ਧਨਤੇਰਸ ਮੌਕੇ ਸੋਨੇ-ਚਾਂਦੀ ''ਤੇ ਖੂਬ ਵਰ੍ਹੇ ਨੋਟ

10/19/2017 8:10:12 AM

ਨਵੀਂ ਦਿੱਲੀ - ਸਰਾਫਾ ਕਾਰੋਬਾਰੀਆਂ ਦੇ ਲਈ ਇਸ ਵਾਰ ਦਾ ਧਨਤੇਰਸ ਉਮੀਦ ਤੋਂ ਵਧੀਆ ਰਿਹਾ। ਧਨਤੇਰਸ 'ਤੇ ਗਹਿਣੇ ਅਤੇ ਸੋਨੇ-ਚਾਂਦੀ ਦੇ ਸਿੱਕੇ ਖੂਬ ਵਿਕੇ। ਨੋਟਬੰਦੀ, ਜੀ. ਐੱਸ. ਟੀ. ਅਤੇ ਸੋਨੇ 'ਤੇ ਸਖਤ ਨਿਯਮਾਂ ਦੇ ਕਾਰਨ ਸਰਾਫਾ ਕਾਰੋਬਾਰੀਆਂ ਨੂੰ ਲੱਗ ਰਿਹਾ ਸੀ ਕਿ ਇਸ ਵਾਰ ਧਨਤੇਰਸ ਸਮੇਤ ਤਿਉਹਾਰਾਂ 'ਤੇ ਕਾਰੋਬਾਰ ਕਾਫੀ ਘੱਟ ਹੋਵੇਗਾ ਪਰ ਤਿਉਹਾਰਾਂ ਤੋਂ ਪਹਿਲਾਂ ਜੀ. ਐੱਸ. ਟੀ. ਕੌਂਸਲ ਵੱਲੋਂ ਸੋਨੇ ਨੂੰ ਮਨੀ ਲਾਂਡਰਿੰਗ  ਰੋਕੂ ਕਾਨੂੰਨ ਦੇ ਘੇਰੇ ਤੋਂ ਬਾਹਰ ਰੱਖਣ ਅਤੇ ਤੈਅ ਹੱਦ ਤੱਕ ਖਰੀਦ 'ਤੇ ਪੈਨ ਦੀ ਸ਼ਰਤ ਖਤਮ ਦੇ ਫੈਸਲੇ ਦਾ ਅਸਰ ਇਸ ਦੀ ਵਿਕਰੀ 'ਤੇ ਨਜ਼ਰ ਆਇਆ।
ਪੀ. ਸੀ. ਜਿਊਲਰਸ ਦੇ ਮੈਨੇਜਿੰਗ ਡਾਇਰੈਕਟਰ ਬਲਰਾਮ ਗਰਗ ਨੇ ਕਿਹਾ ਕਿ ਧਨਤੇਰਸ 'ਤੇ ਗਾਹਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਵਿਕਰੀ 30 ਫੀਸਦੀ ਵਧਣ ਦੀ ਉਮੀਦ ਹੈ। ਹਾਲਾਂਕਿ ਅਸਲੀ ਤਸਵੀਰ ਧਨਤੇਰਸ ਤੋਂ ਬਾਅਦ ਪਤਾ ਲੱਗੇਗੀ। ਕੂਚਾ ਮਹਾਜਨੀ ਜਿਊਲਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ. ਸੀ. ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ ਨੋਟਬੰਦੀ ਨਾਲ ਇਸ ਸਾਲ ਧਨਤੇਰਸ ਦੇ ਫਿੱਕਾ ਰਹਿਣ ਦਾ ਡਰ ਸੀ ਪਰ ਹਾਲ ਹੀ 'ਚ ਨਿਯਮਾਂ 'ਚ ਢਿੱਲ ਦੇਣ ਨਾਲ ਸਿੱਕਿਆਂ ਦੀ ਵਿਕਰੀ ਪਿਛਲੇ ਧਨਤੇਰਸ ਤੋਂ ਵੀ ਜ਼ਿਆਦਾ ਹੋਈ। ਗਹਿਣਿਆਂ ਦੀ ਵਿਕਰੀ ਵੀ ਠੀਕ ਰਹੀ, ਜਦਕਿ ਇਸ 'ਚ ਭਾਰੀ ਗਿਰਾਵਟ ਦਾ ਖਦਸ਼ਾ ਸੀ। ਹਾਲਾਂਕਿ ਕੰਜ਼ਿਊਮਰ ਡਿਊਰੇਬਲਸ ਬਾਜ਼ਾਰ 'ਚ ਓਨੀ ਚਮਕ ਨਹੀਂ ਦਿਸੀ। ਕਾਰੋਬਾਰੀਆਂ ਦੀ ਮੰਨੀਏ ਤਾਂ ਧਨਤੇਰਸ 'ਤੇ ਟੀ. ਵੀ., ਫਰਿੱਜ, ਕੰਪਿਊਟਰ ਦਾ ਸਾਮਾਨ, ਬਰਤਨ ਆਦਿ ਦਾ ਕਾਰੋਬਾਰ ਫਿੱਕਾ ਰਿਹਾ। ਸਾਈਂ ਇੰਟਰਪ੍ਰਾਈਜ਼ਜ਼ ਦੇ ਰਾਜ ਕੁਮਾਰ ਨੇ ਕਿਹਾ ਕਿ ਪਿਛਲੀ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ 15-16 ਲੱਖ ਰੁਪਏ ਦਾ ਸਮਾਨ ਵੇਚਿਆ ਸੀ। ਇਸ ਵਾਰ 2 ਦਿਨ 'ਚ ਸਿਰਫ 3 ਲੱਖ ਰੁਪਏ ਦਾ ਮਾਲ ਵਿਕਿਆ। ਦਿੱਲੀ ਬਰਤਨ ਵਪਾਰ ਸੰਘ ਦੇ ਜਨਰਲ ਸਕੱਤਰ ਮਨਮੋਹਨ ਢੀਂਗਰਾ ਨੇ ਕਿਹਾ ਕਿ ਇਸ ਧਨਤੇਰਸ 'ਤੇ ਬਰਤਨਾਂ ਦਾ ਕਾਰੋਬਾਰ ਫਿੱਕਾ ਰਿਹਾ। 
ਭਾਂਡਿਆਂ ਤੇ ਪੂਜਾ ਦੀਆਂ ਦੁਕਾਨਾਂ 'ਤੇ ਹੋਈ ਖਰੀਦਦਾਰੀ
ਭਾਂਡਿਆਂ ਅਤੇ ਪੂਜਾ ਦੀਆਂ ਦੁਕਾਨਾਂ 'ਤੇ ਹੀ ਖਰੀਦਦਾਰੀ ਦੇਖਣ ਨੂੰ ਮਿਲੀ। ਭਾਂਡੇ ਵੀ ਇਸ ਵਾਰ ਬਹੁਤ ਨੇਕ ਦਸਤੂਰ ਦੇ ਲਈ ਹੀ ਖਰੀਦੇ ਗਏ। ਭਾਂਡਿਆਂ ਦੇ ਵਪਾਰੀ ਸੁਸ਼ੀਲ ਕੌਸ਼ਲ ਨੇ ਦੱਸਿਆ ਕਿ ਧਨਤੇਰਸ ਦੇ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਲੋਕ ਕੁਝ ਨਾ ਕੁਝ ਭਾਂਡੇ ਜ਼ਰੂਰ ਖਰੀਦਦੇ ਹਨ। ਦੇਵਤਿਆਂ ਦੀਆਂ ਮੂਰਤੀਆਂ ਦੇ ਵਪਾਰੀ ਆਸ਼ੂ ਜਾਇਸਵਾਲ ਅਤੇ ਅਰੁਣ ਕੌਸ਼ਲ ਨੇ ਵੀ ਕਿਹਾ ਕਿ ਕੁਬੇਰ ਜੀ ਅਤੇ ਲਕਸ਼ਮੀ ਜੀ ਦੀਆਂ ਮੂਰਤੀਆਂ ਸਭ ਤੋਂ ਵੱਧ ਵਿਕੀਆਂ। ਇਸ ਦੀਵਾਲੀ 'ਤੇ ਝਾਲਰ ਲਾਈਟ ਦੀ ਵਿਕਰੀ ਵਿਚ ਵੀ ਕਮੀ ਦੇਖਣ ਨੂੰ ਮਿਲੀ।