ਵਡਿਆਈ ਵੀਚਾਰੁ... (550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ)

05/15/2019 1:43:57 PM

ਚੌਥੀ ਪਉੜੀ

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ।। ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ।। ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ।। ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ।। ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।। ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ।।੪।।

ਇਸ ਪਉੜੀ ਵਿਚ ਸਾਚੁ ਤੇ ਸਚਿਆਰ ਨੂੰ ਹੋਰ ਗਹਿਰੇ ਤਰੀਕੇ ਨਾਲ ਖੋਲ੍ਹਿਆ ਗਿਆ ਹੈ। ਪਹਿਲਾਂ ਸਾਚੁ ਉੱਤੇ ਕਨਸੰਟ੍ਰੇਟ ਕੀਤਾ ਗਿਆ ਹੈ। ਉਹ ਸਾਹਿਬ ਜੋ ਹੈ, ਉਹੀ ਸਾਚੁ ਹੈ ਤੇ ਉਸ ਦਾ ਨਾਮ ਸੱਚ ਹੈ। ਮਹਾਰਾਸ਼ਟਰ ਵਿਚ ਸਾਹਿਬ ਇਕ ਪਦਵੀ ਹੈ। ਇਸ ਸ਼ਬਦ ਬਾਰੇ ਵਿਚਾਰ ਸਾਂਝਾ ਕੀਤਾ ਜਾ ਸਕਦਾ ਹੈ ਕਿ ਇਹ ਸਾਹਿਬ ਸ਼ਬਦ ਮਰਾਠੀ ਤੋਂ ਟ੍ਰੈਵਲ ਕਰਦਾ ਗੁਰੂ ਨਾਨਕ ਦੇਵ ਜੀ ਪਾਸ ਪਹੁੰਚਦਾ ਹੈ ਤੇ ਹੋ ਸਕਦਾ ਹੈ ਕਿ ਨਾਮਦੇਵ ਜੀ ਪਾਸੋਂ ਇਹ ਸ਼ਬਦ ਆਇਆ ਹੋਵੇ। ਉਹ ਸਾਹਿਬ ਸੱਚ ਹੈ, ਉਸ ਦਾ ਨਾਮ ਸੱਚ ਹੈ। ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ਕਿਹਾ ਜਾਵੇ ਤਾਂ ਉਸਦਾ ਭਾਓ ਭਾਵ ਜੋ ਹੈ, ਜੋ ਪ੍ਰੇਮ ਭਾਵ ਹੈ, ਜੋ ਸਨੇਹ ਹੈ, ਜੋ ਦਯਾ ਹੈ, ਉਹ ਅਪਾਰ ਹੈ। ਨਹੀਂ। ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ£ ਜੇਕਰ ਕੋਈ ਉਸ ਕੋਲੋਂ ਮੰਗਦਾ ਹੈ ਤਾਂ ਉਹ ਹਮੇਸ਼ਾ ਦਿੰਦਾ ਹੀ ਹੈ। ਤੁਸੀਂ ਕੀ ਦੱਸ ਸਕਦੇ ਹੋ? ਦੇਣ ਦੀ ਲਗਾਤਾਰਤਾ ਹੈ। ਉਹ ਹਮੇਸ਼ਾ ਦਿੰਦਾ ਹੈ। ਉਹ ਦਾਤਾ ਹੈ, ਦਾਤ ਬਖਸ਼ਦਾ ਹੈ। ਉਸ ਦੀ ਬਖਸ਼ਿਸ਼ ਹੁੰਦੀ ਹੈ। ਇਹ ਵੀ ਭਾਵ ਨਾਲ ਜੁੜੀ ਪੰਕਤੀ ਹੀ ਹੈ।

ਹੁਣ ਸ਼ਬਦ ਨੇ ਨਵਾਂ ਨੁਕਤਾ ਪੇਸ਼ ਕੀਤਾ ਹੈ। ਸ਼ਬਦ ਹੋਰ ਗਹਿਰਾ ਹੋ ਗਿਆ ਹੈ। ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ।। ਹੁਣ ਜਿੱਥੇ ਉਸਦਾ ਦਰਬਾਰ ਲੱਗਿਆ ਹੈ, ਕਚਹਿਰੀ ਲੱਗੀ ਹੈ, ਉਸ ਅੱਗੇ ਕੀ ਰੱਖਣਾ ਹੈ? ਉਸ ਨੂੰ ਕੀ ਦੱਸਣਾ ਹੈ? ਉਹ ਸਭ ਜਾਣਦਾ ਹੈ, ਜਾਣੀ ਜਾਣ ਹੈ। ਉਸ ਨੂੰ ਮੂੰਹੋਂ ਵੀ ਬੋਲ ਕੇ ਕੀ ਦੱਸਣਾ ਹੈ, ਤਾਂ ਕਿ ਉਸਦਾ ਪ੍ਰੇਮ ਪਾਇਆ ਜਾ ਸਕੇ? ਬੰਦਾ ਕੌਣ ਹੁੰਦਾ ਉਸ ਨੂੰ ਕੁੱਝ ਦੱਸਣ ਵਾਲਾ? ਉਹ ਸਭ ਜਾਣਦਾ ਹੈ। ਉਸ ਦਾ ਹੀ ਤਾਂ ਹੁਕਮ ਹੈ। ਹੁਣ ਇਕ ਹੋਰ ਇਸ਼ਾਰਾ ਹੈ। ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਅਮ੍ਰਿਤ ਵੇਲਾ ਕੋਈ ਤੜਕਸਾਰ ਨੂੰ ਕਹਿ ਰਹੇ ਨੇ। ਹੋ ਸਕਦਾ ਹੈ। ਪਰ ਇੱਥੇ ਸ਼ਬਦ ਦੀ ਗਹਿਰਾਈ ਦੇਖਣ ਵਾਲੀ ਹੈ। ਜਦੋਂ ਵੀ ਬੰਦਾ ਉਸ ਦੀ ਵਡਿਆਈ ਵਿਚਾਰੇਗਾ, ਉਹੀ ਵੇਲਾ ਅੰਮ੍ਰਿਤ ਹੋ ਜਾਵੇਗਾ। ਵੇਲਾ ਅੰਮ੍ਰਿਤ ਨਹੀਂ ਹੁੰਦਾ, ਭਾਵ ਨੇ ਵੇਲੇ ਨੂੰ ਅੰਮ੍ਰਿਤ ਕਰ ਦੇਣਾ ਹੈ। ਜਦੋਂ ਵੀ ਵਡਿਆਈ ਵਿਚਾਰੀ, ਵੇਲਾ ਅੰਮ੍ਰਿਤ ਹੋ ਗਿਆ। ਪਿਛਲੇ ਪਾਸਿਓਂ ਵਿਚਾਰ ਨੂੰ ਸੋਚਣਾ ਹੈ। ਵਡਿਆਈ ਨੇ ਵੇਲਾ ਬਦਲ ਕੇ ਰੱਖ ਦਿੱਤਾ, ਵੇਲੇ ਨਾਲ ਵਡਿਆਈ ਨਹੀਂ ਜੁੜਦੀ। ਉਹ ਤਾਂ ਕਦੇ ਵੀ ਯਾਦ ਕੀਤਾ ਜਾ ਸਕਦਾ। ਤੁਹਾਨੂੰ ਕੁੱਝ ਪ੍ਰਾਪਤ ਹੋਇਆ, ਜਿਸ ਵੇਲੇ ਵੀ ਹੋਇਆ, ਤੁਸੀਂ ਉਸੇ ਵਕਤ ਸ਼ੁਕਰਾਨੇ ਵਜੋਂ ਹੱਥ ਜੋੜ ਲੈਣੇ ਨੇ। ਬਹੁਤ ਗਹਿਰਾ ਖਿਆਲ ਹੈ। ਕਿਉਂਕਿ ਜੋ ਸੱਚਾਈ ਹੈ, ਜੋ ਟਰੁਥ ਹੈ, ਉਹ ਉਹੀ ਹੈ, ਇਸ ਲਈ ਸਿਰਫ ਤੇ ਸਿਰਫ ਵਡਿਆਈ ਹੀ ਵਿਚਾਰਨੀ ਹੈ। ਉਸ ਦੀ ਹੀ ਵਡਿਆਈ ਹੈ। ਸਾਫ ਕਹਿ ਦਿੱਤਾ। ਕਾਰਣ ਇਹ ਹੈ ਕਿ ਬੰਦਾ ਜਦੋਂ ਵੀ ਉਸ ਬਾਰੇ ਕੁੱਝ ਵੀ ਵਿਚਾਰ ਕਰੇਗਾ ਤਾਂ ਸਹੀ ਨਹੀਂ ਹੋਵੇਗਾ, ਕਿਉਂਕਿ ਉਸ ਦੇ ਦਰਬਾਰ 'ਚ ਤੁਸੀਂ ਕੁੱਝ ਦੱਸਣ ਦੇ ਯੋਗ ਹੀ ਨਹੀਂ, ਦਾਤ ਮੰਗ ਨਹੀਂ ਸਕਦੇ, ਪਿਆਰ ਲਈ ਵੀ ਕੁੱਝ ਸਮਰੱਥਾ ਨਹੀਂ ਤੁਹਾਡੇ ਅੰਦਰ, ਜਾਂ ਕਹੋ ਉਸਦੇ ਨਿਯਮ ਵਿਚ ਰਹਿਣਾ ਹੈ ਤਾਂ ਸਿਰਫ ਵਡਿਆਈ ਵਿਚਾਰਨੀ ਹੈ। ਇਹ ਕੇਂਦਰੀ ਨੁਕਤਾ ਹੈ ਇਸ ਪਾਉੜੀ ਦਾ, ਸਿਰਫ ਵਡਿਆਈ ਵਿਚਾਰਨੀ ਹੈ।

ਹੁਣ ਅਗਲਾ ਪੜਾਅ ਜੋ ਹੈ, ਨੁਕਤਾ ਜੋ ਹੈ, ਜੋ ਸਿਧਾਂਤ ਹੈ, ਉਹ ਬਹੁਤ ਗਹਿਰਾ ਹੈ। ਸਿਧਾਂਤ ਹੈ ਕਿ ਕਰਮ ਨਾਲ ਵਸਤੂ ਜੁੜੀ ਹੈ ਪਰ ਮੁਕਤੀ ਸਿਰਫ ਉਸ ਦੀ ਨਦਰਿ ਨਾਲ ਹੋਣੀ ਹੈ। ਵਸਤੂ ਤੇ ਮੁਕਤੀ ਦਾ ਫਰਕ ਸਮਝਣਾ ਹੈ। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।। ਇਹ ਨੁਕਤਾ ਵੀ ਬਹੁਤ ਅਹਿਮ ਹੈ ਕਿ ਗੁਰੂ ਨਾਨਕ ਦੇਵ ਜੀ ਨਦਰਿ ਕਿਸ ਨੂੰ ਕਹਿ ਰਹੇ ਹਨ? ਇਹ ਵੀ ਰਜਾ ਹੀ ਹੈ। ਰਜਾ ਨੂੰ ਹੋਰ ਗਹਿਰੇ ਲੈ ਗਏ। ਗੁਰੂ ਨਾਨਕ ਦੇਵ ਉਦੋਂ ਤੱਕ ਸਿਧਾਂਤ ਨਹੀਂ ਛੱਡਦੇ, ਜਦੋਂ ਤੱਕ ਬੰਦੇ ਦੇ ਐਨ ਸਾਹਮਣੇ ਪ੍ਰਤੱਖ ਨਾ ਕਰ ਦੇਣ। ਉਹਦੀ ਕਿਰਪਾ ਨਾਲ ਹੀ ਹੈ ਸਭ ਕੁੱਝ। ਉਸ ਦੀ ਨਜ਼ਰ ਸਵੱਲੀ ਚਾਹੀਦੀ ਹੈ। ਫਿਰ ਸਭ ਪਦਾਰਥ ਮਿਲ ਜਾਂਦੇ ਨੇ, ਉਸ ਦੀ ਨਜ਼ਰ ਸਵੱਲੀ ਹੋ ਜਾਵੇ ਜੇ। ਤੇ ਜਦੋਂ ਇਹ ਜਾਣ ਲਿਆ, ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ੪ ਫਿਰ ਉਹ ਆਪੇ ਸਚਿਆਰ ਪਦ ਪਾ ਲਵੇਗਾ। ਉਹ ਜਦੋਂ ਇਹ ਜਾਣ ਲਵੇਗਾ, ਖੁਦ-ਬ-ਖੁਦ ਸਚਿਆਰ ਨੂੰ ਪਾ ਲਵੇਗਾ।

ਇਸ ਪਾਉੜੀ ਵਿੱਚ ਤਿੰਨ ਨੁਕਤੇ ਬਹੁਤ ਅਹਿਮ ਨੇ। ਪਹਿਲਾ ਹੈ ਕਿ ਬੰਦੇ ਦੇ ਹੱਥ ਵੱਸ ਕੁੱਝ ਨਹੀਂ ਹੈ। ਉਹ ਕੁੱਝ ਨਹੀਂ ਕਹਿ ਸਕਦਾ। ਮੰਗਣ ਦੀ ਜ਼ਰੂਰਤ ਨਹੀਂ। ਉਹਦੇ ਕਹਿਣ ਕਰਕੇ ਉਸਦਾ ਪ੍ਰੇਮ ਵੀ ਨਹੀਂ ਮਿਲਣਾ। ਦੂਸਰਾ ਨੁਕਤਾ ਹੈ ਕਿ ਇਹਨਾਂ ਗੱਲਾਂ ਵਿੱਚ ਪੈਣਾ ਹੀ ਨਹੀਂ। ਸਿਰਫ ਉਸਦੀ ਵਡਿਆਈ ਜੋ ਹੈ, ਉਸ ਬਾਰੇ ਹੀ ਵਿਚਾਰ ਕਰਨੀ ਹੈ। ਕਾਰਣ ਇਹ ਕਿ ਉਹ ਸਿਰਫ ਵਡਿਆਈ ਹੀ ਹੈ, ਜੇਕਰ ਅਸੀਂ ਕੁੱਝ ਹੋਰ ਨੁਕਤਿਆਂ ਤੋਂ ਉਸ ਬਾਰੇ ਵਿਚਾਰ ਕਰਾਂਗੇ ਤਾਂ ਸਾਡੀ ਇਹ ਸਮਰੱਥਾ ਨਹੀਂ। ਗੁਰੂ ਗ੍ਰੰਥ ਸਾਹਿਬ ਸੰਪੂਰਨ ਰੂਪ 'ਚ ਉਸੇ ਦੀ ਵਡਿਆਈ ਹੈ। ਤੀਸਰਾ ਨੁਕਤਾ ਹੈ ਕਿ ਕਰਮ ਨਾਲ ਵਸਤੂ ਜੁੜੀ ਹੈ, ਮੁਕਤੀ ਨਹੀਂ। ਮੁਕਤੀ ਵੀ ਉਹ ਜਨਮ ਮਰਨ ਵਾਲੀ ਨਹੀਂ। ਕਮਲ ਵਾਂਗ ਜਲ 'ਚ ਰਹਿ ਕੇ ਪਾਣੀ ਤੋਂ ਮੁਕਤ ਹੋ ਜਾਣ ਵਾਲੀ ਮੁਕਤੀ। ਮੁਕਤੀ ਵੀ ਉਸਦੀ ਨਦਰਿ ਨਾਲ ਹੀ ਜੁੜੀ ਹੋਈ ਹੈ। ਇਹ ਪਾਉੜੀ ਨਦਰਿ ਨੂੰ ਸਮਝਣ ਦੇ ਭਾਵ ਨਾਲ ਹੀ ਜੁੜੀ ਹੋਈ ਹੈ। ਉਸੇ 'ਚ ਮੁਕਤੀ ਪਈ ਹੈ।

ਪੰਜਵੀਂ ਪਉੜੀ

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। ਜਿਨਿ ਸੇਵਿਆ ਤਿਨਿ ਪਾਇਆ ਮਾਨੁ।। ਨਾਨਕ ਗਾਵੀਐ ਗੁਣੀ ਨਿਧਾਨੁ।। ਗਾਵੀਐ ਸੁਣੀਐ ਮਨਿ ਰਖੀਐ ਭਾਉ।। ਦੁਖੁ ਪਰਹਰਿ ਸੁਖੁ ਘਰਿ ਲੈ ਜਾਇ।। ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ।। ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ।। ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ।। ਗੁਰਾ ਇੱਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੫।।

ਹੁਣ ਇਸ ਪਾਉੜੀ 'ਚ ਜਿਸਦੀ ਨਦਰਿ ਬਾਰੇ ਚੌਥੀ ਪਾਉੜੀ ਕੁੱਝ ਕਹਿ ਗਈ, ਉਸ ਪ੍ਰਭੂ (ਕੁਦਰਤ) ਦਾ ਚਿੰਤਨ ਹੈ। ਵਿਅਕਤੀ ਨੂੰ ਸਮਝਾਉਂਦੀ ਹੈ ਇਹ ਪਾਉੜੀ। ਥਾਪਿਆ ਨ ਜਾਇ ਕੀਤਾ ਨ ਹੋਇ ਕਹਿ ਰਹੇ ਨੇ ਕਿ ਨਾ ਉਸਨੂੰ ਥਾਪਿਆ ਜਾ ਸਕਦਾ ਹੈ ਤੇ ਨਾ ਹੀ ਉਹ ਕਿਸੇ ਦੇ ਕੀਤਿਆਂ ਹੁੰਦਾ ਹੈ। ਉਹ ਖੁਦ ਹੀ ਪੈਦਾ ਹੁੰਦਾ ਹੈ। ਮੂਲ ਮੰਤਰ ਨੂੰ ਸਮਰਨ ਕਰੋ ਇੱਥੇ। ਆਪੇ ਆਪਿ ਨਿਰੰਜਨੁ ਸੋਇ।। ਉਹ ਨਿਰੰਜਨ ਹੈ। ਸਰਵ-ਵਿਆਪਕ। ਖੁਦ ਦਾ ਹੀ ਪਾਸਾਰ ਹੈ ਸਾਰਾ। ਉਹ ਸਪੌਟਲੈੱਸ ਹੈ। ਨਿਰੰਜਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਿਰੰਜਨ ਇਕ ਸਿਧਾਂਤ ਹੈ, ਜੋ ਨਾਥਾਂ ਤੋਂ ਸਾਡੇ ਫਿਲਾਸਫਰਾਂ ਤੱਕ ਪਹੁੰਚਦਾ ਹੈ। ਇਸ ਸ਼ਬਦ ਦਾ, ਸਿਧਾਂਤ ਦਾ, ਜੋ ਟਰੈਵਲ ਹੈ, ਉਸ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ। ਇਸ ਸਿਧਾਂਤ ਦੀਆਂ ਰੂਟਸ ਜੋ ਨੇ, ਉਹ ਜਾਣਨੀਆਂ ਜ਼ਰੂਰੀ ਨੇ। ਇਹ ਇਕ ਯੁੱਧ ਹੈ, ਜੋ ਲਗਾਤਾਰ ਲੜਿਆ ਜਾ ਰਿਹਾ ਹੈ। ਆਪਿ ਨਿਰੰਜਨ, ਬਹੁਤ ਮਹੱਤਵਪੂਰਨ ਹੈ, ਨਿਰਗੁਣ ਔਰ ਸਰਗੁਣ ਦੇ ਆਪਸੀ ਭੇੜ ਵਿਚ। ਕੁੱਝ ਦਾਰਸ਼ਨਿਕਾਂ ਨੇ ਇਨ੍ਹਾਂ ਦੋਵੇਂ ਸਿਧਾਂਤਾਂ ਦੇ ਸੁਮੇਲ ਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਪਰੰਤੂ ਜੇਕਰ ਅਸੀਂ ਨਿਰੰਜਨ ਦੀਆਂ ਰੂਟਸ ਬੁੱਧਿਸਟਾਂ ਤੱਕ ਖੋਜਦੇ ਹਾਂ ਤਾਂ ਜੋ ਕੰਟ੍ਰਾਡਿਕਸ਼ਨਜ਼ ਨੇ ਦਰਸ਼ਨ ਦੀਆਂ, ਜੋ ਧਾਰਾਵਾਂ ਨੇ, ਉਨ੍ਹਾਂ ਉੱਤੇ ਪਕੜ ਬਣ ਸਕਦੀ ਹੈ। ਗੁਰੂ ਸਾਹਿਬ ਕਹਿ ਰਹੇ ਨੇ, ਉਹ ਆਪ ਨਿਰੰਜਨ ਹੈ, ਉਸਨੂੰ ਨਾ ਥਾਪਿਆ ਜਾ ਸਕਦਾ ਹੈ, ਨਾ ਕਹਿਆ ਜਾ ਸਕਦਾ ਹੈ।

ਹੁਣ ਅਗਲਾ ਪੜਾਅ ਹੈ। ਫਿਰ ਕੀ ਕੀਤਾ ਜਾ ਸਕਦਾ ਹੈ? ਬੰਦੇ ਦੇ ਹੱਥ ਕੀ ਹੈ? ਸਿਰਫ ਸੇਵਿਆ ਜਾ ਸਕਦਾ। ਸਮਰਨ ਕੀਤਾ ਜਾ ਸਕਦਾ। ਜਿਨਿ ਸੇਵਿਆ ਤਿਨਿ ਪਾਇਆ ਮਾਨੁ।। ਨਾਨਕ ਗਾਵੀਐ ਗੁਣੀ ਨਿਧਾਨੁ।। ਜਿਹਨਾਂ ਨੇ ਵਿਸ਼ਵਾਸ ਨਾਲ ਉਸਦੀ ਸੇਵਾ ਕੀਤੀ ਹੈ, ਉਹਨਾਂ ਨੂੰ ਖੁਦ-ਬ-ਖੁਦ ਹੀ ਮਾਣ ਮਿਲ ਗਿਆ। ਅਚੇਤ ਹੀ ਮਾਣ ਮਿਲ ਗਿਆ। ਇਸ ਲਈ ਨਾਨਕ ਉਸ ਗੁਣਾਂ ਦੇ ਖਜ਼ਾਨੇ ਬਾਰੇ ਗਾ ਰਿਹਾ ਹੈ। ਅੱਗੇ ਹੋਰ ਵਿਸਤਾਰ ਹੈ। ਗਾਉਣਾ ਹੈ ਤੇ ਕਿਸੇ ਹੋਰ ਨੂੰ ਗਾਉਂਦੇ ਸੁਣਨਾ ਹੈ। ਗਾਵੀਐ ਸੁਣੀਐ ਮਨਿ ਰਖੀਐ ਭਾਉ।। ਗਾਉਂਦਾ ਕੌਣ ਹੈ? ਜਿਸ ’ਤੇ ਕਿਰਪਾ ਹੋ ਗਈ। ਗਾਉਂਦੇ ਨੂੰ ਕੌਣ ਸੁਣ ਸਕਦਾ ਹੈ? ਜਿਸ ’ਤੇ ਕਿਰਪਾ ਹੋ ਗਈ। ਸ਼ਬਦ ਦੀ ਗਹਿਰਾਈ ਹੈ। ਗਾਉਣਾ ਵੀ ਹੈ ਤੇ ਸੁਣਨਾ ਵੀ ਹੈ। ਇਸ ਪ੍ਰਕਿਰਿਆ ਨਾਲ ਭਾਉ ਦਾ ਭਾਵ ਵੀ ਜੋੜਿਆ ਹੈ। ਮਨ ਵਿੱਚ ਭਾਉ ਰੱਖਣਾ ਹੈ। ਪ੍ਰੇਮ ਭਾਵ ਰੱਖਣਾ ਹੈ। ਇੰਝ ਕਰਨ ਨਾਲ ਦੁੱਖ ਹਰ ਜਾਣੇ ਨੇ ਤੇ ਸੁੱਖ ਦੀ ਪ੍ਰਾਪਤੀ ਹੋਣੀ ਹੈ। ਸਿਰਫ ਤੇ ਸਿਰਫ ਬੰਦੇ ਦੇ ਮਨ ਨੂੰ ਸਾਫ ਕਰਨ ਦੀ ਰਿਹਰਸਲ ਹੈ। ਮਨ ਉਸ ਨਾਲ ਕਿਵੇਂ ਪ੍ਰੇਮ ਭਾਵ ਨਾਲ ਜੋੜਨਾ ਹੈ। ਆਪੇ ਸਚਿਆਰ ਹੋ ਜਾਵੋਗੇ।

ਸ਼ਬਦ ਹੋਰ ਗਹਿਰਾ ਉਤਰ ਜਾਂਦਾ ਹੈ। ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ਜੋ ਗੁਰਮੁਖ ਹੈ, ਜੋ ਪ੍ਰਭੂ ਹੈ, ਉਹੀ ਨਾਦ ਹੈ, ਉਹੀ ਸ਼ਬਦ ਹੈ, ਉਹੀ ਹਰ ਥਾਂ ਸਮਾਇਆ ਹੈ। ਸਰਵ-ਵਿਆਪਕ ਹੈ। ਇੱਥੇ ਗੁਰਮੁਖਿ ਪਰਮਾਤਮਾ ਵਾਸਤੇ ਇਸਤੇਮਾਲ ਕੀਤਾ ਗਿਆ ਹੈ। ਗੁਰਬਾਣੀ ਵਿਚ ਅਜਿਹਾ ਕਈ ਥਾਵਾਂ 'ਤੇ ਦੇਖਣ ਨੂੰ ਮਿਲਦਾ ਹੈ। ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ।। ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ।। ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।। ੫ ਮੈਨੂੰ ਇਹ ਸਮਝਾ ਦਿੱਤਾ ਗਿਆ ਹੈ ਕਿ ਸਾਰੇ ਜੀਆਂ ਦਾ ਇੱਕੋ ਦਾਤਾ ਹੈ। ਕੁੱਲ ਬ੍ਰਹਮਾਂਡ ਦਾ ਇੱਕੋ ਦਾਤਾ ਹੈ। ਉਸ ਨੂੰ ਕਿਤੇ ਭੁੱਲ ਨਾ ਜਾਵਾਂ। ਜੇ ਜਾਣ ਵੀ ਲਿਆ ਤਾਂ ਕਿਹਾ ਨਹੀਂ ਜਾ ਸਕਣਾ। ਜਿਉਂ ਗੁੰਗੇ ਗੁੜ ਖਾ ਲਿਆ। ਪਾ ਲਿਆ ਤੇ ਗੂੰਗਾ ਹੋ ਗਿਆ। ਅਜਬ ਲੀਲਾ ਹੈ। ਬੱਸ ਉਸੇ ਦਾ ਸਿਮਰਨ ਹੈ। ਉਸੇ ਨੂੰ ਨਹੀਂ ਵਿਸਾਰਨਾ। ਉਸਨੂੰ ਹਰ ਵਕਤ ਯਾਦ ਰੱਖਣ ਦੀ ਕਿਰਿਆ ਵੱਲ ਸੰਕੇਤ ਹੈ। ਉਸੇ ਨੂੰ ਜਪਣਾ ਹੈ। ਉਸੇ ਦਾ ਵਾਰ-ਵਾਰ ਜਾਪੁ ਹੈ। ਇਸ ਸ਼ਬਦ ਦਾ ਜੋ ਕੇਂਦਰੀ ਨੁਕਤਾ ਹੈ, ਇਸ ਸਤਰ ਵਿਚ ਨਿਹਿਤ ਨਜ਼ਰ ਆ ਰਿਹਾ ਹੈ। ਜਿਸ ਨੂੰ ਗੁਰੂ ਸਾਹਿਬ ਨੇ 'ਜਪੁ' ਕਿਹਾ ਹੈ।

ਇਹ ਪਾਉੜੀ ਉਸ ਕੁਦਰਤ ਦੇ ਨਿਰਗੁਣ ਰੂਪ ਨੂੰ ਸਮਝਦਿਆਂ ਉਸ ਦੇ ਸਮਰਣ ਉੱਤੇ ਬਲ ਦਿੰਦੀ ਹੈ। ਇਹ ਸ਼ਬਦ ਦੇ ਕੇਂਦਰੀ ਭਾਵ ਦੀ ਦ੍ਰਿੜ੍ਹਤਾ ਹੈ। ਸਮਝਣਾ ਤੇ ਸਮਰਨ ਕਰਨਾ। ਬਹੁਤ ਹੀ ਮਹੱਤਵਪੂਰਨ ਬਿੰਦੂ ਨੇ, ਬੰਦੇ ਦੇ ਜੀਵਨ ਵਾਸਤੇ। ਗੁਰੂ ਨਾਨਕ ਦੇਵ ਇਨ੍ਹਾਂ ਬਿੰਦੂਆਂ ਨੂੰ ਦ੍ਰਿੜਾਉਂਦੇ ਨੇ।

 
ਨਿਰਗੁਣ ਸ਼ਬਦ ਵਿਚਾਰ / ਦੇਸ ਰਾਜ ਕਾਲੀ 7986702493

KamalJeet Singh

This news is Edited By KamalJeet Singh