ਬ੍ਰੈਸਟ ਹਟਾਏ ਬਿਨਾਂ ਲੇਜ਼ਰ ਨਾਲ ਕੈਂਸਰ ਦਾ ਕਾਰਗਰ ਇਲਾਜ

11/22/2019 9:17:09 AM

ਨਵੀਂ ਦਿੱਲੀ (ਬਿਊਰੋ) — ਦੇਸ਼ 'ਚ ਔਰਤਾਂ ਦੀ ਮੌਤ ਦੇ ਸਭ ਤੋਂ ਵੱਡੇ ਕਾਰਨ ਬ੍ਰੈਸਟ ਕੈਂਸਰ ਨਾਲ ਜੰਗ 'ਚ ਲੇਜ਼ਰ ਤਕਨੀਕ ਬਹੁਤ ਕਾਰਗਰ ਸਿੱਧ ਹੋ ਰਹੀ ਹੈ। ਕੈਂਸਰ ਸਰਜਰੀ ਦੇ ਕੁਲ ਮਾਮਲਿਆਂ 'ਚ 80 ਫੀਸਦੀ ਮੂੰਹ ਅਤੇ ਬ੍ਰੈਸਟ ਕੈਂਸਰ ਦੇ ਹਨ। ਅਜਿਹੇ 'ਚ ਇਸ ਨਵੀਂ ਤਕਨੀਕ ਨੂੰ ਸਾਰਿਆਂ ਲਈ ਸੌਖਾ ਬਣਾਉਣ ਦੀ ਸਖਤ ਲੋੜ ਹੈ। ਦੇਸ਼ 'ਚ ਬ੍ਰੈਸਟ ਕੈਂਸਰ ਦੇ ਮਾਮਲੇ ਵਧ ਰਹੇ ਹਨ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਆਪਣੀ ਰਿਪੋਰਟ 'ਚ ਅਗਲੇ ਸਾਲ ਤੱਕ ਇਸ ਕੈਂਸਰ ਦੇ 17.3 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਦੀ ਸ਼ੰਕਾ ਪ੍ਰਗਟਾਈ ਹੈ, ਜਿਨ੍ਹਾਂ 'ਚ 50 ਫੀਸਦੀ ਤੋਂ ਵੱਧ ਔਰਤਾਂ ਦੀ ਜਾਨ ਨੂੰ ਜੋਖਮ ਹੈ। ਰੋਗੀ ਦੀ ਜਾਨ ਬਚਾਉਣ ਲਈ ਬ੍ਰੈਸਟ ਹਟਾ ਕੇ ਵੱਖ ਕਰ ਦਿੱਤੀ ਜਾਂਦੀ ਹੈ ਅਤੇ ਮੂੰਹ ਦੀ ਸਰਜਰੀ 'ਚ ਰੋਗੀ ਦਾ ਚਿਹਰਾ ਖਰਾਬ ਹੋ ਜਾਂਦਾ ਹੈ। ਅਜਿਹੇ ਵਿਚ ਲੇਜ਼ਰ ਤਕਨੀਕ ਵੱਡੀ ਆਸ ਦੇ ਰੂਪ 'ਚ ਸਾਹਮਣੇ ਆਈ ਹੈ। ਇਨ੍ਹਾਂ ਮਾਮਲਿਆਂ 'ਚ ਪ੍ਰੇਸ਼ਾਨੀਆਂ ਤੋਂ ਬਹੁਤ ਨਿਜਾਤ ਮਿਲੀ ਹੈ ਅਤੇ ਸਫਲਦਾ ਦਾ ਗ੍ਰਾਫ ਵੀ ਚੰਗਾ ਹੈ।

ਮੁੰਬਈ ਦੇ ਆਰਚਿਡ ਕੈਂਸਰ ਟਰੱਸਟ ਦੇ ਸੰਸਥਾਪਕ ਡਾ. ਰੂਸੀ ਭੱਲਾ ਨੇ 8 ਸਾਲ ਪਹਿਲਾਂ ਲੇਜ਼ਰ ਨਾਲ ਮੂੰਹ ਦੇ ਕੈਂਸਰ ਦਾ ਇਲਾਜ ਸੁਰੂ ਕੀਤਾ। ਇਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਇਹ ਅੰਤਰਰਾਸ਼ਟਰੀ ਤਕਨੀਕ ਹੈ, ਜਿਸ ਦੀ ਡਾ. ਭੱਲਾ ਨੇ ਦੇਸ਼ 'ਚ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਮੂੰਹ ਅਤੇ ਬ੍ਰੈਸਟ ਦੇ ਕਈ ਰੋਗੀਆਂ ਦਾ ਲੇਜ਼ਰ ਤਕਨੀਕ ਨਾਲ ਇਲਾਜ ਕੀਤਾ ਹੈ ਅਤੇ ਰਵਾਇਤੀ ਸਰਜਰੀ ਦੇ ਮੁਕਾਬਲੇ ਸਸਤੀ ਇਸ ਸਰਜਰੀ ਦਾ ਨਤੀਜਾ ਹੈਰਾਨੀਜਨਕ ਰਿਹਾ ਹੈ। ਡਾਕਟਰ ਮੁਤਾਬਕ ਇਸ ਤਕਨੀਕ ਨਾਲ ਮੂੰਹ ਦੇ ਕੈਂਸਰ ਦੇ ਰੋਗੀਆਂ ਨੂੰ ਚੰਗੀ ਉਮਰ ਵੀ ਮਿਲੀ ਹੈ। ਬ੍ਰੈਸਟ ਕੈਂਸਰ 'ਚ ਜਿਥੇ ਔਰਤਾਂ ਨੂੰ ਬ੍ਰੈਸਟ ਹਟਾਉਣ ਦੀ ਦਰਦ ਅਤੇ ਹੀਣ ਭਾਵਨਾ 'ਚੋਂ ਲੰਘਣਾ ਪੈਂਦਾ ਹੈ, ਅਜਿਹੇ ਕੈਂਸਰ ਦੇ ਤੀਸਰੇ ਪੜਾਅ 'ਚ ਵੀ ਲੇਜ਼ਰ ਸਰਜਰੀ ਨਾਲ ਬਿਨਾਂ ਚੀਰ-ਫਾੜ ਅਤੇ ਬਾਹਰੀ ਦਾਗ-ਧੱਬੇ ਦਾ ਇਲਾਜ ਸੰਭਵ ਹੋਇਆ ਹੈ। ਇਲਾਜ ਦੇ 6-7 ਸਾਲ ਬਾਅਦ ਐੱਮ. ਆਰ. ਆਈ. ਰਿਪੋਰਟ 'ਚ ਕੈਂਸਰ ਦਾ ਨਾਮੋ-ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਮੁਤਾਬਕ ਬਦਕਿਸਮਤੀ ਦੀ ਗੱਲ ਹੈ ਕਿ ਇਸ ਵਿਧੀ ਦੇ ਇਲਾਜ ਦੇ ਸਬੰਧ 'ਚ ਨਾ ਤਾਂ ਸਮਾਜ ਜਾਗਰੂਕ ਹੈ ਅਤੇ ਨਾ ਹੀ ਕਾਰਪੋਰੇਟ ਜਗਤ ਜਾਂ ਸਮਾਜਸੇਵੀ ਸੰਗਠਨਾਂ ਵਲੋਂ ਹੀ ਕੁਝ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਇਸ ਤਕਨੀਕ ਨਾਲ ਇਲਾਜ ਕਰਵਾ ਕੇ ਵੱਡੀ ਗਿਣਤੀ 'ਚ ਲੋਕ ਲਾਭ ਲੈ ਸਕਣ। ਦੁਨੀਆ ਦੇ ਕਈ ਦੇਸ਼ਾਂ 'ਚ ਮੂੰਹ ਅਤੇ ਬ੍ਰੈਸਟ ਦੇ ਕੈਂਸਰ ਦਾ ਇਲਾਜ ਮਾਨਤਾ ਪ੍ਰਾਪਤ ਲੇਜ਼ਰ ਤਕਨੀਕ ਨਾਲ ਹੋ ਰਿਹਾ ਹੈ। ਇਸ ਦੇ ਪ੍ਰਚੱਲਿਤ ਹੋਣ ਦਾ ਮੁੱਖ ਕਾਰਣ ਰੋਗੀ ਦਾ ਜਲਦੀ ਅਤੇ ਘੱਟ ਸਮੇਂ 'ਚ ਇਲਾਜ ਹੋਣਾ, ਘੱਟ ਖਰਚੀਲਾ ਹੋਣਾ ਹੈ।

ਹਰ ਸਾਲ ਪੈਨਕ੍ਰਿਯਾਟਿਕ ਕੈਂਸਰ ਨਾਲ ਮਰ ਜਾਂਦੇ ਹਨ 45000 ਲੋਕ
ਵਰਲਡ ਪੈਨਕ੍ਰਿਯਾਟਿਕ ਕੈਂਸਰ ਡੇਅ ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਸਾਡੇ ਸਮਾਜ ਨੂੰ ਹਰ ਸਾਲ ਵੱਡਾ ਮਨੁੱਖੀ ਨੁਕਸਾਨ ਪਹੁੰਚ ਰਿਹਾ ਹੈ। ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਸਿਰਫ ਯੂਨਾਈਟਿਡ ਸਟੇਟ 'ਚ ਹੀ ਪੈਨਕ੍ਰਿਯਾਟਿਕ ਕੈਂਸਰ ਦੀ ਲਪੇਟ 'ਚ ਲੱਗਭਗ 55 ਹਜ਼ਾਰ ਲੋਕ ਆਉਂਦੇ ਹਨ, ਜਿਨ੍ਹਾਂ ਵਿਚੋਂ 45 ਹਜ਼ਾਰ ਲੋਕਾਂ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।


Related News