ਭਾਈ ਵਡਾਲਾ ਦਾ ਮਨਜਿੰਦਰ ਸਿਰਸਾ 'ਤੇ ਵੱਡਾ ਹਮਲਾ, ਕਿਹਾ-ਸਿੱਖ ਧਰਮ ਦੇ ਦੋਖੀਆਂ ਨੂੰ ਕਰ ਰਿਹਾ ਸਨਮਾਨਿਤ

05/11/2021 4:47:17 PM

ਨਵੀਂ ਦਿੱਲੀ : ਬੀਤੇ ਦਿਨੀਂ ਅਦਾਕਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦਾਨ ਵਜੋਂ 2 ਕਰੋੜ ਰੁਪਏ ਭੇਟ ਕੀਤੇ ਗਏ। ਇਸ ਨੂੰ ਲੈ ਕੇ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ’ਤੇ ਚੁਫੇਰਿਓਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਭਾਈ ਬਲਦੇਵ ਸਿੰਘ ਵਡਾਲਾ ਨੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਦਾਨ ਲੈਣ ’ਤੇ ਸਿਰਸਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਖ ਸੰਗਤ ਨੂੰ ਯਾਦ ਹੈ ਕਿ ਇਹੀ ਉਹ ਅਮਿਤਾਭ ਬੱਚਨ ਹੈ, ਜਿਸ ਨੇ 1984 ’ਚ ਸਿੱਖਾਂ ਦਾ ਕਤਲ ਕਰਨ ਤੇ ਕਰਵਾਉਣ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਸੀ। ਸਿੱਖ ਸੰਗਤ ਇਸ ਨੂੰ ਕਿਵੇਂ ਭੁੱਲ ਸਕਦੀ ਹੈ। ਭਾਈ ਵਡਾਲਾ ਨੇ ਕਿਹਾ ਕਿ ਸਿਰਸਾ ਕਿਸ ਮੂੰਹ ਨਾਲ ਅਮਿਤਾਭ ਬੱਚਨ ਤੋਂ ਪੈਸੇ ਲੈਣ ਨੂੰ ਰਾਜ਼ੀ ਹੋ ਗਿਆ, ਜਦਕਿ ਉਹ ਸੱਚਾਈ ਤੋਂ ਜਾਣੂ ਹੈ ਕਿ ਇਹੀ ਅਮਿਤਾਭ ਬੱਚਨ ਸੀ, ਜੋ ਕਹਿੰਦਾ ਸੀ ਕਿ ਸਿੱਖਾਂ ਦਾ ਇੰਨਾ ਖ਼ੂਨ ਡੁੱਲ੍ਹਣਾ ਚਾਹੀਦਾ ਹੈ ਕਿ ਉਸ ਖੂਨ ਦੇ ਛਿੱਟੇ ਪੰਜਾਬ ਤਕ ਜਾਣ।

ਉਨ੍ਹਾਂ ਕਿਹਾ ਕਿ ਇਹ ਉਹੀ ਅਮਿਤਾਭ ਬੱਚਨ ਹੈ, ਜਿਸ ਨੇ ਕਿਹਾ ਸੀ ਕਿ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਵੇ। ਅੱਜ ਮਨਜਿੰਦਰ ਸਿੰਘ ਸਾਨੂੰ ਉਸ ਨੂੰ ਸਨਮਾਨਿਤ ਕਰ ਕੇ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਵਧੀਕੀਆਂ ਸਾਡੇ ਨਾਲ ਹੋਈਆਂ ਹਨ, ਉਸ ਦਾ ਮੁਆਵਜ਼ਾ 2 ਕਰੋੜ ਰੁਪਏ ਬਣਦਾ ਹੈ। ਉਹ ਇਹ ਨਾ ਸੋਚਣ ਕਿ ਉਨ੍ਹਾਂ ਦੇ ਦੋ ਕਰੋੜ ਨਾਲ ਗੁਰਦੁਆਰਾ ਸਾਹਿਬਾਨ ਚਲਦੇ ਨੇ। ਭਾਈ ਬਲਦੇਵ ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਹੀ ਦੱਸਣ ਕਿ ਪਿਛਲੀ ਵਾਰ ਵੀ ਲਾਕਡਾਊਨ ਦੌਰਾਨ ਕਈ ਸਾਜ਼ਿਸ਼ਾਂ ਤਹਿਤ ਜੋ ਉਗਰਾਹੀਆਂ ਕੀਤੀਆਂ, ਦਾ ਪੈਸੇ ਕਿੱਥੇ ਗਿਆ।

ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਲੋਕਾਂ ਨੂੰ ਲੈ ਕੇ ਰਾਜਨੀਤੀ ਕਰਦਿਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 2 ਕਰੋੜ ਰੁਪਏ ਅਮਿਤਾਭ ਬੱਚਨ ਤੋਂ ਲੈ ਰਿਹਾ ਹੈ, ਉਹ ਦੱਸੇ ਕਿ ਅਮਿਤਾਭ ਨਾਲ ਉਸ ਦੀ ਕੀ ਰਿਸ਼ਤੇਦਾਰੀ ਹੈ ? ਸਿਰਸਾ 2 ਕਰੋੜ ਰੁਪਏ ਲੈ ਕੇ ਸਾਬਤ ਕਰਨਾ ਚਾਹੁੰਦਾ ਹੈ ਕਿ 1984 ’ਚ ਜਿਹੜੇ ਲੋਕ ਮਾਰੇ ਗਏ, ਉਹ ਦੋਸ਼ੀ ਸਨ। ਉਨ੍ਹਾਂ ਦਿੱਲੀ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਹੋਣ ਲਈ ਕਿਹਾ। ਭਾਈ ਸਾਹਿਬ ਨੇ ਅੱਗੇ ਕਿਹਾ ਕਿ ਸਿਰਸਾ ਨੇ ਕਤਲ ਕਰਨ ਤੇ ਕਰਵਾਉਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਹੀਰੋ ਬਣਾ ਕੇ ਸਿੱਖ ਕੌਮ ਸਾਹਮਣੇ ਪੇਸ਼ ਕੀਤਾ ਹੈ। ਉਹ ਕੋਰੋਨਾ ਦੀ ਆੜ ’ਚ ਸਿੱਖਾਂ ਦੇ ਕਾਤਲਾਂ ਨੂੰ ਸਨਮਾਨ ਦੇ ਰਿਹਾ ਹੈ।


Manoj

Content Editor

Related News