ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ

05/18/2021 2:18:38 PM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਗੁਰੂ ਕੇ ਲਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਮਈ 1718 ਈ. ਨੂੰ ਲਾਹੌਰ ਨੇੜੇ ਪਿੰਡ ਆਹਲੂ ਵਿੱਚ ਹੋਇਆ। ਮਾਤਾ ਸੁੰਦਰੀ ਜੀ ਦੇ ਲਾਡ ਪਿਆਰ ਵਿੱਚ ਪਲੇ ਅਤੇ ਕੌਮ ਦੇ ਮੋਢੀ ਨਵਾਬ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਵਾਨ ਚੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿੱਥੇ ਗੁਰਬਾਣੀ ਪੜ੍ਹਦੇ ਅਤੇ ਕੀਰਤਨ 'ਚ ਮੁਹਾਰਤ ਰੱਖਦੇ ਸਨ ਉੱਥੇ ਆਪ ਤਲਵਾਰ ਅਤੇ ਤੀਰ ਦੇ ਵੀ ਧਨੀ ਸਨ । ਖ਼ਾਲਸਾ ਰਾਜ ਦੀ ਸਥਾਪਨਾ ਵਿੱਚ ਇਸ ਮਹਾਨ ਯੋਧੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਲ ਖ਼ਾਲਸੇ ਦੇ ਮੁਖੀ ਹੋਣ ਦੇ ਨਾਤੇ ਇਨ੍ਹਾਂ ਦੀ ਅਗਵਾਈ ਹੇਠਾਂ ਹੀ ਦਿੱਲੀ ਅਤੇ ਲਾਹੌਰ 'ਤੇ ਸਿੰਘਾਂ ਦਾ ਰਾਜ ਕਾਇਮ ਹੋਇਆ। ਇਸ ਮਹਾਨ ਯੋਧੇ ਦੀ ਅਗਵਾਈ ਅਤੇ ਪੰਥ ਦੀ ਸੇਵਾ ਸਦਕਾ ਇਹਨਾਂ ਨੂੰ ਨਵਾਬ , ਬੰਦੀਛੋੜ ਅਤੇ ਸੁਲਤਾਨ-ਉਲ-ਕੌਮ ਦੇ ਰੁਤਬਿਆਂ ਨਾਲ ਸਨਮਾਨਿਆ ਗਿਆ। 

ਮਿਸਲਾਂ ਦੀ ਸਥਾਪਨਾ ਹੋਣ 'ਤੇ ਇਨ੍ਹਾਂ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਥਾਪਿਆ ਗਿਆ ਅਤੇ ਬਾਅਦ ਵਿੱਚ ਮਿਸਲਾਂ ਦੇ ਆਪਸੀ ਮਤਭੇਦ ਨਜਿੱਠਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਨੂੰ ਦਿੱਤੀ ਗਈ । ਇੱਥੋਂ ਹੀ ਖ਼ਾਲਸਾ ਰਾਜ ਦੀ ਸਥਾਪਨਾ ਦੀ ਨੀਂਹ ਪਈ। ਇਹਨਾਂ ਵੱਲੋਂ ਆਹਲੂਵਾਲੀਆ ਕਿਲ੍ਹੇ ਅਤੇ ਹੋਰ ਕਈ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ ਗਿਆ। ਛੋਟਾ ਘੱਲੂਘਾਰਾ , ਵੱਡਾ ਘੱਲੂਘਾਰਾ ਅਤੇ ਤਕਰੀਬਨ ਸਾਰੀਆਂ ਸਮਕਾਲੀ ਲੜਾਈਆਂ ਇਹਨਾ ਦੀ ਅਗਵਾਈ ਹੇਠ ਹੀ ਲੜੀਆਂ ਗਈਆਂ। 

ਅਹਿਮਦ ਸ਼ਾਹ ਵੱਲੋਂ ਹਰਿਮੰਦਰ ਸਾਹਿਬ ਬਾਰੂਦ ਨਾਲ ਉਡਾਉਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਬਣਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਵੈਸਾਖ 1821 ਬਿਕਰਮੀ ਸੰਮਤ(1764 ਈ.) ਨੂੰ ਕੀਤੀ ਗਈ। ਸਰਹਿੰਦ ਜਿੱਤਣ ਉਪਰੰਤ ਇਨ੍ਹਾਂ ਦੇ ਹਿੱਸੇ 9 ਲੱਖ ਰੁਪਏ ਆਏ ਜੋਕਿ ਇਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਢੇਰੀ ਕਰ ਦਿੱਤੇ, ਜਿਸਨੂੰ ਗੁਰੂ ਕੀ ਚਾਦਰ ਕਿਹਾ ਗਿਆ। ਬਾਕੀ ਸਰਦਾਰਾਂ ਨੇ 5 ਲੱਖ ਰੁਪਏ ਇਕੱਠੇ ਕੀਤੇ ਤੇ ਇਸ 14 ਲੱਖ ਰੁਪਏ ਨਾਲ ਮੌਜੂਦਾ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਮੁੜ ਤੋਂ ਨਿਰਮਾਣ ਹੋਇਆ ਜਿਸ 'ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੋਨੇ ਦੀ ਸੇਵਾ ਕਰਵਾਈ ਗਈ। ਸੋਨੇ ਦੀ ਸੇਵਾ ਵੀ ਆਹਲੂਵਾਲੀਆ ਸਰਦਾਰਾਂ ਵੱਲੋਂ ਵਧ ਚੜ੍ਹ ਕੇ ਕੀਤੀ ਗਈ। ਹਰਿਮੰਦਰ ਸਾਹਿਬ ਦੇ ਉਪਰਲੇ ਸਾਰੇ ਗੁੰਬਦਾਂ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਪੈਰੋਕਾਰ ਸਰਦਾਰ ਫਤਹਿ ਸਿੰਘ ਨੇ ਨਿਭਾਈ। ਕੱਤਕ ਬਿਕਰਮੀ ਸੰਮਤ 1840 (1783 ਈ.) ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਲਈ ਆਏ ਸਨ। ਆਪ ਅੰਮ੍ਰਿਤਸਰ ਸਾਹਿਬ ਹੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਗੁਰਦੁਆਰਾ ਬਾਬਾ ਅਟੱਲ ਰਾਇ ਦੀ ਪਰਕਰਮਾ ਵਿੱਚ ਨਵਾਬ ਕਪੂਰ ਸਿੰਘ ਜੀ ਦੀ ਸਮਾਧ ਲਾਗੇ ਕੀਤਾ ਗਿਆ। ਜਿੱਥੇ ਇਸ ਜਗ੍ਹਾ 'ਤੇ ਹੁਣ ਉਨ੍ਹਾਂ ਦੀ ਸਮਾਧ ਮੌਜੂਦ ਹੈ। ਇਸ ਤਰਾਂ ਗੁਰੂ ਦੇ ਇਸ ਮਹਾਨ ਸਿੱਖ ਸੁਲਤਾਨ-ਉਲ-ਕੌਮ ਦਾ ਸੇਵਾ , ਸਮਰਪਨ ਅਤੇ ਸੰਘਰਸ਼ਮਈ ਜੀਵਨ ਪੂਰਾ ਹੋਇਆ।

Harnek Seechewal

This news is Content Editor Harnek Seechewal