‘ਆਪ’ ਸੰਸਦ ਮੈਂਬਰਾਂ ਨੇ ਲੋੜੀਂਦੀਆਂ ਚੀਜ਼ਾਂ ’ਤੇ ਮਹਿੰਗਾਈ ਤੇ GST ਦਰਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

07/22/2022 2:17:40 PM

ਲੁਧਿਆਣਾ/ਜਲੰਧਰ (ਜੋਸ਼ੀ, ਧਵਨ) : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਬੀਤੇ ਦਿਨ ‘ਆਪ’ ਸੰਸਦ ਮੈਂਬਰ ਰਾਘਵ ਚੱਢਾ, ਸੰਜੇ ਸਿੰਘ, ਸੰਜੀਵ ਅੋਰੜਾ ਅਤੇ ਸੁਸ਼ੀਲ ਗੁਪਤਾ ਨੇ ਸੰਸਦ ’ਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਮਹਿੰਗਾਈ ਅਤੇ ਜੀ. ਐੱਸ. ਟੀ. ਦਰਾਂ ਵਿਚ ਵਾਧੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਫ਼ਸਲਾਂ ਦੇ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਸਿਫਾਰਸ਼ ਕਰਨ ਲਈ ਸਮਿਤੀ ਬਣਾਉਂਦੇ ਹੋਏ ਪੰਜਾਬ ਦੀ ਅਣਦੇਖੀ ਕਰਨ ਲਈ ਕੇਂਦਰ ਸਰਕਾਰ ਦਾ ਵੀ ਸਖ਼ਤ ਵਿਰੋਧ ਕੀਤਾ। ਸੰਸਦ ਮੈਂਬਰਾਂ ਦੇ ਹੱਥਾਂ ’ਚ ਪਲੇਅ ਕਾਰਡ ਫੜੇ ਹੋਏ ਸਨ ਜਿਨ੍ਹਾਂ ’ਤੇ ‘ਪੰਜਾਬ ਦੇ ਕਿਸਾਨ ਦਾ ਹੱਕ ਇਥੇ ਰੱਖ’, ‘ਐੱਮ. ਐੱਸ. ਪੀ. ਦੀ ਕਮੇਟੀ ਖਾਰਿਜ ਕਰੋ’ ਅਤੇ ‘ਐੱਮ. ਐੱਸ. ਪੀ. ਦੀ ਗਾਰੰਟੀ ਲੈ ਕੇ ਰਹਿਣਗੇ’ ਦੇ ਨਾਅਰੇ ਲਿਖੇ ਹੋਏ ਸਨ। ਉਹ ਪ੍ਰਦਰਸ਼ਨ ਦੌਰਾਨ ਨਾਅਰੇ ਵੀ ਲਗਾ ਰਹੇ ਸਨ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਇਸ ਦੌਰਾਨ ਰਾਘਵ ਚੱਢਾ ਨੇ ਮੰਗ ਕੀਤੀ ਕਿ ਪੰਜਾਬ ਨੂੰ ਇਸ ਐੱਮ. ਐੱਸ. ਪੀ. ਕਮੇਟੀ ਵਿਚ ਸ਼ਾਮਲ ਕੀਤਾ ਜਾਵੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਮੇਟੀ ਵਿਚ ਸਿਰਫ਼ ਆਪਣੇ ਨੁਮਾਇੰਦੇ ਸ਼ਾਮਲ ਕੀਤੇ ਹਨ ਅਤੇ ਇਹ ਨੁਮਾਇੰਦੇ ਉਹ ਹਨ ਜਿਨ੍ਹਾਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕਮੇਟੀ ਖ਼ਿਲਾਫ਼ ਉਨ੍ਹਾਂ ਦਾ ਇਹ ਧਰਨਾ ਅੱਗੇ ਵੀ ਜਾਰੀ ਰਹੇਗਾ ਅਤੇ ਅਸੀਂ ਉਦੋਂ ਤਕ ਚੁੱਪ ਨਹੀਂ ਬੈਠਾਂਗੇ ਜਦੋਂ ਤਕ ਕੇਂਦਰ ਸਰਕਾਰ ਕਮੇਟੀ ਵਿਚ ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੰਦੀ। ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਮਹਿੰਗਾਈ ਅਤੇ ਹਾਲ ਹੀ ਵਿਚ ਜੀ. ਐੱਸ. ਟੀ. ਦਰਾਂ ਵਿਚ ਵਾਧੇ ਨੇ ਆਮ ਆਦਮੀ ’ਤੇ ਵਾਧੂ ਬੋਝ ਪਾਇਆ ਹੈ। ਅਜਿਹਾ ਲਗਦਾ ਹੈ ਕਿ ਮੋਦੀ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਨਵੀਆਂ ਉਚਾਈਆਂ ਨੂੰ ਛੋਹ ਰਹੀ ਮਹਿੰਗਾਈ ’ਤੇ ਜੇਕਰ ਪਾਬੰਦੀ ਨਾ ਲਗਾਈ ਗਈ ਤਾਂ ਸ਼੍ਰੀਲੰਕਾ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਅਰੋੜਾ ਨੇ ਕਿਹਾ ਕਿ ਉਨ੍ਹਾਂ ਅਤੇ ‘ਆਪ’ ਦੇ ਹੋਰ ਸੰਸਦ ਮੈਂਬਰਾਂ ਨੇ ਕੇਂਦਰ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਮਹਿੰਗਾਈ ’ਤੇ ਲਗਾਮ ਕੱਸੇ ਅਤੇ ਜੀ. ਐੱਸ. ਟੀ. ਦੀਆਂ ਦਰਾਂ ਵਿਚ ਹਾਲ ਦੇ ਵਾਧੇ ਨੂੰ ਲੋਕਾਂ ਅਤੇ ਦੇਸ਼ ਦੇ ਵੱਡੇ ਹਿੱਤ ਵਿਚ ਵਾਪਸ ਲਵੇ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal