ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

11/20/2020 1:23:15 PM

(ਕਿਸ਼ਤ ਤਰਵੰਝਵੀਂ)
 
“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ”

ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅਨੁਭਵੀ ਬਚਨ ਹੈ ਕਿ ਕਈ ਵਾਰ ਕਿਸੇ ਮਨੁੱਖ ਦੇ ਹੱਥ-ਵੱਸ ਕੁੱਝ ਨਹੀਂ ਹੁੰਦ। ਰੱਬ ਦੀ ਰਜ਼ਾ ਅਧੀਨ ਜਦੋਂ ਉਸ ਕੁਰਾਹੇ ਪੈਣਾ ਹੁੰਦਾ ਹੈ; ਖੱਜਲ-ਖੁਆਰ ਹੋਣਾ ਹੁੰਦਾ ਹੈ ਤਾਂ ਕਰਤਾ ਪੁਰਖ ਪਰਮਾਤਮਾ ਉਸ ਪਾਸੋਂ ਚੰਗਿਆਈ ਖੋਹ ਲੈਂਦਾ ਹੈ: 

“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ”

ਵਕੀਲ ਤਾਂ ਪਹਿਲਾਂ ਹੀ ਇਹੋ ਕੁੱਝ ਚਾਹੁੰਦੇ ਸਨ। ਅਖੇ, ਬਿੱਲੀ ਭਾਣੇ ਛਿੱਕਾ ਟੁੱਟਾ। ਸਿੱਟਾ ਇਹ ਨਿਕਲਿਆ ਕਿ ਅੰਨ੍ਹੀ ਜ਼ਿੱਦ ਅਤੇ ਹਉਮੈਂ ਦੇ ਘੋੜੇ ਚੜ੍ਹੇ ਭੱਟੀਆਂ ਨੇ, ਸੈਸ਼ਨ ਕੋਰਟ ਦੇ ਫ਼ੈਸਲੇ ਨੂੰ, ਲਾਹੌਰ ਹਾਈਕੋਰਟ ਵਿੱਚ ਜਾ ਚੁਣੌਤੀ ਦਿੱਤੀ। ਤਿੰਨ-ਚਾਰ ਸਾਲ (1984-85) ਤੱਕ ਉੱਥੇ ਕੇਸ ਚਲਦਾ ਰਿਹਾ। ਇੱਕ ਪ੍ਰਕਾਰ ਨਾਲ ਬੇਮਤਲਬ ਖੱਜਲ-ਖੁਆਰੀ ਹੁੰਦੀ ਰਹੀ। ਪਰ ਵਕੀਲਾਂ ਦੇ ਹੱਥੇ ਚੜ੍ਹੇ ਜੱਟ ਭਾਈ ਆਪਣੀ ਥਾਂ ਅੜੇ ਰਹੇ। ਪੇਸ਼ੀਆਂ ਦਰ ਪੇਸ਼ੀਆਂ ਭੁਗਤਦੇ ਰਹੇ। ਵਕੀਲਾਂ ਦਾ ਢਿੱਡ ਭਰਦੇ ਰਹੇ। ਉਜੜਦੇ ਰਹੇ। 

ਅਖ਼ੀਰ ਲੰਮੀ ਉਡੀਕ ਤੋਂ ਬਾਅਦ, ਫ਼ੈਸਲੇ ਦਾ ਦਿਨ ਆ ਗਿਆ। ਹਾਈਕੋਰਟ ਦੇ ਜੱਜ ਨੇ ਅਪੀਲ ਖਾਰਜ ਕਰਦਿਆਂ, ਦੋ-ਟੁੱਕ ਫ਼ੈਸਲਾ ਸੁਣਾਇਆ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਭੱਟੀਆਂ ਨੂੰ ਚੰਗਾ ਕਰਾਰਾ ਝਟਕਾ ਵੱਜਾ। ਫੇਰ ਰਮਜ਼ਮਈ ਇਸ਼ਾਰਾ ਹੋਇਆ, ਪਰਤ ਚੱਲੀਏ। ਕੇਸ ਕਮਜ਼ੋਰ ਹੈ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ। ਪਰ ਉਹ ਜੱਟ ਕਾਹਦਾ ਹੋਇਆ, ਜਿਹੜਾ ਪੱਥਰ ਚੱਟ ਕੇ ਨਾ ਮੁੜੇ। ਢੀਠਾਂ ਵਾਂਗ ਦੁਬਾਰਾ ਵਕੀਲਾਂ ਦਾ ਜਾ ਦਰ ਖੜਕਾਇਆ। ਉਨ੍ਹਾਂ ਦੀਆਂ ਤਾਂ ਜਿਵੇਂ ਵਾਛਾਂ ਖਿੜ ਗਈਆਂ।

ਅਖੇ, ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਉਨ੍ਹਾਂ ਜੀ ਆਇਆਂ ਨੂੰ ਆਖਦਿਆਂ ਅਤੇ ਹੱਥਾਂ ’ਤੇ ਸਰੋਂ ਜਮਾ ਕੇ ਵਿਖਾਉਂਦਿਆਂ, ਸਬਜ਼ਬਾਗ਼ ਵਿਖਾਏ। ਕਹਿੰਦੇ, ਭੱਟੀ ਸਰਦਾਰੋ, ਗੱਲ ਈ ਕੋਈ ਨੀ। ਹਿੰਮਤ ਨਾ ਛੱਡਿਓ, ਸੁਪਰੀਮ ਕੋਰਟ ਵਿੱਚ ਪਹਿਲੀ ਪੇਸ਼ੀ, ਫ਼ੈਸਲਾ ਤੁਹਾਡੇ ਹੱਕ ਵਿੱਚ ਹੋਇਆ ਲਵੋ। ਲਾਲਸਾ ਅਤੇ ਹਉਮੈਂ ਦੇ ਮਾਰੇ ਵਡਿਆਈ ਖੋਰੇ ਜੱਟ, ਫੇਰ ਵਕੀਲਾਂ ਦੇ ਅੜਿੱਕੇ ਆ ਗਏ। ਅਖੇ, ਫਸੀ ਤਾਂ ਫਟਕਣ ਕੀ। ਜਦੋਂ ਉੱਖਲੀ ’ਚ ਸਿਰ ਦੇ ਹੀ ਦਿੱਤਾ ਹੈ ਤਾਂ ਹੁਣ ਮੋਹਲਿਆਂ ਦਾ ਕੀ ਡਰ। 

ਕੁੱਲ ਮਿਲਾ ਕੇ ਸਿੱਟਾ ਇਹ ਨਿਕਲਿਆ ਕਿ ਭੱਟੀਆਂ ਨੇ ਅੜਬਾਈ ਵਿਖਾਉਂਦਿਆਂ, ਪੰਜਾਬ ਹਾਈਕੋਰਟ ਲਾਹੌਰ ਦੇ ਨਿਰਣੇ ਨੂੰ, ਪਾਕਿਸਤਾਨ ਦੀ ਸਰਬਉੱਚ ਅਦਾਲਤ (ਇਸਲਾਮਾਬਾਦ ਦੀ ਸੁਪਰੀਮ ਕੋਰਟ) ਵਿੱਚ ਜਾ ਚੁਣੌਤੀ ਦਿੱਤੀ। ਮਸਲੇ ਦੇ ਵੱਖਰੇਪਣ ਅਤੇ ਪੇਚੀਦਾਪਣ ਨੂੰ ਵੇਖਦਿਆਂ, ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਕਿ ਇਸ ਕੇਸ ਦੀ ਸੁਣਵਾਈ, ਸੁਪਰੀਮ ਕੋਰਟ ਦਾ ਇੱਕ ਜੱਜ ਨਹੀਂ, ਸਗੋਂ ਉੱਚੇ ਮਰਾਤਬੇ ਵਾਲੇ ਤਿੰਨ ਫ਼ਾਜ਼ਿਲ ਜੱਜਾਂ ਦਾ ਇੱਕ ਬੈਂਚ ਕਰੇਗਾ। ਅਗਲੇ ਲਗਭਗ ਤਿੰਨ ਵਰ੍ਹਿਆਂ (1987-88) ਤੱਕ, ਸੁਪਰੀਮ ਕੋਰਟ ਦੇ ਜੱਜਾਂ ਦੇ ਬੈਂਚ ਕੋਲ, ਕੇਸ ਚਲਦਾ ਰਿਹਾ। 

ਅਖ਼ੀਰ ਜਿਸ ਦਿਨ ਫ਼ੈਸਲਾ ਸੁਣਾਉਣ ਦਾ ਸਮਾਂ ਆਇਆ ਤਾਂ ਸੈਸ਼ਨ ਅਤੇ ਹਾਈਕੋਰਟ ਦੇ ਮਕੈਨੀਕਲ ਕਿਸਮ ਦੇ ਜੱਜਾਂ ਤੋਂ ਐਨ ਉਲਟ, ਸੁਪਰੀਮ ਕੋਰਟ ਦੇ ਇਨ੍ਹਾਂ ਜੱਜਾਂ ਨੇ ਰਸਮੀ ਦਫ਼ਤਰੀ ਕਾਰ-ਵਿਹਾਰ ਤੋਂ ਪਾਰ ਜਾਂਦਿਆਂ, ਕੇਸ ਕਰਨ ਵਾਲਿਆਂ ਨਾਲ, ਦਾਨਿਆਂ ਵਾਂਗ ਇੱਕ ਬਿਲਕੁਲ ਗੈਰ-ਰਸਮੀ ਮੁਲਾਕਾਤ ਕੀਤੀ। ਸਿਆਣਪ ਨਾਲ ਭਰਪੂਰ ਹਦਾਇਤਨੁਮਾ ਸਲਾਹ ਇਹ ਦਿੱਤੀ ਕਿ ਭਾਈ ਸੱਜਣੋ, ਇਸ ਕੇਸ ਦਾ ਫ਼ੈਸਲਾ ਤਾਂ ਅਸੀਂ ਤੁਹਾਨੂੰ ਇੱਕ ਮਹੀਨੇ ਬਾਅਦ ਸੁਣਾਂਵਾਗੇ ਪਰ ਇਸ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਪੰਜ-ਚਾਰ ਮੁਹਤਬਰ ਬੰਦੇ, ਸਾਨੂੰ ਕਿਸੇ ਦਿਨ ਇਕੱਲਿਆਂ ਆ ਕੇ ਮਿਲੋ। ਵਕੀਲਾਂ ਨੂੰ ਬਿਲਕੁਲ ਵੀ ਨਾਲ ਨਹੀਂ ਲਿਆਉਣਾ। ਅਸਾਂ ਤੁਹਾਡੇ ਨਾਲ ਕੋਈ ਅਤਿ ਜ਼ਰੂਰੀ ਗੱਲ ਕਰਨੀ ਹੈ।

ਕੇਸ ਕਰਨ ਵਾਲੇ ਭੱਟੀ ਬੜੇ ਹੈਰਾਨ। ਇਹ ਕਿਹੋ ਜਿਹੇ ਜੱਜ ਹਨ? ਅਖੇ, ਨਿਰਣਾ ਦੇਣ ਤੋਂ ਪਹਿਲਾਂ ਤੁਹਾਨੂੰ ਇਕੱਲਿਆਂ ਮਿਲਣਾ ਹੈ; ਕੋਈ ਅਤਿ ਜ਼ਰੂਰੀ ਗੱਲ ਕਰਨੀ ਹੈ। ਜਗਿਆਸੂ ਜੀਵੜਿਆਂ ਪੁੱਛਣਾ ਕੀਤਾ, ਜਨਾਬ, ਕੁੱਝ ਸੁਰ-ਪਤਾ ਤਾਂ ਦੇਵੋ ਪਈ ਤੁਸਾਂ ਸਾਡੇ ਨਾਲ ਕੀ ਗੱਲ ਕਰਨੀ ਹੈ? ਅਸੀਂ ਉਸ ਹਿਸਾਬ ਨਾਲ ਤਿਆਰੀ ਕਰਕੇ ਆਈਏ। ਸਾਂਝਾ ਕੰਮ ਹੈ। ਜੇ ਵਕੀਲਾਂ ਨਾਲ ਨਹੀਂ ਤਾਂ ਆਪਸ ਵਿੱਚ ਭਾਈਚਾਰਕ ਪੱਧਰ ’ਤੇ ਤਾਂ ਸਾਨੂੰ ਸਲਾਹ-ਮਸ਼ਵਰਾ ਕਰਨਾ ਹੀ ਪਵੇਗਾ। 

ਜੱਜਾਂ ਗੱਲ ਮੁਕਾਈ, ਭਾਈ ਭੱਟੀ ਸਰਦਾਰੋ ! ਚਿੰਤਾ ਨਾ ਕਰੋ। ਅਸਾਂ ਤਾਂ ਤੁਹਾਨੂੰ ਕੇਵਲ ਇਹ ਦੱਸਣਾ ਹੈ ਪਈ ਤੁਸਾਂ ਇਹ ਮੁਕੱਦਮਾ ਦਾਇਰ ਕਰਕੇ ਕੋਈ ਚੰਗਾ ਕੰਮ ਨਹੀਂ ਕੀਤਾ। ਏਨਾ ਆਖਦਿਆਂ, ਇੱਕ ਮਹੀਨਾ ਬਾਅਦ ਫ਼ੈਸਲਾ ਸੁਣਾਉਣ ਦੀ ਤਾਰੀਖ਼ ਮਿੱਥ ਕੇ, ਤਿੰਨਾਂ ਜੱਜਾਂ ਨੇ ਅਦਾਲਤ ਦੀ ਰਸਮੀ ਦਫ਼ਤਰੀ ਕਾਰਵਾਈ ਬਰਖ਼ਾਸਤ ਕਰ ਦਿੱਤੀ ਅਤੇ ਉੱਠ ਕੇ ਆਪੋ-ਆਪਣੇ ਰਾਹ ਪੈ ਗਏ। ਅਸਚਰਜ ਅਤੇ ਸੁੰਨ ਹੋਏ ਭੱਟੀ ਵੀ ਜੱਕੋ-ਤੱਕੇ ਕਰਦੇ, ਆਪੋ-ਆਪਣੇ ਘਰ ਪਰਤ ਆਏ।

ਭੱਟੀਆਂ ਨੇ ਪਹਿਲਾਂ ਆਪੋ-ਆਪਣੇ ਪਿੰਡਾਂ ਵਿੱਚ ਭਾਈਚਾਰਕ ਮੀਟਿੰਗਾਂ ਕੀਤੀਆਂ। ਫਿਰ ਸਾਂਝਾ ਇਕੱਠ ਹੋਇਆ; ਜਿਸ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਨਾਲ ਬਾਤਚੀਤ ਕਰਨ ਵਾਸਤੇ, ਅੱਠ ਮੁਹਤਬਰ/ਸਿਆਣੇ ਬੰਦਿਆਂ ਦੀ ਚੋਣ ਕੀਤੀ ਗਈ। ਗ਼ੈਰ-ਰਸਮੀ ਮੁਲਾਕਾਤ ਲਈ ਨਿਸ਼ਚਿਤ ਤਾਰੀਖ਼ ਨੂੰ, ਸੈਂਕੜੇ ਭੱਟੀ ਸੁਪਰੀਮ ਕੋਰਟ ਇਸਲਾਮਾਬਾਦ ਦੇ ਹਦੂਦ (ਕੈਂਪਸ) ਵਿੱਚ ਇਕੱਠੇ ਹੋ ਗਏ। ਚੁਣੇ ਗਏ ਬੜੇ ਠਰ੍ਹੰਮੇ ਵਾਲੇ ਅੱਠ ਦਾਨੇ/ਸੂਝਵਾਨ ਬੰਦੇ, ਵਾਰੀ ਆਉਣ ’ਤੇ, ਜੱਜਾਂ ਦੀ ਕਚਹਿਰੀ ਵਾਲੇ ਕਮਰੇ ਵਿੱਚ ਜਾ ਹਾਜ਼ਰ ਹੋਏ। 

ਉਨ੍ਹਾਂ ਦੇ ਅੰਦਰ ਆਉਣ ’ਤੇ, ਜੱਜਾਂ ਨੇ ਅਦਾਲਤ ਦੀ ਰਸਮੀ ਦਫ਼ਤਰੀ ਕਾਰਵਾਈ, ਆਪਣੇ ਅਧੀਨ ਕੰਮ ਕਰਦੇ ਅਹਿਲਕਾਰਾਂ ਨੂੰ ਆਖ ਕੇ, ਅਗਲੇ ਇੱਕ ਘੰਟੇ ਲਈ ਮੁਲਤਵੀ ਕਰ ਦਿੱਤੀ। ਉਪਰੰਤ ਅੱਠਾਂ ਜਣਿਆਂ ਨੂੰ, ਬੜੇ ਅਪਣੱਤ ਭਾਵ ਨਾਲ ਪਿਛਲੇ ਕਮਰੇ (ਰਿਟਾਇਰਿੰਗ ਰੂਮ/ਆਰਾਮ ਕਰਨ ਵਾਲੇ ਕਮਰੇ) ਵਿੱਚ ਲੈ ਗਏ। ਚਾਹ-ਪਾਣੀ ਮੰਗਵਾ ਲਿਆ ਗਿਆ। ਏਧਰਲੀਆਂ-ਓਧਰਲੀਆਂ ਗੱਲਾਂ ਛਿੜ ਪਈਆਂ। 

ਜਦੋਂ ਮਾਹੌਲ ਵਾਹਵਾ ਗ਼ੈਰ-ਰਸਮੀ, ਖ਼ੁਸ਼ਗਵਾਰ ਅਤੇ ਨਿਰਉਚੇਚਤਾ (ਸਹਿਜ-ਸੁਭਾਵਕਤਾ) ਵਾਲਾ ਬਣ ਗਿਆ ਤਾਂ ਉਨ੍ਹਾਂ ਬੜੇ ਢੰਗ ਅਤੇ ਸਲੀਕੇ ਨਾਲ, ਵਾਰੋ-ਵਾਰੀ ਤੰਦ ਨਾਲ ਤੰਦ ਜੋੜਦਿਆਂ, ਕਹਿਣਾ ਸ਼ੁਰੂ ਕੀਤਾ- ਗੱਲ ਇਹ ਹੈ ਵਈ ਭੱਟੀ ਸਰਦਾਰੋ ! ਅਸਾਂ ਤੁਹਾਡਾ ਇਹ ਕੇਸ ਬੜੀ ਬਾਰੀਕੀ ਨਾਲ ਘੋਖਿਆ ਹੈ। ਸਾਡਾ ਤਿੰਨਾਂ ਦਾ ਇਹ ਮੰਨਣਾ ਹੈ ਪਈ ਤੁਸੀਂ ਅਨਜਾਣਪੁਣੇ ਵਿੱਚ ਗ਼ਲਤ ਕੰਮ ਛੇੜ ਬੈਠੇ ਹੋ। ਸਾਨੂੰ ਇਸ ਗੱਲ ਦਾ ਅਫ਼ਸੋਸ ਅਤੇ ਰੰਜ ਵੀ ਹੈ ਪਈ ਤੁਸਾਂ ਕ੍ਰਿਤੱਗਤਾ ਅਤੇ ਸ਼ੁਕਰਗੁਜ਼ਾਰੀ ਦਾ ਪੱਲਾ ਛੱਡਦਿਆਂ, ਉਨ੍ਹਾਂ ਮਹਾਨ ਨੇਕਬਖ਼ਤ ਇਨਸਾਨਾਂ ਉੱਪਰ ਮੁਕੱਦਮੇ ਕਰਨ ਦੀ ਗੁਸਤਾਖ਼ੀ ਕੀਤੀ, ਜਿਨ੍ਹਾਂ ਦੀ ਬਦੌਲਤ ਤੁਸਾਂ ਏਸ ਦੁਨੀਆ ਦੀ ਰੌਸ਼ਨੀ ਵੇਖੀ, ਬਹਾਰ ਵੇਖੀ। 

ਏਥੇ ਹੀ ਬੱਸ ਨਹੀਂ, ਤੁਸਾਂ ਉਨ੍ਹਾਂ ਅਤਿ ਸਤਿਕਾਰਤ ਹਸਤੀਆਂ ’ਤੇ, ਦਿਮਾਗ ਹਿੱਲ ਜਾਣ ਜਿਹੇ ਅਸਲੋਂ ਬਦ ਅਤੇ ਘਟੀਆ ਇਲਜ਼ਾਮ ਵੀ ਲਗਾਏ. “ਤੁਹਾਡੇ ਵੱਡੇ-ਵਡੇਰੇ, ਸਰਦਾਰ ਰਾਇ ਬੁਲਾਰ ਖ਼ਾਨ, ਭੱਟੀ ਸਾਹਿਬ ਦਾ ਦਿਮਾਗ ਅੱਧਾ ਤਾਂ ਕਾਇਮ ਰਿਹਾ, ਜੋ ਉਨ੍ਹਾਂ ਅੱਧੀ ਜ਼ਮੀਨ, ਤੁਹਾਡੇ ਨਾਲਾਇਕਾਂ ਖ਼ਾਤਰ ਬਚਾ ਲਈ। ਪਰ ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸਦਾ ਦਿਮਾਗ ਤਾਂ ਸਾਡੀ ਜਾਚੇ ਪੂਰਾ ਹੀ ਹਿੱਲ ਗਿਆ ਸੀ। ਕਿਉਂਕਿ ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸਦੀ ਔਲਾਦ ਨੇ ਇਸ ਉੱਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ, ਨਾ ਇਹ ਜ਼ਮੀਨ ਰੋਕੀ, ਨਾ ਅਦਾਲਤਾਂ ਵਿੱਚ ਦਾਅਵੇ ਕੀਤੇ।” 

ਤੁਸਾਂ ਅਕ੍ਰਿਤਘਣਾਂ ਨੇ ਪਹਿਲਾਂ ਤਾਂ ਇਸ (ਬਾਬੇ ਨਾਨਕ ਦੀ ਜ਼ਮੀਨ) ਉੱਪਰ ਪੁਸ਼ਤਾਂ ਤੋਂ ਨਜਾਇਜ਼ ਕਬਜ਼ੇ ਕੀਤੇ ਅਤੇ ਹੁਣ ਅਦਾਲਤਾਂ ਵਿੱਚ ਕੇਸ ਵੀ ਕੀਤੇ ਹੋਏ ਹਨ। ਪਿਛਲੇ ਲਗਭਗ 10-12 ਸਾਲਾਂ ਤੋਂ ਤੁਸੀਂ ਬੇਅਦਬ ਲੋਕ, ਆਪਣੇ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ। ਸਾਨੂੰ ਹੈਰਤ ਹੈ ਕਿ ਅੱਜ ਤੱਕ ਤੁਹਾਨੂੰ ਕਿਸੇ ਨੇ ਅਕਲ ਕਿਉਂ ਨਹੀਂ ਦਿੱਤੀ ਪਈ ਇਹ ਗ਼ੁਨਾਹ ਨਾ ਕਰੋ, ਇਹ ਪਾਪ ਨਾ ਕਰੋ?
                                               

 ਚਲਦਾ...........
                                                                                                                                                                                                                                                              
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur