ਮੋਹਨ ਭਾਗਵਤ ਵੱਲੋਂ ਮੋਦੀ ਸਰਕਾਰ ਦੀ ਤਾਰੀਫ਼, ਕਿਹਾ- ਸਾਡੇ ਰਾਸ਼ਟਰਵਾਦ ਨਾਲ ਕਿਸੇ ਨੂੰ ਖ਼ਤਰਾ ਨਹੀਂ

09/24/2022 1:12:53 PM

ਨਵੀਂ ਦਿੱਲੀ (ਯੂ. ਐੱਨ. ਆਈ.) : ਰਾਸ਼ਟਰੀ ਸਵੈਮ ਸੇਵਕ ਸੰਘ ( ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਤਾਰੀਫ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਰਾਸ਼ਟਰਵਾਦ ਨਾਲ ਕਿਸੇ ਨੂੰ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਇਥੇ ਰਾਸ਼ਟਰਵਾਦ ਹੈ ਹੀ ਨਹੀਂ, ਸਾਡੇ ਇਥੇ ਰਾਸ਼ਟਰੀਅਤਾ ਹੈ। ਭਾਗਵਤ ਨੇ ਕਿਹਾ ਕਿ ਭਾਰਤ ਵਿਸ਼ਵ ਨੂੰ ਬਾਜ਼ਾਰ ਨਹੀਂ ਸਗੋਂ ਪਰਿਵਾਰ ਮੰਨਦਾ ਹੈ।

ਸੰਸਾਰਕ ਬਾਜ਼ਾਰ ਦੀ ਗੱਲ ਤਾਂ ਸਭ ਲੋਕ ਕਰਦੇ ਹਨ ਪਰ ਸਿਰਫ਼ ਭਾਰਤ ਹੀ ਹੈ ਜੋ ਸੰਸਾਰਕ ਪਰਿਵਾਰ ਯਾਨੀ ਵਸੁਧੈਵ ਕੁਟੁੰਬਕਮ ਦੀ ਗੱਲ ਕਰਦਾ ਹੈ ਅਤੇ ਇਸ ਦੇ ਲਈ ਅਸੀਂ ਕੰਮ ਵੀ ਕਰਦੇ ਹਾਂ। ਭਾਗਵਤ ਸੰਕਲਪ ਫਾਊਂਡੇਸ਼ਨ ਅਤੇ ਸਾਬਕਾ ਸਿਵਲ ਸੇਵਾ ਅਧਿਕਾਰੀ ਮੰਚ ਵਲੋਂ ਡਾ. ਅੰਬੇਡਕਰ ਕੌਮਾਂਤਰੀ ਕੇਂਦਰ ਵਿਚ ਆਯੋਜਿਤ ਲੈਕਚਰ ਲੜੀ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਪ੍ਰਾਚੀਨਕਾਲ ਤੋਂ ਹੀ ਸਾਡਾ ਦੇਸ਼ ਵੰਨ-ਸੁਵੰਨਤਾ ਵਾਲਾ ਦੇਸ਼ ਰਿਹਾ ਹੈ। ਸਾਡੀ ਭੂਮੀ ਅਜਿਹੀ ਹੈ ਜੋ ਸਭ ਨੂੰ ਅੰਨ, ਜਲ ਤਾਂ ਦਿੰਦੀ ਹੀ ਹੈ, ਨਾਲ ਹੀ ਸੰਸਕਾਰ ਵੀ ਦਿੰਦੀ ਹੈ। ਇਸ ਲਈ ਇਸ ਨੂੰ ਭਾਰਤ ਮਾਤਾ ਕਹਿੰਦੇ ਹਨ। ਅਸੀਂ ਇਸ ਭੂਮੀ ਦੇ ਮਾਲਿਕ ਨਹੀਂ ਹਾਂ, ਅਸੀਂ ਇਸ ਦੇ ਪੁੱਤਰ ਹਾਂ। ਇਹ ਸਾਡੀ ਪੁੰਨ ਭੂਮੀ ਹੈ, ਕਰਮ ਭੂਮੀ ਹੈ। ਸਾਡੀ ਏਕਤਾ ਦਾ ਸੂਤਰ ਹੈ ਸੰਸਕ੍ਰਿਤੀ ਅਤੇ ਅਸੀਂ ਇਸਦਾ ਪ੍ਰਤੱਖ ਆਚਰਣ ਕਰਦੇ ਹਾਂ।

ਸਾਨੂੰ ਇਕ ਨਹੀਂ ਹੋਣਾ ਹੈ, ਅਸੀਂ ਇਕ ਹਾਂ। ਸਾਡੇ ਪੂਰਵਜਾਂ ਨੇ ਇਹ ਸਿਖਾਇਐ, ਦੱਸਿਐ ਹੈ। ਸੰਸਕ੍ਰਿਤੀ ਦੀ ਸੁਰੱਖਿਆ ਲਈ ਸਾਡੇ ਪੂਰਵਜਾਂ ਨੇ ਬਲੀਦਾਨ ਦਿੱਤਾ ਹੈ, ਲੜਾਈਆਂ ਲੜੀਆਂ ਹਨ ਅਤੇ ਸਾਡੀ ਪਛਾਣ ਹੀ ਭਾਰਤ, ਪੂਰਵਜ, ਸੰਸਕ੍ਰਿਤੀ ਤੋਂ ਹੈ। ਅਸੀਂ ਇਸ ਨੂੰ ਛੱਡਾਂਗੇ ਨਹੀਂ। ਸਾਰੇ ਪੂਜਾ, ਭਾਸ਼ਾ ਵਾਲੇ ਲੋਕਾਂ ਵਿਚ ਇਹ ਤਿੰਨੋਂ ਗੱਲਾਂ ਹੁੰਦੀਆਂ ਹਨ। ਪੱਛਮੀ ਦੇਸ਼ਾਂ ਵਿਚ ਨੇਸ਼ਨ ਦਾ ਵਿਕਾਸ ਅਤੇ ਸਾਡੇ ਦੇਸ਼ ਵਿਚ ਰਾਸ਼ਟਰ ਦਾ ਵਿਕਾਸ ਇਸ ਦਾ ਕ੍ਰਮ ਇਕਦਮ ਵੱਖਰਾ ਹੈ। ਸਾਡਾ ਨੈਸ਼ਨਲਿਜ਼ਮ ਨਹੀਂ ਹੈ, ਨਾ ਹੀ ਰਾਸ਼ਟਰਵਾਦ ਹੈ। ਸਾਡੀ ਤਾਂ ਰਾਸ਼ਟਰੀਅਤਾ ਹੈ।
 

Harnek Seechewal

This news is Content Editor Harnek Seechewal