ਹਰਸਿਮਰਤ ਬਾਦਲ ਨੇ ਲੋਕ ਸਭਾ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕੇਂਦਰ ਸਰਕਾਰ ਨੂੰ ਦਿੱਤੀ ਵੱਡੀ ਚੁਣੌਤੀ

08/02/2022 11:56:57 AM

ਨਵੀਂ ਦਿੱਲੀ : ਪੰਜਾਬ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ 'ਚ ਕਿਸਾਨਾਂ ਬਾਰੇ ਗੱਲ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸੰਸਦ 'ਚ ਮਹਿੰਗਾਈ ਦੇ ਮੁੱਦੇ 'ਤੇ ਕੀਤੀ ਜਾਣ ਵਾਲੀ ਚਰਚਾ ਨੂੰ ਟਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ਵਰਗੀ ਚੀਜ਼ ਹੀ ਨਹੀਂ ਹੈ ਪਰ ਇਹ ਬੋਲ ਗ਼ਰੀਬ ਲੋਕਾਂ ਦੀ ਤਕਲੀਫ਼ 'ਤੇ ਲੂਣ ਛਿੜਕਣ ਦਾ ਕੰਮ ਕਰਦੇ ਹਨ। ਕਾਂਗਰਸ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ, ਮੱਧ ਪ੍ਰਦੇਸ਼ ਜਾਂ ਰਾਜਸਥਾਨ ਸਮੇਤ ਹੋਰ ਸੂਬਿਆਂ 'ਚ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। 

ਇਹ ਵੀ ਪੜ੍ਹੋ- ਪਟਿਆਲਾ ਜੇਲ ’ਚ ਬੰਦ ਨਵਜੋਤ ਸਿੱਧੂ ਦੀ ਫਿਰ ਨਾਸਾਜ਼ ਹੋਈ ਸਿਹਤ

ਭਾਜਪਾ ਨੂੰ ਲੰਮੇ ਹੱਥੀ ਲੈਂਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਭਾਜਪਾ ਨੇ ਸਾਲ 2015 'ਚ ਦਾਅਵਾ ਕੀਤੀ ਸੀ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਕਿਸਾਨਾਂ ਦਾ ਆਮਦਨ 'ਚ ਵਾਧਾ ਕੀਤਾ ਜਾਵੇਗਾ ਪਰ 2022 ਆਉਣ 'ਤੇ ਭਾਜਪਾ ਸਰਕਾਰ ਕਹਿ ਰਹੀ ਹੈ ਕਿ ਤਿਰੰਗਾ ਝੰਡਾ ਲਹਿਰਾਓ। ਉਨ੍ਹਾਂ ਭਾਜਪਾ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਉਨ੍ਹਾਂ ਕਿਸਾਨਾਂ ਨੂੰ ਸੰਸਦ ਭਵਨ 'ਚ ਲਿਆਇਆ ਜਾਵੇ ਜਿਨ੍ਹਾਂ ਦੀ ਆਮਦਨ 'ਚ ਵਾਧਾ ਹੋਇਆ ਹੈ ਅਤੇ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਸੂਬੇ 'ਚੋਂ ਆਉਂਦੀ ਹਾਂ ਜਿੱਥੇ ਕਿਸਾਨਾਂ ਵੱਲੋਂ ਭਾਰਤ ਦੇ ਅਨਾਜ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜੋ ਸਰਕਾਰ ਵੱਲੋਂ ਲੋਕਾਂ ਨੂੰ ਜੋ ਰਾਸ਼ਣ ਦਿੱਤਾ ਗਿਆ ਸੀ ਉਹ ਕਿਸਾਨਾਂ ਦੀ ਬਦੌਲਤ ਹੀ ਹੋਇਆ ਸੀ, ਜਿਸ ਨਾਲ ਗ਼ਰੀਬ ਪਰਿਵਾਰਾਂ ਦਾ ਢਿੱਡ ਭਰਿਆ ਸੀ। ਉਸ ਵੇਲੇ ਵੀ ਪੰਜਾਬ ਦੇ ਕਿਸਾਨਾਂ ਨੇ ਅਨਾਜ ਭੰਡਾਰ 'ਚ ਸਭ ਤੋਂ ਵੱਧ ਹਿੱਸਾ ਪਾਇਆ ਸੀ ਪਰ ਅੱਜ ਉਹੀ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਬਦਤਰ ਬਣੀ ਹੋਈ ਹੈ ਕਿਉਂਕਿ ਸੂਬੇ ਭਰ 'ਚ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਸਾਬਕਾ ਮੁੱਖ ਮੰਤਰੀ ਚੰਨੀ ਦੀ ਭਰਜਾਈ ਦਾ SMO ਅਹੁਦੇ ਤੋਂ ਅਸਤੀਫ਼ਾ, ਸਿਹਤ ਮੰਤਰੀ ਦੇ ਛਾਪੇ ਮਗਰੋਂ ਹੋਈ ਸੀ ਬਦਲੀ

ਇਸ ਤੋਂ ਇਲਾਵਾ ਹਰਸਿਮਰਤ ਬਾਦਲ ਨੇ ਨਰਮੇ ਦੀ ਖ਼ਰਾਬ ਹੋਈ ਫ਼ਸਲ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਂਦੇ ਨਕਲੀ ਬੀਜਾਂ ਕਰਕੇ ਪੰਜਾਬ 'ਚ ਨਰਮੇ ਦੀ ਫ਼ਸਲ ਨੂੰ 3 ਸਾਲ ਤੋਂ ਲਗਾਤਾਰ ਕੀੜਿਆਂ ਵੱਲੋਂ ਖਾਧਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੁਕਾਨਦਾਰਾਂ 'ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੋ ਨਕਲੀ ਬੀਜਾਂ ਦੀ ਵਿਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਣ ਦੌਰਾਨ ਵਾਅਦਾ ਕੀਤਾ ਸੀ ਕਿ ਐੱਮ.ਐੱਸ.ਪੀ. 'ਤੇ ਕਮੇਟੀ ਬਣਾਈ ਜਾਵੇਗੀ ਅਤੇ ਉਸ ਤਹਿਤ ਹਰ ਵਾਅਦਾ ਪੂਰਾ ਕੀਤਾ ਜਾਵੇਗਾ ਪਰ ਕੇਂਦਰ ਸਰਕਾਰ ਨੇ ਉਸ ਵਿੱਚ ਵੀ ਫੇਰਬਦਲ ਕਰ ਦਿੱਤਾ ਜਿਸ 'ਤੇ ਕਿਸਾਨਾਂ ਨੇ ਵੀ ਅਸਹਿਮਤੀ ਜਤਾਈ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ , ਦਵਾਈਆਂ ਸਮੇਤ ਖਾਦਾਂ ਦੀਆਂ ਕੀਮਤਾਂ ਨੂੰ 100 ਫ਼ੀਸਦੀ ਵਧਾਇਆ ਜਾਂਦਾ ਹੈ ਪਰ ਐੱਮ.ਐੱਸ.ਪੀ. 'ਚ ਸਿਰਫ਼ 2 ਫ਼ੀਸਦੀ ਵਾਧਾ ਕੀਤਾ ਜਾਂਦਾ ਹੈ, ਕਿਉਂ? ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News