ਦੇਸ਼ ਨੂੰ ਫੈਸਲਾ ਲੈਣ ''ਚ ਸਮਰੱਥ ਪ੍ਰਧਾਨ ਮੰਤਰੀ ਦੀ ਜ਼ਰੂਰਤ : ਅਰੁਣ ਜੇਤਲੀ

01/16/2019 12:00:30 PM

ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਉੱਚ ਆਰਥਿਕ ਵਾਧੇ ਦੀ ਰਾਹ 'ਤੇ ਅੱਗੇ ਲੈ ਜਾਣ ਅਤੇ ਦੇਸ਼ ਦੀ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜਿਹੜਾ ਸਹੀ ਫੈਸਲਾ ਲੈਣ ਦੇ ਸਮਰੱਥ ਹੋਵੇ ਅਤੇ ਉਸਦੇ ਕੋਲ ਸਪੱਸ਼ਟ ਅਧਿਕਾਰ ਹੋਣ। ਉਨ੍ਹਾਂ ਨੇ ਕਿਹਾ ਕਿ ਬੇਮੇਲ ਗਠਬੰਧਨ ਅਤੇ ਮਨਮਰਜ਼ੀ ਅਗਵਾਈ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕਦਾ।

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ’ਚ ਆਮ ਚੋਣਾਂ ਪਿੱਛੋਂ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਵਿਕਾਸ ਨੂੰ ਰਫਤਾਰ ਦੇਣ ਦੇ ਨਾਲ ਹੀ ਦੇਸ਼ ਨੂੰ  ਸੰਤੁਸ਼ਟ ਵੀ ਕਰ ਸਕਦੀ ਹੈ।  ਮੰਗਲਵਾਰ ਆਪਣੇ ਫੇਸਬੁੱਕ ਬਲਾਗ ’ਤੇ ਜੇਤਲੀ ਨੇ  ਲਿਖਿਆ ਕਿ ਭਾਰਤ ਅੱਜ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇ ਬਾਵਜੂਦ ਅਸੀਂ 7 ਤੋਂ 7.5 ਫੀਸਦੀ ਦੇ ਆਰਥਿਕ ਵਾਧੇ ਤੋਂ ਸੰਤੁਸ਼ਟ ਨਹੀਂ ਹਾਂ। ਅਸੀਂ ਤੇਜ਼ੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। 8 ਫੀਸਦੀ ਵਿਕਾਸ ਦਰ ਨੂੰ ਪਾਰ ਕਰਨਾ ਚਾਹੁੰਦੇ ਹਾਂ।  ਜੇਤਲੀ ਨੇ ਕਿਹਾ ਕਿ ਪਿਛਲੇ 5 ਸਾਲ ਵਿਚ ਸੁਗਮ ਕਾਰੋਬਾਰੀ ਸੂਚਕ ਅੰਕ ਵਿਚ ਭਾਰਤ 142ਵੇਂ ਪਾਏਦਾਨ ਤੋਂ ਸੁਧਰ ਕੇ 77ਵੇਂ ਪਾਏਦਾਨ ’ਤੇ ਆ ਗਿਆ ਹੈ। ਹੁਣ ਸਾਨੂੰ ਇਸ ਸੂਚੀ ਵਿਚ ਸ਼ਾਮਲ 50 ਪ੍ਰਮੁੱਖ ਦੇਸ਼ਾਂ ਵਿਚ ਆਪਣੀ ਥਾਂ ਬਣਾਉਣੀ ਹੈ। ਇਸ ਨੂੰ ਹਾਸਲ ਕਰਨ ਲਈ ਮੋਦੀ ਹੀ ਸਮਰੱਥ ਹਨ। ਜਿਸ ਤਰ੍ਹਾਂ 2014 ਵਿਚ ਸਪੱਸ਼ਟ ਬਹੁਮਤ ਨਾਲ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਕੀ ਹੁਣ ਉਸ ਤਰ੍ਹਾਂ ਦਾ ਬਹੁਮਤ ਮਿਲ ਸਕਦਾ ਹੈ? ਸਿਰਫ ਪੂਰਨ ਬਹੁਮਤ ਹਾਸਲ ਕਰਨ ਤੋਂ ਬਾਅਦ ਬਣਨ ਵਾਲਾ ਪ੍ਰਧਾਨ ਮੰਤਰੀ ਹੀ ਵਿਕਾਸ ਨੂੰ ਰਫਤਾਰ ਦੇ ਸਕਦਾ ਹੈ। ਮੋਦੀ ਦੇ ਕਾਰਜਕਾਲ ਵਿਚ ਔਸਤ ਵਿਕਾਸ ਦੀ ਦਰ 7.3 ਫੀਸਦੀ ਰਹੀ। ਉਹੀ ਅਗਲੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਹਨ। ਮੋਦੀ ਵਰਗਾ ਪ੍ਰਧਾਨ ਮੰਤਰੀ ਹੀ ਵਿਕਾਸ ਨੂੰ ਰਫਤਾਰ ਦੇ ਸਕਦਾ ਹੈ। 

ਵਿੱਤ ਮੰਤਰੀ ਨੇ ਕਿਹਾ ਕਿ ਯੂ. ਪੀ. ਏ. ਦੇ ਦੋ ਕਾਰਜਕਾਲ ਵਿਚ ਮਹਿੰਗਾਈ ਦੀ ਦਰ 12.2 ਤੋਂ 8.4 ਫੀਸਦੀ ਦਰਮਿਆਨ ਰਹੀ ਸੀ। 2013 ਵਿਚ ਯੂ. ਪੀ. ਏ. ਸਰਕਾਰ ਵਿਚ 9.4 ਫੀਸਦੀ ਸਾਲਾਨਾ ਮਹਿੰਗਾਈ ਦਰ ਰਹੀ ਸੀ। ਮੋਦੀ ਦੀ ਅਗਵਾਈ ਵਿਚ ਪਿਛਲੇ 5 ਸਾਲ ਦੌਰਾਨ ਮਹਿੰਗਾਈ ਕ੍ਰਮਵਾਰ 5.9, 4.9, 4.5, 3.6 ਅਤੇ 3.9 ਫੀਸਦੀ ਰਹੀ। ਮੋਦੀ ਸਰਕਾਰ ਦੇ ਕਾਰਜਕਾਲ ਤੋਂ ਪਹਿਲਾਂ ਦੇ ਸਾਲ ਵਿਚ ਮਹਿੰਗਾਈ ਦੇ ਨਰਮ ਪੈਣ ਪਿੱਛੋਂ ਇਸ ’ਤੇ ਲਗਾਤਾਰ ਕੰਟਰੋਲ ਰੱਖਿਆ ਗਿਆ। 

ਸਰਕਾਰ ਨੇ ਮਹਿੰਗਾਈ ਦੇ ਨਿਸ਼ਾਨੇ ਨੂੰ 4 ਫੀਸਦੀ ਦੇ ਘੇਰੇ ਵਿਚ ਰੱਖਣਾ ਤੈਅ ਕੀਤਾ, ਜਿਸ ਵਿਚ 2 ਫੀਸਦੀ ਦਾ ਘਾਟਾ-ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਵਿੱਤੀ ਸਾਲ ਦੇ ਅੰਤ ਤੱਕ ਭਾਰਤ ਦੇ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਨ ਦੀ ਪੂਰੀ ਸੰਭਾਵਨਾ ਹੈ। ਪਿਛਲੇ 5 ਸਾਲ ਵਿਚ ਭਾਰਤ ਦਾ ਵਿੱਤੀ ਅਨੁਸ਼ਾਸਨ ਵਧੀਆ ਰਿਹਾ ਹੈ। 

ਵਿੱਤ ਮੰਤਰੀ ਅਰੁਣ ਜੇਤਲੀ ਗੁਰਦੇ ਸਬੰਧੀ ਆਪਣੀ ਬੀਮਾਰੀ ਦੀ ਜਾਂਚ ਲਈ ਅਚਾਨਕ ਹੀ ਅਮਰੀਕਾ ਚਲੇ ਗਏ ਹਨ। ਜੇਤਲੀ ਨੇ ਗੁਰਦੇ ਦੇ ਆਪ੍ਰੇਸ਼ਨ ਪਿੱਛੋਂ 23 ਅਗਸਤ 2018 ਨੂੰ ਵਿੱਤ ਮੰਤਰਾਲਾ ਦੀ ਦੁਬਾਰਾ ਜ਼ਿੰਮੇਵਾਰੀ ਸੰਭਾਲੀ ਸੀ।  ਪਿਛਲੇ ਸਾਲ 14 ਮਈ ਨੂੰ ਉਨ੍ਹਾਂ ਦਾ ਗੁਰਦਾ ਤਬਦੀਲ ਹੋਇਆ ਸੀ। ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ। ਪਿਛਲੇ ਸਾਲ ਅਪ੍ਰੈਲ ਵਿਚ ਉਨ੍ਹਾਂ ਨੂੰ ਏਮਸ ਵਿਖੇ ਭਰਤੀ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਗੁਰਦੇ ਦਾ ਆਪ੍ਰੇਸ਼ਨ ਹੋਇਆ ਸੀ। ਸੂਤਰਾਂ ਮੁਤਾਬਕ ਅਰੁਣ ਜੇਤਲੀ ਐਤਵਾਰ ਰਾਤ ਦਿੱਲੀ ਤੋਂ ਰਵਾਨਾ ਹੋਏ।