Ganesh Chaturthi: ਇਸ ਵਾਰ ਗਣੇਸ਼ ਚਤੁਰਥੀ 'ਤੇ ਬਣ ਰਹੇ ਨੇ 2 ਸ਼ੁੱਭ ਸੰਯੋਗ, ਜਾਣੋ ਮੂਰਤੀ ਸਥਾਪਨਾ ਦਾ ਸ਼ੁੱਭ ਮਹੂਰਤ

09/19/2023 9:08:27 AM

ਜਲੰਧਰ (ਬਿਊਰੋ) - ਗਣੇਸ਼ ਚਤੁਰਥੀ ਦਾ ਤਿਉਹਾਰ ਭਾਰਤ ਵਿੱਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਗਣਪਤੀ ਬੱਪਾ ਆਪਣੇ ਭਗਤਾਂ ਨੂੰ ਆਸ਼ੀਰਵਾਦ ਦੇਣ ਅਤੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਜਲਦੀ ਉਹਨਾਂ ਦੇ ਘਰ ਆ ਰਹੇ ਹਨ। ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਿਨ ਲੋਕ ਬੱਪਾ ਨੂੰ 10 ਦਿਨਾਂ ਲਈ ਆਪਣੇ ਘਰ ਲੈ ਕੇ ਆਉਂਦੇ ਹਨ। ਇਨ੍ਹਾਂ 10 ਦਿਨਾਂ 'ਚ ਲੋਕ ਗਣੇਸ਼ ਜੀ ਦੀ ਪੂਰੇ ਰੀਤੀ-ਰਿਵਾਜਾਂ ਨਾਲ ਮੂਰਤੀ ਸਥਾਪਿਤ ਕਰਕੇ ਉਹਨਾਂ ਦੀ ਪੂਜਾ ਕਰਦੇ ਹਨ। 10 ਦਿਨ ਬਾਅਦ ਗਣੇਸ਼ ਵਿਸਰਜਨ 28 ਸਤੰਬਰ ਨੂੰ ਕੀਤਾ ਜਾਵੇਗਾ।

ਜਾਣੋ ਗਣੇਸ਼ ਚਤੁਰਥੀ ਦੇ ਤਿਉਹਾਰ ਦੀ ਤਾਰੀਖ਼ 
ਹਿੰਦੂ ਕੈਲੰਡਰ ਦੇ ਅਨੁਸਾਰ ਇਸ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ 2 ਦਿਨ ਤੱਕ ਰਹੇਗੀ। ਗਣੇਸ਼ ਚਤੁਰਥੀ ਦਾ ਤਿਉਹਾਰ ਇਸ ਵਾਰ 19 ਸਤੰਬਰ 2023 ਨੂੰ ਸ਼ੁਰੂ ਹੋ ਰਿਹਾ ਹੈ, ਜੋ 28 ਸਤੰਬਰ 2023 ਨੂੰ ਸਮਾਪਤ ਹੋਵੇਗਾ। ਯਾਨੀ ਕਿ 10 ਦਿਨ ਬਾਅਦ ਗਣੇਸ਼ ਵਿਸਰਜਨ 28 ਸਤੰਬਰ, 2023 ਨੂੰ ਕੀਤਾ ਜਾਵੇਗਾ।

ਗਣੇਸ਼ ਜੀ ਦੀ ਮੂਰਤੀ ਸਥਾਪਨਾ ਦਾ ਸ਼ੁੱਭ ਮਹੂਰਤ
ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਦਾ ਸ਼ੁੱਭ ਮਹੂਰਤ 18 ਸਤੰਬਰ ਨੂੰ ਦੁਪਹਿਰ 12:39 ਵਜੇ ਹੈ। ਇਹ ਮਹੂਰਤ 19 ਸਤੰਬਰ ਨੂੰ ਦੁਪਹਿਰ 01:43 ਵਜੇ ਖ਼ਤਮ ਹੋ ਜਾਵੇਗਾ। 

ਗਣੇਸ਼ ਚਤੁਰਥੀ 'ਤੇ ਬਣ ਰਹੇ ਨੇ 2 ਸ਼ੁੱਭ ਸੰਯੋਗ  
ਪੰਚਾਂਗ ਅਨੁਸਾਰ 19 ਸਤੰਬਰ ਨੂੰ ਸਵਾਤੀ ਨਕਸ਼ਤਰ ਦੁਪਹਿਰ 01:48 ਵਜੇ ਤੱਕ ਰਹੇਗਾ। ਇਸ ਤੋਂ ਬਾਅਦ ਵਿਸ਼ਾਖਾ ਨਛੱਤਰ ਰਾਤ ਤੱਕ ਰਹੇਗਾ। ਅਜਿਹੀ ਸਥਿਤੀ ਵਿੱਚ ਗਣੇਸ਼ ਚਤੁਰਥੀ ਦੇ ਦਿਨ ਦੋ ਸ਼ੁਭ ਸੰਯੋਗ ਬਣ ਰਿਹਾ ਹੈ। ਇਸ ਤੋਂ ਇਲਾਵਾ ਇਸ ਦਿਨ ਵੈਦ੍ਰਿਤੀ ਯੋਗ ਵੀ ਰਹੇਗਾ, ਜੋ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ।

ਗਣੇਸ਼ ਚਤੁਰਥੀ ਦਾ ਮਹੱਤਵ
ਪੌਰਾਣਿਕ ਮਾਨਤਾਵਾਂ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਜਿਸ ਦਿਨ ਭਗਵਾਨ ਗਣੇਸ਼ ਜੀ ਦਾ ਜਨਮ ਹੋਇਆ ਸੀ, ਉਸ ਦਿਨ ਭਾਦਰ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਸੀ। ਇਸ ਦਿਨ ਨੂੰ ਗਣੇਸ਼ ਚਤੁਰਥੀ ਅਤੇ ਵਿਨਾਇਕ ਚਤੁਰਥੀ ਵਜੋਂ ਮਨਾਇਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਜੋ ਵਿਅਕਤੀ ਭਗਵਾਨ ਗਣੇਸ਼ ਨੂੰ ਘਰ ਵਿੱਚ ਰੱਖਦਾ ਹੈ ਅਤੇ ਸੱਚੇ ਮਨ ਨਾਲ ਉਨ੍ਹਾਂ ਦੀ ਪੂਜਾ ਕਰਦਾ ਹੈ, ਉਸ ਦੇ ਜੀਵਨ ਵਿੱਚ ਬੱਪਾ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ।

rajwinder kaur

This news is Content Editor rajwinder kaur