ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੈੱਕ ਗਣਰਾਜ ''ਚ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ

06/06/2022 11:42:45 AM

ਪ੍ਰਾਗ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਇੱਥੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਚੈੱਕ ਗਣਰਾਜ ਦੇ ਘਟਨਾਕ੍ਰਮ ਅਤੇ ਦੋ-ਪੱਖੀ ਸੰਬੰਧਾਂ ਦੀ ਸਥਿਤੀ 'ਤੇ ਚਰਚਾ ਕੀਤੀ। ਜੈਸ਼ੰਕਰ ਮੱਧ ਯੂਰਪ ਦੇ 2 ਦੇਸ਼ਾਂ, ਸਲੋਵਾਕੀਆ ਅਤੇ ਚੈੱਕ ਗਣਰਾਜ ਦੇ ਨਾਲ ਸੰਬੰਧਾਂ ਨੂੰ ਹੋਰ ਗਤੀ ਦੇਣ ਲਈ ਆਪਣੇ ਦੌਰ ਦੇ ਅੰਤਿਮ ਪੜਾਅ 'ਚ ਪ੍ਰਾਗ ਪਹੁੰਚੇ ਹਨ। ਜੈਸ਼ੰਕਰ ਨੇ ਟਵੀਟ ਕੀਤਾ,''ਪ੍ਰਾਗ 'ਚ ਭਾਰਤੀ ਭਾਈਚਾਰੇ ਨਾਲ ਮਿਲ ਕੇ ਕਾਫ਼ੀ ਖ਼ੁਸ਼ੀ ਹੋਈ। ਉਨ੍ਹਾਂ 'ਚੋਂ ਕਈਆਂ ਨੂੰ ਆਪਣੇ ਜੀਵਨ 'ਚ ਬਿਹਤਰ ਕਰਦੇ ਹੋਏ ਦੇਖ ਕਾਫ਼ੀ ਚੰਗਾ ਲੱਗਾ। ਇੱਥੇ ਭਾਈਚਾਰੇ ਦਾ ਵਿਸਥਾਰ ਵੀ ਪ੍ਰੇਰਨਾਦਾਇਕ ਹੈ। ਉਨ੍ਹਾਂ ਨਾਲ ਘਰੇਲੂ ਘਟਨਾਕ੍ਰਮ ਅਤੇ ਦੋ-ਪੱਖੀ ਸੰਬੰਧਾਂ ਦੀ ਸਥਿਤੀ 'ਤੇ ਚਰਚਾ ਕੀਤੀ। ਉਨ੍ਹਾਂ ਦੇ ਲਗਾਤਾਰ ਸਮਰਥਨ 'ਤੇ ਭਰੋਸਾ ਹੈ।''

ਵਿਦੇਸ਼ ਮੰਤਰੀ ਸਲੋਵਾਕੀਆ ਦੀ ਰਾਜਧਾਨੀ ਬ੍ਰਾਤਿਸਲਾਵਾ ਤੋਂ ਸ਼ਨੀਵਾਰ ਨੂੰ ਪ੍ਰਾਗ ਪਹੁੰਚੇ ਸਨ। ਜੈਸ਼ੰਕਰ ਨੇ ਐਤਵਾਰ ਨੂੰ ਚੈੱਕ ਗਣਰਾਜ ਦੇ ਵਿੱਤ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ। ਚੈੱਕ ਗਣਰਾਜ ਇਕ ਜੁਲਾਈ ਤੋਂ ਯੂਰਪੀ ਸੰਘ (ਈ.ਯੂ) ਦੀ ਪ੍ਰਧਾਨਗੀ ਸੰਭਾਲੇਗਾ। ਅਧਿਕਾਰਤ ਅੰਕੜਿਆਂ ਅਨੁਸਾਰ, ਚੈੱਕ ਗਣਰਾਜ 'ਚ ਕਰੀਬ 5000 ਭਾਰਤੀ ਨਾਗਰਿਕ ਵਸੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਆਈ.ਟੀ. ਪੇਸ਼ੇਵਰ, ਵਪਾਰੀ ਅਤੇ ਵਿਦਿਆਰਥੀ ਹਨ। ਇੱਥੇ ਭਾਰਤੀ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਕਈ ਗੈਰ-ਰਸਮੀ ਸੰਘ ਹਨ, ਜੋ ਦੂਤਘਰ ਦੇ ਸਹਿਯੋਗ ਨਾਲ ਭਾਈਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ। ਜੈਸ਼ੰਕਰ ਦੀ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਯੂਰਪ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ ਅਤੇ ਯੂਰਪੀ ਦੇਸ਼ ਭਾਰਤ ਨੂੰ ਲਗਾਤਾਰ ਰੂਸ ਦੇ ਕਦਮਾਂ ਨੂੰ ਲੈ ਕੇ ਇਕ ਰੁਖ ਅਪਣਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha