ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

01/29/2021 5:12:59 PM

(ਕਿਸ਼ਤ ਛਪੰਝਵੀਂ)
ਵਿਆਹ ਵਿੱਚ ਰਾਇ ਬੁਲਾਰ ਸਾਹਿਬ ਦੀ ਭੂਮਿਕਾ

ਜੈ ਰਾਮ ਜੀ ਦੇ ਮਨ ਵਿੱਚ ਖ਼ਿਆਲ ਆਇਆ ਕਿ ਮਾਸੂਮੀਅਤ ਅਤੇ ਸਾਦਗੀ ਦਾ ਮੁਜੱਸਮਾ, ਇਹ ਆਕਰਸ਼ਕ ਦੈਵੀ ਦਿੱਖ ਅਤੇ ਆਭਾ ਵਾਲੀ ਸੁੰਦਰ ਮੁਟਿਆਰ (ਬੀਬੀ ਨਾਨਕੀ), ਜੇਕਰ ਉਨ੍ਹਾਂ ਦੀ ਜੀਵਨ-ਸਾਥਣ ਹੋ ਜਾਵੇ ਤਾਂ ਕਿੰਨਾ ਚੰਗਾ ਹੋਵੇ। ਸ਼ਰਮਾਉਂਦਿਆਂ-ਸ਼ਰਮਾਉਂਦਿਆਂ ਕੋਲ ਬੈਠੇ ਰਾਇ ਸਾਹਿਬ ਨੂੰ ਪੁੱਛਣਾ ਕੀਤਾ, ਰਾਇ ਸਾਹਿਬ ! ਇਹ ਬੀਬੀ ਕਿਸ ਦੀ ਧੀ ਹੈ? ਕਹਿੰਦੇ ਨੇ ਪਈ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਜਿਹੜੀ ਗੱਲ/ਰੀਝ ਕਾਫ਼ੀ ਲੰਮੇ ਅਰਸੇ ਤੋਂ ਰਾਇ ਬੁਲਾਰ ਸਾਹਿਬ ਦੇ ਮਨ ਵਿੱਚ ਸੀ, ਭਾਈ ਜੈ ਰਾਮ ਜੀ ਦੀ ਇਸ ਪੁੱਛ ਨੇ ਉਸਨੂੰ ਅੱਗੇ ਤੋਰਨ/ਪੂਰਿਆਂ ਕਰਨ ਲਈ, ਸਾਜ਼ਗਾਰ ਮਾਹੌਲ ਅਤੇ ਚੰਗਾ ਢੁੱਕਵਾਂ ਮੌਕਾ ਪ੍ਰਦਾਨ ਕਰ ਦਿੱਤਾ। 

ਦਾਨਾ-ਪੁਰਖ ਹੋਣ ਦੇ ਨਾਤੇ, ਉਨ੍ਹਾਂ ਤੁਰੰਤ ਮੌਕਾ ਸਾਂਭਦਿਆਂ ਦੱਸਣਾ ਕੀਤਾ-ਬਰਖ਼ੁਰਦਾਰ ! ਨਾਨਕੀ ਨਾਂ ਹੈ ਇਸਦਾ। ਮੇਰੇ ਪੀਰ ਨਾਨਕ ਸਾਹਿਬ ਦੀ ਭੈਣ ਹੈ ਵੱਡੀ। ਅਸਾਂ ਦੀ ਬੇਟੀ ਸਮਝੋ। ਸਾਡੇ ਮਹਿਤਾ ਕਾਲੂ ਜੀ ਦੀ ਬੜੀ ਭਾਗਾਂਵਾਲੀ, ਨੇਕ, ਸਚਿਆਰੀ ਅਤੇ ਸੁਘੜ-ਸਿਆਣੀ ਧੀ ਹੈ। ਭਲਾ ਖ਼ਾਨਦਾਨ ਹੈ। ਇਹ ਵਰ ਤੁਸਾਂ ਦੇ ਬਿਲਕੁਲ ਲਾਇਕ ਹੈ। ਇਸ ਬਾਰੇ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਂ। ਬੜਾ ਚੰਗਾ ਹੋਇਆ, ਅੱਜ ਤੁਸਾਂ ਆਪ ਹੀ ਗੱਲ ਤੋਰ ਲਈ। ਐਸੀ ਸੁੰਦਰ, ਸੁਸ਼ੀਲ ਅਤੇ ਸੁਘੜ-ਸਿਆਣੀ ਲੜਕੀ ਨਾਲ ਜੇਕਰ ਤੁਸਾਂ ਦਾ ਵਿਆਹ ਹੋ ਜਾਵੇ ਤਾਂ ਮੇਰੇ ਖ਼ਿਆਲ ਅਨੁਸਾਰ, ਇਸ ਤੋਂ ਵਧੀਆ ਗੱਲ, ਕੋਈ ਹੋਰ ਨਹੀਂ ਹੋ ਸਕਦੀ।

ਅੱਲਾਹ ਸੁੱਖ ਰੱਖੇ। ਅਸਾਨੂੰ ਲੱਗਦੈ ਪਈ ਤੁਹਾਡੇ ਖੱਤਰੀਆਂ ਵਿੱਚ, ਬੇਦੀਆਂ ਅਤੇ ਪਲਤਿਆਂ ਦਰਮਿਆਨ ਰਿਸ਼ਤੇ ਹੁੰਦੇ ਹਨ। ਵਿਵਰਜਣਾ ਵਾਲੀ ਕੋਈ ਗੱਲ ਨਹੀਂ ਹੈ। ਤੁਸਾਂ ਕੋਈ ਫ਼ਿਕਰ ਨਹੀਂ ਕਰਨਾ। ਇਸ ਮਾਮਲੇ (ਸੰਜੋਗ/ਰਿਸ਼ਤੇ) ਨੂੰ ਨੇਪਰੇ ਚਾੜ੍ਹਨ ਵਿੱਚ, ਇੰਨਸ਼ਾ-ਅੱਲਾਹ (ਜੇਕਰ ਉੱਚੀ ਸ਼ਾਨ ਵਾਲੇ ਰੱਬ ਨੂੰ ਮਨਜ਼ੂਰ ਹੋਇਆ ਤਾਂ) ਕੋਈ ਦਿੱਕਤ ਨਹੀਂ ਆਉਣ ਵਾਲੀ। ਤੁਸਾਂ ਬਸ ਆਪਣੇ ਮਾਤਾ-ਪਿਤਾ ਨਾਲ ਗੱਲ ਕਰਕੇ, ਆਪਣੇ ਪਰੋਹਿਤ ਨੂੰ ਸਾਡੇ ਪਾਸ ਘੱਲ ਦੇਣਾ। ਏਧਰੋਂ ਬੇਦੀਆਂ ਦੇ ਪਰੋਹਿਤ, ਪੰਡਤ ਹਰਿਦਿਆਲ ਜੀ ਨੂੰ ਅਸੀਂ ਸੱਦ ਲਵਾਂਗੇ। ਝਟ ਮੰਗਣੀ (ਪੱਕ-ਠੱਕ) ਅਤੇ ਪਟ ਵਿਆਹ ਹੋ ਜਾਵੇਗਾ।

ਭਾਈ ਬਾਲਾ ਜੀ ਵਾਲੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਭਾਵਪੂਰਤ ਇਸ਼ਾਰੇ ਮਿਲਦੇ ਹਨ ਕਿ ‘ਚੇਤ-ਵੈਸਾਖ’ ਵਿੱਚ ਰਿਸ਼ਤੇ ਦੀ ਗੱਲ ਤੁਰੀ। ਉਪਰੰਤ ਕੁਝ ਸਮੇਂ ਬਾਅਦ ਕਿਸੇ ‘ਛਨਿਛਰਵਾਰ’ ਵਾਲੇ ਦਿਨ ਦੋਨਾਂ ਪਰਿਵਾਰਾਂ ਦੇ ਪਰੋਹਿਤਾਂ (ਪੰਡਤ ਹਰਿਦਿਆਲ ਜੀ ਅਤੇ ਪੰਡਤ ਨਿਧਾ ਜੀ) ਦੀ ਹਾਜ਼ਰੀ ਵਿੱਚ, ਰਾਇ ਬੁਲਾਰ ਖ਼ਾਨ ਸਾਹਿਬ ਦੀ ਹਵੇਲੀ ਵਿਖੇ ਕੁੜਮਾਈ/ਮੰਗਣੀ ਹੋਈ। ਅਰਥਾਤ ਠਾਕਾ, ਰੋਕ ਜਾਂ ਪੱਕ-ਠੱਕ ਹੋ ਗਈ। ਰਿਸ਼ਤਾ ਤਹਿ ਹੋ ਗਿਆ। ਮੱਘਰ (ਨਵੰਬਰ-ਦਸੰਬਰ) ਮਹੀਨੇ ਵਿੱਚ ‘ਵਿਆਹ’ ਦਾ ਦਿਨ (ਸਾਹਾ) ਨਿਸ਼ਚਿਤ ਕਰਨ ਦੇ ਨਾਲ-ਨਾਲ ਮੋਟੇ ਰੂਪ ਵਿੱਚ ਇਹ ਫ਼ੈਸਲਾ ਵੀ ਕਰ ਲਿਆ ਗਿਆ ਕਿ ‘ਮੁਕਲਾਵਾ’ ਆਉਂਦੇ ਵੈਸਾਖ ਨੂੰ ਤੋਰਿਆ ਜਾਵੇਗਾ।

ਤਹਿ-ਸ਼ੁਦਾ ਪ੍ਰੋਗਰਾਮ ਅਨੁਸਾਰ ਭਾਈ ਜੈ ਰਾਮ ਜੀ ਅਤੇ ਬੀਬੀ ਨਾਨਕੀ ਜੀ ਦਾ ਵਿਆਹ ਸੰਪੰਨ ਹੋਇਆ। ਇਸ ਰਿਸ਼ਤੇ ਜਾਂ ਸੰਜੋਗ ਨੂੰ ਤੋੜ ਚੜ੍ਹਾਉਣ ਵਿੱਚ, ਦਾਨੇ ਅਤੇ ਜ਼ਿੰਮੇਵਾਰ ਵਿਚੋਲਿਆਂ ਵਾਲੀ ਬੁਨਿਆਦੀ ਅਤੇ ਨਿਰਣਾਇਕ ਭੂਮਿਕਾ, ਨਿਰਸੰਦੇਹ ਰਾਇ ਬੁਲਾਰ ਖ਼ਾਨ ਸਾਹਿਬ ਜੀ ਦੀ ਸੀ। ਸਵਾਲ ਉੱਠਦਾ ਹੈ ਕਿ ਇਸ ਮਾਮਲੇ (ਬੀਬੀ ਨਾਨਕੀ ਅਤੇ ਜੈ ਰਾਮ ਜੀ ਦਾ ਵਿਆਹ ਕਰਵਾਉਣ) ਵਿੱਚ ਰਾਇ ਬੁਲਾਰ ਖ਼ਾਨ ਸਾਹਿਬ ਏਨੇ ਸਕਰਮਕ ਕਿਉਂ ਸਨ?

ਅਜਿਹਾ ਹੋਣ ਦਾ ਪਹਿਲਾ ਠੋਸ ਕਾਰਣ ਇਹ ਹੈ ਕਿ ਉਹ ਆਪਣੇ ਬਹੁਤ ਪਿਆਰੇ ਰਹਿਬਰ, ਆਪਣੇ ਪੀਰ, ਬਾਬਾ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸਨ। ਸਤਿਗੁਰਾਂ ਪ੍ਰਤੀ ਉਨ੍ਹਾਂ ਦਾ ਪਿਆਰ, ਲਗਾਓ ਅਤੇ ਅਪਣੱਤ-ਭਾਵ ਏਨਾ ਗਹਿਰਾ, ਤਿੱਖਾ ਅਤੇ ਵਿਆਪਕ ਸੀ ਕਿ ਉਹ ਕੇਵਲ ਉਨ੍ਹਾਂ ਦਾ ਹੀ ਨਹੀਂ, ਉਨ੍ਹਾਂ ਨੂੰ ਪਿਆਰੇ ਲੱਗਣ ਵਾਲੇ ਅਤੇ ਉਨ੍ਹਾਂ ਨਾਲ ਸੰਬੰਧਿਤ ਹਰ ਇਨਸਾਨ ਬੀਬੀ ਨਾਨਕੀ ਜੀ, ਭਾਈ ਮਰਦਾਨਾ ਜੀ, ਮਹਿਤਾ ਕਾਲੂ ਜੀ ਆਦਿ ਦਾ ਵੀ ਬਹੁਤ ਅਦਬ-ਅਦਾਬ ਰੱਖਦੇ ਸਨ। ਇਹਤਿਰਾਮ ਕਰਦੇ ਸਨ। ਉਚੇਚਾ ਖ਼ਿਆਲ ਰੱਖਦੇ ਸਨ। ਦਰਅਸਲ ਪਿਆਰ ਦੀ ਵਿਆਕਰਣ ਹੀ ਐਸੀ ਹੈ। ਪਿਆਰਾ (ਮਾਸ਼ੂਕ/ਪੀਰ) ਹੀ ਨਹੀਂ, ਉਸ ਨੂੰ ਪਿਆਰੀ ਅਤੇ ਉਸ ਨਾਲ ਸੰਬੰਧਿਤ ਹਰ ਬੰਦਾ/ਸ਼ੈਅ ਵੀ, ਪਿਆਰ ਕਰਨ ਵਾਲਿਆਂ (ਆਸ਼ਕਾਂ/ਮੁਰੀਦਾਂ) ਨੂੰ ਜਾਨ ਤੋਂ ਵੱਧ ਪਿਆਰੀ ਹੁੰਦੀ ਹੈ।

ਇਸ ਪ੍ਰਸੰਗ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ਗੁਰਬਾਣੀ ਵਿੱਚ ਦੱਸੀ ਆਸ਼ਕ ਦੀ ਪਰਿਭਾਸ਼ਾ ਅਤੇ ਕਰਣੀ (ਏਹ ਕਿਨੇਹੀ ਆਸਕੀ ਦੂਜੇ ਲਗੈ ਜਾਇ॥ ਨਾਨਕ ਆਸਕੁ ਕਾਢੀਐ ਸਦ ਹੀ ਰਹੈ ਸਮਾਇ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ॥) ਅਨੁਸਾਰ ਰਾਇ ਬੁਲਾਰ ਖ਼ਾਨ ਸਾਹਿਬ ਆਪਣੇ ਪੀਰ, ਬਾਬਾ ਨਾਨਕ ਸਾਹਿਬ ਦੇ ਇਸ਼ਕ ਵਿੱਚ ਪੂਰੀ ਤਰ੍ਹਾਂ ਰੰਗੇ ਇੱਕ ਪ੍ਰਤੀਬੱਧ, ਸਮਰਪਿਤ, ਬੇਗਰਜ਼ ਅਤੇ ਸੱਚੇ-ਸੁੱਚੇ ਆਸ਼ਕ ਹਨ।

ਦੂਜਾ ਮਹੱਤਵਪੂਰਣ ਕਾਰਣ ਇਹ ਹੈ ਕਿ ਆਪਣੇ ਨਾਲ ਸੰਬੰਧਿਤ ਹਰ ਕਿਸੇ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਪ੍ਰਤੀ ਸੁਹਿਰਦ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਹੋਣਾ ਵੀ ਰਾਇ ਬੁਲਾਰ ਸਾਹਿਬ ਦੇ ਮੂਲ ਸੁਭਾਅ ਦਾ ਸਹਿਜ ਹਿੱਸਾ ਸੀ। ਮਹਿਤਾ ਕਾਲੂ ਜੀ ਉਨ੍ਹਾਂ ਦੇ ਮੁਲਾਜ਼ਮ ਸਨ। ਇਹ ਠੀਕ ਹੈ ਕਿ ਮਹਿਤਾ ਕਾਲੂ ਜੀ ਦਾ ਅਤਿ ਦਾ ਸੰਸਾਰੀ/ਕਾਰੋਬਾਰੀ ਰਵੱਈਆ ਅਤੇ ਸੁਭਾਅ ਪੱਖੋਂ ਥੋੜ੍ਹੇ ਕੌੜੇ ਹੋਣਾ, ਉਨ੍ਹਾਂ ਨੂੰ ਬਹੁਤਾ ਪਸੰਦ ਨਹੀਂ ਸੀ। ਪਰ ਉਨ੍ਹਾਂ ਦਾ ਅਤਿ ਨੇੜਲਾ ਅਤੇ ਵਫ਼ਾਦਾਰ ਮੁਲਾਜ਼ਮ (ਮਹਿਤਾ) ਹੋਣ ਕਰਕੇ ਅਤੇ ਵਿਸ਼ੇਸ਼ ਕਰਕੇ ਗੁਰੂ ਨਾਨਕ ਸਾਹਿਬ ਦਾ ਪਿਤਾ ਹੋਣ ਕਰਕੇ, ਉਹ ਮਹਿਤਾ ਕਾਲੂ ਜੀ ਪ੍ਰਤੀ ਵੀ ਅਪਣੱਤ ਅਤੇ ਜ਼ਿੰਮੇਵਾਰੀ ਦਾ ਸ਼ਿੱਦਤੀ ਭਾਵ ਰੱਖਦੇ ਸਨ। ਸਿੱਟੇ ਵਜੋਂ ਉੁਹ ਧੁਰ ਅੰਦਰੋਂ ਉਨ੍ਹਾਂ ਦਾ ਵੀ ਬੜਾ ਖ਼ਿਆਲ ਰੱਖਦੇ ਸਨ, ਆਦਰ ਕਰਦੇ ਸਨ। ਉਨ੍ਹਾਂ ਦੇ ਕੰਮ ਨੂੰ, ਉਨ੍ਹਾਂ ਦੀ ਜ਼ਿੰਮੇਵਾਰੀ ਨੂੰ, ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਤਾਂ ਹੀ ਤਾਂ ਉਹ ਭਾਈ ਜੈ ਰਾਮ ਜੀ ਨੂੰ ਬੜੇ ਅਧਿਕਾਰ ਅਤੇ ਦਾਅਵੇ ਨਾਲ ਆਖਦੇ ਹਨ ਕਿ ਨਾਨਕੀ ਨੂੰ ਤੁਸੀਂ ਮਹਿਤਾ ਕਾਲੂ ਜੀ ਦੀ ਨਹੀਂ, ਸਗੋਂ ਅਸਾਡੀ ਹੀ ਧੀ ਸਮਝੋ।

ਸੂਝਵਾਨਾਂ ਦਾ ਬੇਸ਼ਕੀਮਤੀ ਸੂਤਰਿਕ ਕਥਨ ਹੈ ਕਿ ਜੋ ਜ਼ਿੰਮੇਵਾਰ ਹੋ ਜਾਂਦਾ ਹੈ, ਉਹ ਸੁਤੇਸਿੱਧ ਹੀ ਆਜ਼ਾਦ, ਸੁਤੰਤਰ ਅਰਥਾਤ ਮੁਕਤ (Liberate) ਵੀ ਹੋ ਜਾਂਦਾ ਹੈ। ਇਸ ਪ੍ਰਸੰਗ ਵਿੱਚ ਕਿਹਾ ਜਾ ਸਕਦਾ ਹੈ ਕਿ ਇੱਕ ਬੇਹੱਦ ਜ਼ਿੰਮੇਵਾਰ ਮਲਕ ਅਤੇ ਮੁਰੀਦ ਹੋਣ ਕਰਕੇ ਰਾਇ ਬੁਲਾਰ ਖ਼ਾਨ ਸਾਹਿਬ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਰੋਸਾਏ ਹੋਏ, ਇੱਕ ਆਜ਼ਾਦ/ਮੁਕਤ ਮਨੁੱਖ ਸਨ। ਉਹ ਗ਼ੈਰ-ਜ਼ਿੰਮੇਵਾਰ ਜਾਂ ਲਾਪਰਵਾਹ (Inresponsible) ਬਿਲਕੁਲ ਵੀ ਨਹੀਂ ਸਨ। ਬੇਪਰਵਾਹੀ, ਬੇਨਿਆਜ਼ੀ, ਤਿਆਗ ਅਤੇ ਫ਼ੱਕਰਤਾ ਉਨ੍ਹਾਂ ਦੇ ਸੁਭਾਅ ਦੇ ਮੀਰੀ ਗੁਣ ਸਨ। ਹਰ ਪ੍ਰਕਾਰ ਦੀਆਂ ਪਕੜਾਂ, ਜਕੜਾਂ ਅਤੇ ਬੰਧਨਾਂ ਤੋਂ ਮੁਕਤ ਹੋਣ ਕਾਰਣ, ਨਿਰਸੰਦੇਹ ਉਹ ਇੱਕ ਆਜ਼ਾਦ, ਬੇਲਾਗ ਅਤੇ ਬੇਪਰਵਾਹ ਬੰਦੇ ਸਨ।
                                                ਚਲਦਾ...........
                                                                                                                                                                                                                                                              
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143—01328, Email: jsdeumgc@gmail.com

rajwinder kaur

This news is Content Editor rajwinder kaur