ਦਿੱਲੀ ਦੇ ਸਰਕਾਰੀ ਸਕੂਲਾਂ ਦੇ 1,141 ਵਿਦਿਆਰਥੀਆਂ ਨੇ JEE ਤੇ NEET ਦੀ ਪ੍ਰੀਖਿਆ ਕੀਤੀ ਪਾਸ : ਕੇਜਰੀਵਾਲ

09/16/2022 4:23:51 PM

ਨਵੀਂ ਦਿੱਲੀ (ਭਾਸ਼ਾ) :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਮੁਹੱਈਆ ਕਰਵਾਈ ਜਾ ਰਹੀ ਮਿਆਰੀ ਸਿੱਖਿਆ ਦੇ ਚਲਦਿਆਂ 1,141 ਵਿਦਿਆਰਥੀਆੰ ਨੇ ਜੇ.ਈ.ਈ ਤੇ ਨੀਟ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਕੇਜਰੀਵਾਲ ਨੇ ਇਹ ਪ੍ਰਗਟਾਵਾ ਸਾਂਝੀ ਦਾਖ਼ਲਾ ਪ੍ਰੀਖਿਆ (ਜੇ.ਈ.ਈ) ਤੇ ਰਾਸ਼ਟਰੀ ਯੋਗਤਾ ਦਾਖ਼ਲਾ ਪ੍ਰੀਖਿਆ ਦੇ (ਐਨ.ਈ.ਈ.ਟੀ) ਦੇ ਟਾਪਰਾਂ ਨੂੰ ਸਨਮਾਨਿਤ ਕਰਦੇ ਹੋਏ  ਤਿਆਗਰਾਜ ਸਟੇਡੀਅਮ 'ਚ ਕਰਵਾਏ ਪ੍ਰੋਗਰਾਮ ਦੌਰਾਨ ਕੀਤਾ। ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਦੇ 18 ਕਰੋੜ ਬੱਚੇ ਸਰਕਾਰ ਸਕੂਲਾਂ 'ਚ ਪੜ੍ਹਦੇ ਹਨ ਤੇ ਉਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਖ਼ਰਾਬ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਦਿੱਲੀ 'ਚ ਕੀਤਾ ਹੈ ਉਸ ਤਰ੍ਹਾਂ ਬਾਕੀ ਸਰਕਾਰੀ ਸਕੂਲਾਂ 'ਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਅਸੀਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ, ਜਿਸ ਕਾਰਨ ਸਾਡੇ ਸਰਕਾਰੀ ਸਕੂਲਾਂ ਦੇ 1,141 ਵਿਦਿਆਰਥੀਆਂ ਨੇ ਜੇ.ਈ.ਈ ਤੇ ਐਨ.ਈ.ਈ.ਟੀ ਪ੍ਰੀਖਿਆ ਪਾਸ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਇਹ ਧਾਰਨਾ ਬਣਾਈ ਗਈ ਸੀ ਕਿ ਸਰਕਾਰਾਂ ਸਰਕਾਰੀ ਸਕੂਲ ਨਹੀਂ ਚਲਾ ਸਕਦੀਆਂ ਤੇ ਅਜਿਹੇ ਸਕੂਲਾਂ ਨੂੰ ਨਿੱਜੀ ਹੱਥਾਂ 'ਚ ਸੌਂਪ ਦੇਣਾ ਚਾਹੀਦਾ ਹੈ ਜਾਂ ਸੀ.ਐਸ.ਆਰ ਦੇ ਰਾਹੀਂ ਚਲਾਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਿੱਖਿਆ ਕੋਈ ਦਾਨ ਕਰਨ ਵਾਲੀ ਚੀਜ਼ ਨਹੀਂ ਹੈ, ਇਹ ਇਕ ਅਧਿਕਾਰ ਹੈ। ਜੇਕਰ ਅਸੀਂ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਵਾਂਗੇ ਤਾਂ ਦੇਸ਼ ਦੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਜੇ.ਈ.ਈ ਤੇ ਐਨ.ਈ.ਟੀ ਪ੍ਰੀਖਿਆ ਪਾਸ ਕਰਨ ਵਾਲੇ 28 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। 

Anuradha

This news is Content Editor Anuradha