਇਸ਼ਾਰੇ ਮਿਲੇ ਸਨ, ਝਾਉਲੇ ਪਏ ਸਨ। ਇਨ੍ਹਾਂ ਤਿੰਨਾਂ ਨੂੰ ਮਿਲੇ ਮੁੱਢਲੇ ਝਲਕਾਰੇ ਅਤੇ ਸੰਕੇਤ ਉਦੋਂ ਪੁਸ਼ਟ ਹੁੰਦੇ ਅਤੇ ਮਜ਼ਬੂਤੀ ਫੜਦੇ ਵਿਖਾਈ ਦਿੱਤੇ ਜਦੋਂ ਜਣੇਪੇ ਪਿਛੋਂ ਮਾਂ ਨੂੰ ਬਾਹਰ ਵਧਾਉਣ ਜਾਂ ਚੌਂਕੇ ਚੜਾਉਣ ਦੀ ਰਸਮ ਅਦਾ ਕਰਨ ਅਤੇ ਭੈਣ ਨਾਨਕੀ ਦੀ ਤਰਜ਼ ’ਤੇ ਪੁੱਤਰ ਦਾ ਨਾਂ ਨਾਨਕ ਰੱਖਣ ਤੋਂ ਬਾਅਦ, ਪਿਤਾ ਮਹਿਤਾ ਕਾਲੂ ਜੀ ਨੇ, ਉਸ ਸਮੇਂ ਦੇ ਪ੍ਰਚਲਿਤ ਦਸਤੂਰ ਅਤੇ ਬੇਦੀ ਕੁੱਲ ਵਾਲੀ ਖੱਤਰੀਆਂ ਦੀ ਰੀਤ ਅਨੁਸਾਰ, ਜੋਤਿਸ਼ ਵਿੱਦਿਆ ਦੇ ਮਾਹਰ ਆਪਣੇ ਕੁੱਲ ਪ੍ਰੋਹਿਤ, ਪੰਡਿਤ ਹਰਿਦਿਆਲ ਜੀ ਨੂੰ ਸਤਿਕਾਰ ਸਹਿਤ ਘਰ ਸੱਦਿਆ ਅਤੇ ਬਾਲ ਨਾਨਕ ਜੀ ਦੀ ਜਨਮ-ਪੱਤਰੀ ਬਣਾਉਣ ਦੀ ਬੇਨਤੀ ਕੀਤੀ। 
ਜਜਮਾਨ ਦੀ ਬੇਨਤੀ *ਤੇ ਅਮਲ ਕਰਦਿਆਂ ਕੁੱਲ ਪ੍ਰੋਹਿਤ ਪੰਡਤ ਹਰਿਦਿਆਲ ਜੀ ਨੇ ਗ੍ਰਹਿਆਂ, ਨਕਛੱਤਰਾਂ, ਸਿਤਾਰਿਆਂ, ਰਾਸ਼ੀਆਂ ਆਦਿ ਦੀ ਚਾਲ ਨੂੰ ਵਿਚਾਰਣ ਪਿਛੋਂ ਟੇਵਾ ਤਿਆਰ ਕਰਕੇ ਦੱਸਿਆ: “ਮਹਿਤਾ ਜੀ, ਤੁਸੀਂ ਬੜੇ ਭਾਗਵਾਨ ਹੋ ਕਿ ਤੁਹਾਡੇ ਘਰ ਅਜਿਹੇ ਪ੍ਰਤਾਪੀ ਬਾਲਕ ਨੇ ਜਨਮ ਲਿਆ ਹੈ। ਇਹ ਬਹੁਤ ਵੱਡਾ ਆਦਮੀ ਬਣੇਗਾ, ਨਹੀਂ ਸਗੋਂ ਇਹ ਅਦੁੱਤੀ ਪਾਤਸ਼ਾਹ ਹੋਵੇਗਾ, ਜਿਸ ਦਾ ਡੰਕਾ ਦੂਰ ਦੂਰ ਤੀਕ ਵਜੇਗਾ ਤੇ ਜਿਸਦਾ ਮਨੁੱਖ ਜਾਤੀ ਦੇ ਸਭ ਅੰਗ ਅਤੇ ਫ਼ਿਰਕੇ ਸਤਿਕਾਰ ਕਰਨਗੇ। ਇਸ ਦੇ ਨਾਂ, ਸ਼ੋਭਾ ਅਤੇ ਸ਼ਕਤੀ ਦਾ ਪ੍ਰਭਾਵ ਹਿੰਦੁਸਤਾਨ ਦੀਆਂ ਸਰਹੱਦਾਂ ਤੋਂ ਦੂਰ ਦੁਰੇਡੇ ਬਾਹਰ ਤੱਕ ਫੈਲੇਗਾ।”
                                                                                                                           

ਚਲਦਾ.....

ਜਗਜੀਵਨ ਸਿੰਘ (ਡਾ.)
ਫੋਨ: 99143—01328


 

jasbir singh

This news is Edited By jasbir singh