5 ਬੇਟਿਆਂ ਦੇ ਹਤਿਆਰੇ ਨੂੰ ਇਸ ਲਈ ਕਰ ਦਿੱਤਾ ਮੁਆਫ

5/2/2018 1:27:11 PM

ਨਵੀਂ ਦਿੱਲੀ— ਮਹਾਭਾਰਤ ਦਾ ਯੁੱਧ ਖਤਮ ਹੋ ਚੁੱਕਾ ਸੀ। ਪਾਂਡਵ ਪੱਖ ਦੇ ਲੋਕ ਜਿੱਤ ਦੀ ਖੁਸ਼ੀ ਵਿਚ ਸੁੱਖ ਦਾ ਸਾਹ ਲੈ ਰਹੇ ਸਨ। ਉਨ੍ਹਾਂ ਦੀ ਧਾਰਨਾ ਸੀ ਕਿ ਕੌਰਵ ਪੱਖ ਦਾ ਇਕ ਵੀ ਵਿਅਕਤੀ ਬਾਕੀ ਨਾ ਰਹਿਣ ਕਾਰਨ ਯੁੱਧ ਖਤਮ ਹੋ ਚੁੱਕਾ ਹੈ ਪਰ ਇਹ ਉਨ੍ਹਾਂ ਦੀ ਭੁੱਲ ਸੀ। ਕੌਰਵ ਪੱਖ ਦਾ ਇਕ ਵਿਅਕਤੀ ਜ਼ਿੰਦਾ ਸੀ, ਜਿਸ ਦੇ ਦਿਲ ਵਿਚ ਬਦਲਾ ਲੈਣ ਦੀ ਭਾਵਨਾ ਰਹਿ-ਰਹਿ ਕੇ ਭੜਕ ਰਹੀ ਸੀ। ਉਹ ਸੀ ਗੁਰੂ ਦ੍ਰੋਣਾਚਾਰੀਆ ਦਾ ਪੁੱਤਰ ਅਸ਼ਵਥਾਮਾ। ਉਸ ਨੇ ਯੁੱਧ ਦੇ ਨਿਯਮ ਤਾਕ 'ਤੇ ਰੱਖ ਦਿੱਤੇ ਅਤੇ ਹੱਥ ਵਿਚ ਤਲਵਾਰ ਲੈ ਕੇ ਪਾਂਡਵਾਂ ਦੇ ਕੈਂਪ 'ਚ ਦਾਖਲ ਹੋਇਆ। ਉਸ ਨੇ ਦ੍ਰੋਪਦੀ ਦੇ 5 ਪੁੱਤਰਾਂ ਦਾ ਵਧ ਕਰ ਦਿੱਤਾ।
ਅਸ਼ਵਥਾਮਾ ਦੀ ਇਹ ਕਰਤੂਤ ਜਦੋਂ ਦੂਜੇ ਦਿਨ ਦ੍ਰੋਪਦੀ ਨੂੰ ਪਤਾ ਲੱਗੀ ਤਾਂ ਉਹ ਪੁੱਤਰਾਂ ਦੇ ਸੋਗ 'ਚ ਡੁੱਬ ਗਈ। ਉਸ ਦੇ ਦਿਲ 'ਚ ਗੁੱਸੇ ਦੀ ਅੱਗ ਭੜਕ ਉੱਠੀ। 
ਉਸ ਦੀ ਹਾਲਤ ਦੇਖ ਕੇ ਅਰਜੁਨ ਵੀ ਅੱਗ-ਬਬੂਲਾ ਹੋ ਗਿਆ। ਉਹ ਦ੍ਰੋਪਦੀ ਨੂੰ ਬੋਲਿਆ, ''ਪਾਂਚਾਲੀ, ਸੋਗ ਨਾ ਕਰ। ਮੈਂ ਉਸ ਨੀਚ ਨੂੰ ਹੁਣੇ ਫੜ੍ਹ ਕੇ ਤੇਰੇ ਸਾਹਮਣੇ ਪੇਸ਼ ਕਰਾਂਗਾ ਅਤੇ ਇਸ ਦਾ ਬਦਲਾ ਲਵਾਂਗਾ।''
ਭੀਮ ਨੇ ਵੀ ਅਰਜੁਨ ਦਾ ਸਾਥ ਦਿੱਤਾ ਅਤੇ ਉਹ ਦੋਵੇਂ ਅਸ਼ਵਥਾਮਾ ਨੂੰ ਦ੍ਰੋਪਦੀ ਕੋਲ ਲੈ ਆਏ। ਗੁਰੂਪੁੱਤਰ ਨੂੰ ਇੰਝ ਬੱਝਾ ਦੇਖ ਕੇ ਦ੍ਰੋਪਦੀ ਦਾ ਕੋਮਲ ਮਮਤਾਮਈ ਦਿਲ ਪਿਘਲ ਗਿਆ। ਅਰਜੁਨ ਨੇ ਜਿਵੇਂ ਹੀ ਅਸ਼ਵਥਾਮਾ ਦਾ ਸੀਸ ਕੱਟਣ ਲਈ ਤਲਵਾਰ ਚੁੱਕੀ, ਦ੍ਰੋਪਦੀ ਨੇ ਉਸ ਦਾ ਹੱਥ ਫੜ ਲਿਆ।
ਉਹ ਬੋਲੀ, ''ਸਵਾਮੀ, ਤੁਸੀਂ ਇਸ ਨੂੰ ਫੜ ਕੇ ਲਿਆਏ, ਬਸ ਇੰਨੇ ਨਾਲ ਹੀ ਮੈਂ ਸੰਤੁਸ਼ਟ ਹਾਂ। ਇਹ ਗੁਰੂਪੁੱਤਰ ਹੈ, ਇਸ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਸ ਦੀ ਮਾਤਾ ਕ੍ਰਿਪੀ ਅਜੇ ਵੀ ਜ਼ਿੰਦਾ ਹੈ ਅਤੇ ਮੈਂ ਨਹੀਂ ਚਾਹੁੰਦੀ ਕਿ ਉਹ ਵੀ ਇਸ ਦੇ ਵਿਛੋੜੇ 'ਚ ਸੋਗ ਕਰੇ। ਪੁੱਤਰ ਸੋਗ ਦਾ ਮੈਨੂੰ ਪੂਰਨ ਤਜ਼ਰਬਾ ਹੈ। ਮੈਂ ਨਹੀਂ ਚਾਹੁੰਦੀ ਕਿ ਇਕ ਮਾਤਾ ਨੂੰ ਸੋਗ ਦੇ ਸਮੁੰਦਰ ਵਿਚ ਡੁਬੋਇਆ ਜਾਵੇ।''
ਆਪਣੇ 5 ਪੁੱਤਰ ਗੁਆ ਚੁੱਕੀ ਮਾਂ ਦੀਆਂ ਇਨ੍ਹਾਂ ਭਾਵਨਾਵਾਂ ਨੇ ਕ੍ਰਿਪੀ ਪੁੱਤਰ ਦੀ ਜਾਨ ਬਚਾਅ ਲਈ। ਅਸ਼ਵਥਾਮਾ ਦੇ ਸਿਰ ਦੀ ਮਣੀ ਕੱਢ ਕੇ ਉਸ ਨੂੰ ਆਜ਼ਾਦ ਕਰ ਦਿੱਤਾ ਗਿਆ।