ਸਿੱਖ-ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ

11/26/2020 1:03:54 PM

ਡਾ. ਬਲਕਾਰ
9316301328

ਵੱਖ-ਵੱਖ ਧਰਮਾਂ ਦੇ ਮੋਢੀਆਂ ਵਿਚਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ-ਧਰਮ ਦੇ ਮੋਢੀ ਤਾਂ ਹਨ ਪਰ ਉਨ੍ਹਾਂ ਦਾ ਸਥਾਨ ਬਾਕੀ ਧਰਮਾਂ ਦੇ ਮੋਢੀਆਂ ਵਰਗਾ ਨਹੀਂ ਹੈ। ਕਿਸੇ ਵੀ ਧਰਮ ਦਾ ਮੋਢੀ, ਜਨਮ ਤੋਂ ਹੀ ਧਰਮ ਦਾ ਮੋਢੀ ਹੁੰਦਾ ਰਿਹਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਜਨਮ ਤੋਂ ਗੁਰੂ ਨਹੀਂ ਐਲਾਨਿਆ ਸੀ। ਉਹ ਤਾਂ ਆਮ ਬੰਦੇ ਵਾਂਗ 30 ਸਾਲਾਂ ਦੀ ਉਮਰ ਤੱਕ ਲੋਕਾਂ ਵਿਚਕਾਰ ਵਿਚਰਦੇ ਰਹੇ ਸਨ ਅਤੇ ਆਮ ਬੰਦੇ ਵਾਂਗ ਹੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦੇ ਰਹੇ ਸਨ। ਇਹ ਠੀਕ ਹੈ ਕਿ ਉਹ ਆਮ ਬਾਲਕਾਂ ਨਾਲੋਂ ਜਨਮ ਤੋਂ ਹੀ ਕਾਫ਼ੀ ਵੱਖਰੇ ਸਨ। ਇਸ ਨਾਲ ਲੱਗਣ ਲੱਗ ਪਿਆ ਸੀ ਕਿ ਉਹ ਪਰਮਾਤਮਾ ਦੇ ਵਰੋਸਾਏ ਹੋਏ ਵਿਅਕਤੀ ਹਨ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ, ਉਨ੍ਹਾਂ ਦੇ ਫਕੀਰੀ ਸੁਭਾ ਨਾਲ ਖੁਸ਼ ਨਹੀਂ ਸਨ ਅਤੇ ਕਿਸੇ ਵੀ ਬਾਪ ਵਾਂਗ ਆਪਣੇ ਪੁੱਤਰ ਨਾਨਕ ਨੂੰ ਸਮਾਜ ਵਿਚ ਸਫਲ ਇਨਸਾਨ ਵਾਂਗ ਪਰਵਾਨ ਹੁੰਦਾ ਵੇਖਣਾ ਚਾਹੁੰਦੇ ਸਨ। ਇਸ ਵਾਸਤੇ ਉਨ੍ਹਾਂ ਨੇ ਜਿੰਨੇ ਵੀ ਯਤਨ ਕੀਤੇ, ਉਨ੍ਹਾਂ ਨਾਲ ਨਿਭਦਿਆਂ ਗੁਰੂ ਨਾਨਕ ਦੇਵ ਜੀ ਆਪਣੇ ਫਕੀਰੀ ਸੁਭਾ ਨੂੰ ਪਹਿਲ ਦੇਂਦੇ ਰਹੇ ਸਨ।

ਇਹ ਠੀਕ ਹੈ ਕਿ ਕੰਮ ਕਾਰ ਕਰਦਿਆਂ ਵੀ ਉਨ੍ਹਾਂ ਦੀ ਸੁਰਤ ਕਿਧਰੇ ਹੋਰ ਲੱਗੀ ਰਹਿੰਦੀ ਸੀ। ਉਨ੍ਹਾਂ ਦੇ ਇਸ ਸੁਭਾ ਦਾ ਮਾਪਿਆਂ ਨੂੰ ਫਿਕਰ ਵੀ ਹੋਇਆ ਸੀ ਅਤੇ ਮਾਪਿਆਂ ਨੇ ਵੈਦ ਨੂੰ ਬੁਲਾਕੇ ਇਲਾਜ ਵੀ ਕਰਵਾਣਾ ਚਾਹਿਆ ਸੀ। ਵੈਦ ਨਾਲ ਗਲਬਾਤ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਜਿਸ ਬੀਮਾਰੀ ਨੂੰ ਲੱਭਣ ਦੀ ਕੋਸ਼ਿਸ਼ ਵੈਦ ਜੀ ਕਰ ਰਹੇ ਹਨ, ਉਸ ਨਾਲ ਕੋਈ ਫ਼ਰਕ ਨਹੀਂ ਪੈਣਾ, ਕਿਉਂਕਿ ਕਥਿਤ ਬੀਮਾਰੀ ਤਾਂ ਸਰੀਰ ਨਾਲ ਨਹੀਂ, ਰੂਹ ਨਾਲ ਜੂੜੀ ਹੋਈ ਹੈ। ਇਹੋ ਹਾਲ ਗੁਰੂ ਜੀ ਦਾ ਸਕੂਲ ਵਿਚ ਆਪਣੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਹੋਇਆ ਸੀ।

ਗੁਰੂ ਜੀ ਨੇ ਸਵਾਲ ਪੈਦਾ ਕਰ ਦਿੱਤਾ ਸੀ ਕਿ ਜਿਹੜੀ ਵਿਦਿਆ ਦਿੱਤੀ ਜਾ ਰਹੀ ਹੈ, ਇਹ ਤਾਂ ਉਹ ਵਿਦਿਆ ਨਹੀਂ ਹੈ, ਜਿਸ ਨਾਲ ਰੂਹਾਂ ਰੌਸ਼ਨ ਹੁੰਦੀਆਂ ਹਨ। ਇਹੀ ਹਾਲ ਧਾਰਮਿਕ ਰਸਮਾਂ ਪੂਰੀਆਂ ਕਰਣ ਵਾਲੇ ਪੰਡਤ ਦਾ ਹੋਇਆ ਸੀ, ਕਿਉਂਕਿ ਗੁਰੂ ਜੀ ਨੇ ਪੁੱਛ ਲਿਆ ਸੀ ਕਿ ਜੋ ਜਨੇਊ ਪਾਉਣ ਦੀ ਰਸਮ ਕੀਤੀ ਜਾ ਰਹੀ ਹੈ, ਇਹ ਤਾਂ ਉਹ ਜਨੇਊ ਨਹੀਂ ਹੈ, ਜਿਸ ਦਾ ਸਬੰਧ ਜਤੀ ਸਤੀ ਹੋ ਸਕਣ ਨਾਲ ਜੁੜਿਆ ਹੋਇਆ ਹੈ। ਇਸ ਨਾਲ ਇਹ ਸਚਾਈ ਸਾਹਮਣੇ ਆ ਜਾਂਦੀ ਹੈ ਕਿ ਇਹ ਸਾਰੀਆਂ ਗੱਲਾਂ ਗੁਰੂ ਜੀ ਵੱਲੋਂ ਆਮ ਆਦਮੀ ਵਾਂਗ ਹੀ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਸਭ ਗੱਲਾਂ ਨਾਲ ਨਿਭਦਿਆਂ ਉਨ੍ਹਾਂ ਨੂੰ ਨ ਕਿਸੇ ਨੇ ਗੁਰੂ ਮੰਨਿਆ ਸੀ ਅਤੇ ਨ ਹੀ ਉਨ੍ਹਾਂ ਨੇ ਆਪ ਗੁਰੂ ਹੋਣ ਦਾ ਦਾਹਵਾ ਕੀਤਾ ਸੀ।

ਗੁਰੂ ਨਾਨਕ ਦੇਵ ਜੀ ਰਾਹੀਂ ਬਚਪਨ ਤੋਂ ਹੀ ਇਹੋ ਜਿਹੀਆਂ ਨਿਸ਼ਾਨੀਆਂ ਸਾਹਮਣੇ ਆਉਣ ਲੱਗ ਪਈਆਂ ਸਨ, ਜਿਨ੍ਹਾਂ ਤੋਂ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਬਾਲਕ ਨਾਨਕ ਕੁਝ ਨਵਾਂ ਅਤੇ ਵੱਖਰਾ ਕਰਣ ਵਾਲਾ ਹੈ। ਇਹ ਸਾਰੇ ਗੁਣ ਵੇਖ ਸਕਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਹੁਣ ਤਾਂ ਮੰਨਿਆ ਜਾਣ ਲੱਗ ਪਿਆ ਹੈ ਕਿ ਗੁਰੂ ਜੀ ਨੂੰ ਸਮੇਂ ਦੇ ਹਾਕਮ ਨੇ ਪਛਾਣ ਲਿਆ ਸੀ ਜਾਂ ਉਨ੍ਹਾਂ ਦੀ ਭੈਣ ਨੇ ਪਛਾਣ ਲਿਆ ਸੀ ਪਰ ਸੱਚ ਇਹੀ ਲੱਗਦਾ ਹੈ ਕਿ ਗੁਰੂ ਜੀ ਦੀਆਂ ਹੈਰਾਨ ਕਰਣ ਵਾਲੀਆਂ ਗੱਲਾਂ ਕਰਕੇ ਉਨ੍ਹਾਂ ਦੇ ਕਦਰਦਾਨ ਤਾਂ ਸਾਹਮਣੇ ਆਉਣ ਲੱਗ ਪਏ ਸਨ। ਉਨ੍ਹਾਂ ਨੂੰ ਸਮਝਣ ਅਤੇ ਪ੍ਰਗਟ ਕਰਣ ਵਾਲਾ ਕੋਈ ਵੀ ਸਾਹਮਣੇ ਨਹੀਂ ਆਇਆ ਸੀ।

ਗੁਰੂ ਜੀ ਵੀ ਆਮ ਆਦਮੀ ਵਾਂਗ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਈ ਜਾ ਰਹੇ ਸਨ। ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਦੋ ਪੁੱਤਰ ਵੀ ਪੈਦਾ ਹੋਏ ਸਨ। ਉਨ੍ਹਾਂ ਨੇ ਪਰਿਵਾਰ ਵਾਸਤੇ ਲੋੜੀਂਦੇ ਸਾਧਨ ਪੈਦਾ ਕਰਣ ਵਾਸਤੇ ਨੌਕਰੀ ਵੀ ਕੀਤੀ ਸੀ। ਨੌਕਰੀ ਕਰਦਿਆਂ ਸੁਲਤਾਨਪੁਰ ਵਿਖੇ ਉਹ ਤਿੰਨ ਦਿਨਾਂ ਵਾਸਤੇ ਲੋਕਾਂ ਦੀਆਂ ਨਜ਼ਰਾਂ ਤੋਂ ਅਚਾਨਕ ਓਹਲੇ ਹੋ ਗਏ ਸਨ। ਇਸ ਨੂੰ ਵੀ ਉਨ੍ਹਾਂ ਦੇ ਨੇੜਲਿਆ ਨੇ ਗੁਰੂ ਜੀ ਦੇ ਸੁਭਾ ਮੁਤਾਬਿਕ ਤਾਂ ਲਿਆ ਸੀ ਪਰ ਉਨ੍ਹਾਂ ਦੀ ਅਧਿਆਤਮਿਕਤਾ ਕਰਕੇ ਨਹੀਂ ਲਿਆ ਸੀ। ਤਿੰਨ ਦਿਨ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿਣ ਤੋਂ ਪਿਛੋਂ ਜਦੋਂ ਉਹ ਸਭ ਦੇ ਸਾਹਮਣੇ ਆਏ ਸਨ ਤਾਂ ਉਨ੍ਹਾਂ ਨੇ ਏਨਾਂ ਹੀ ਕਿਹਾ ਸੀ –"ਨ ਕੋ ਹਿੰਦੂ ਨ ਮੁਸਲਮਾਨ"।

ਇਹ ਐਲਾਨ ਉਨ੍ਹਾਂ ਨੇ 1499 ਵਿਚ ਕੀਤਾ ਸੀ ਅਤੇ ਉਸ ਵੇਲੇ ਉਹ 30 ਸਾਲਾਂ ਦੇ ਹੋ ਗਏ ਸਨ। ਇਸ ਨੂੰ "ਵੇਈਂ ਨਦੀ ਪਰਵੇਸ਼" ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਐਲਾਨ ਨਾਲ ਹੀ ਸਿੱਖ-ਧਰਮ ਦੀ ਨੀਂਹ ਰੱਖੀ ਗਈ ਸੀ। ਇਸ ਨਾਲ ਇਹ ਤਹਿ ਹੋ ਗਿਆ ਸੀ ਕਿ ਸਿੱਖ-ਧਰਮ ਵਿਚ ਧਰਮ ਨੂੰ ਜਨਮ ਤੋਂ ਨਹੀਂ ਮੰਨਿਆ ਜਾਵੇਗਾ, ਕਿਉਂਕਿ ਧਰਮ ਜਨਮ ਤੋਂ ਨਹੀਂ ਕਰਮ ਤੋਂ ਹੋਣਾ ਚਾਹੀਦਾ ਹੈ। ਇਸ ਵੇਲੇ ਇਹ ਸਮਝਣਾ ਸੌਖਾ ਹੋ ਗਿਆ ਹੈ ਕਿ ਇਨਸਾਨ ਦਾ ਜਨਮ ਸਭਿਆਚਾਰ ਵਿਚ ਹੁੰਦਾ ਹੈ ਅਤੇ ਧਰਮ ਨੂੰ ਜਨਮ ਤੋਂ ਪਿਛੋਂ ਧਾਰਨ ਕਰਣਾ ਪੈਂਦਾ ਹੈ। ਸਿੱਖ ਭਾਈਚਾਰੇ ਵਿਚ ਵੀ ਬੱਚੇ ਨੂੰ ਗੁਰੂ ਦੇ ਅੰਗ ਲਾਉਣ ਦਾ ਸਭਿਆਚਾਰ ਕਾਇਮ ਸੀ ਅਤੇ ਇਹ ਧਰਮ ਨੂੰ ਧਾਰਨ ਕਰਣਾ ਹੀ ਸੀ।

ਅੰਮ੍ਰਿਤ ਛਕਾਉਣ ਦੀ ਰਸਮ ਵੀ ਏਸੇ ਨਾਲ ਜੁੜੀ ਹੋਈ ਹੈ ਪਰ 1499 ਈ. ਵਿਚ ਤਾਂ ਧਰਮ ਨੂੰ ਜਨਮ ਤੋਂ ਪਰਵਾਨ ਕਰਕੇ ਸਮਾਜਿਕ ਵੰਡੀਆਂ ਆਮ ਹੀ ਪਈਆਂ ਹੋਈਆਂ ਸਨ। ਜਨਮ ਤੋਂ ਜਾਤਾਂ ਨੂੰ ਮਾਨਤਾ ਵੀ ਮਿਲੀ ਹੋਈ ਸੀ ਅਤੇ ਏਸੇ ਨੂੰ ਧਰਮ ਦਾ ਹਿੱਸਾ ਸਮਝਿਆ ਜਾ ਰਿਹਾ ਸੀ। ਇਹੋ ਜਿਹੀ ਹਾਲਤ ਵਿਚ ਗੁਰੂ ਜੀ ਨੇ ਜਨਮ ਤੋਂ ਹਿੰਦੂ ਜਾਂ ਮੁਸਲਮਾਨ ਹੋਣ ਨੂੰ ਮਾਨਤਾ ਨ ਦੇਕੇ ਨਵੇਂ ਧਰਮ ਦੀ ਨੀਂਹ ਰੱਖ ਦਿੱਤੀ ਸੀ। ਏਸੇ ਦੇ ਪਰਚਾਰ ਪਰਸਾਰ ਲਈ ਚਾਰ ਉਦਾਸੀਆਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਉਦਾਸੀਆਂ ਵਿਚਕਾਰ ਹੀ ਉਹ ਸਾਰੀਆਂ ਸਿੱਖਿਆਵਾਂ ਸਾਹਮਣੇ ਆ ਗਈਆਂ ਸਨ, ਜਿਨ੍ਹਾਂ ਦਾ ਆਧਾਰ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਏ ਹਨ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਹ ਸਮਝੇ ਜਾਣ ਦੀ ਲੋੜ ਹੈ ਕਿ ਜੋ ਕੋਈ ਗੁਰੂ ਦੇ ਅੰਗ ਸੰਗ ਰਹਿਣਾ ਚਾਹੁੰਦਾ ਹੈ, ਉਸ ਨੂੰ ਬਾਣੀ ਰਾਹੀਂ ਗੁਰੂ ਨੂੰ ਅੰਗ ਸੰਗ ਰੱਖਣਾ ਪਵੇਗਾ। ਇਸ ਰਾਹ ’ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਮਝ ਸਕਾਂਗੇ ਕਿ ਗੁਰੂ ਜੀ ਨੇ ਧਰਮ ਨੂੰ ਸੌਖਿਆਂ ਸਮਝਣ ਦਾ ਨਾਮ ਹੀ ਸਿੱਖੀ ਰੱਖਿਆ ਸੀ। ਇਹ ਸੌਖ, ਪ੍ਰਾਪਤ ਨਾਲ ਨਿਭਦਿਆਂ ਸਹਿਜ ਸਥਾਪਤ ਕਰ ਲੈਣ/ਸਕਣ ਦੀ ਹੈ। ਏਸੇ ਨਾਲ ਨਿਭਦਿਆਂ ਸਿਮਰਨ ਦੁਆਰਾ ਆਪਣੇ ਆਪ ਨੂੰ ਧ੍ਰਮ ਦੀ ਸੁਰ ਵਿਚ ਸੰਭਾਲਿਆ ਜਾ ਸਕਦਾ ਹੈ। ਸਿਮਰਨ ਦਾ ਗੁਰਮਤਿ ਪ੍ਰਸੰਗ ਤੋਤਾ ਰਟਣੀ ਵੀ ਨਹੀਂ ਹੈ ਅਤੇ ਮੰਤਵ ਪੂਰਤੀ ਲਈ ਮੰਤ੍ਰ ਵੀ ਨਹੀਂ ਹੈ। ਸਿਮਰਨ ਤਾਂ ਸੁਰਤਿ ਨੂੰ ਸ਼ਬਦ ਨਾਲ ਜੋੜਣਾ ਹੈ ਅਤੇ ਇਸ ਤਰ੍ਹਾਂ ਪੈਦਾ ਹੋਈ ਮਾਨਸਿਕਤਾ, ਸੁਜੱਗ-ਬਚਨਬੱਧਤਾ ਹੋ ਸਕਦੀ ਹੈ। ਇਹ ਮਾਰਗ ਦੁਰਮਤ ਦੂਰ ਕਰ ਸਕਣ ਦਾ ਮਾਰਗ ਹੈ ਅਤੇ ਇਹੀ ਸ਼ਬਦ-ਗੁਰੂ ਦੇ ਰੰਗ ਵਿਚ ਰੰਗੇ ਜਾਣਾ ਹੈ:

ਗੋਬਿੰਦ ਗੋਬਿੰਦ ਗੋਬਿੰਦ ਮਈ॥
ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ॥822

rajwinder kaur

This news is Content Editor rajwinder kaur