ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

09/11/2020 4:30:42 PM

(ਕਿਸ਼ਤ ਪੰਜਤਾਲੀਵੀਂ)

ਸਾਝ ਕਰੀਜੈ ਗੁਣਹ ਕੇਰੀ...
ਸ੍ਰੀ ਗੁਰੂ ਨਾਨਕ ਸਾਹਿਬ ਜੀ ਨਿਰਸੰਦੇਹ ਕਥਨੀ ਅਤੇ ਕਰਣੀ ਦੇ ਸੂਰੇ ਸਨ, ਪੂਰੇ ਸਨ। ਸੱਚ ਦੀ ਗੱਲ ਨਾਲੋਂ ਸੱਚੇ-ਸੁੱਚੇ ਕਿਰਦਾਰ (ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥) ਨੂੰ ਵੱਡੀ ਤਵੱਜੋ ਅਤੇ ਸਰਵੋਤਮਤਾ ਪ੍ਰਦਾਨ ਕਰਨ ਵਾਲੇ ਸਤਿਗੁਰਾਂ ਦੇ ਚਿੰਤਨ ਅਤੇ ਕਿਰਦਾਰ ਵਿੱਚ ਕਿਤੇ ਕੋਈ ਤਰੇੜ ਅਤੇ ਦੁਫੇੜ ਵੇਖਣ ਨੂੰ ਨਹੀਂ ਮਿਲਦੀ। ਭਾਈ ਦਾਨਾ/ਮਰਜਾਣਾ ਜੀ ਨਾਲ ਦੋਸਤੀ/ਨੇੜ ਤੋਂ ਪਹਿਲਾਂ, ਭਾਈ ਬਾਲਾ ਜੀ ਨਾਲ ਮਿੱਤਰਤਾਈ ਇਸਦੀ ਪ੍ਰਤੱਖ ਮਿਸਾਲ ਹੈ। 

ਸ੍ਰੀ ਗੁਰੂ ਨਾਨਕ ਸਾਹਿਬ ਜੀ ਉਸ ਸਮੇਂ ਤਥਾਕਥਿਤ ਢੰਗ ਨਾਲ ਉਚੇਰੀ ਸਮਝੀ ਜਾਂਦੀ ਜਾਤ, ਖੱਤਰੀਆਂ ਅਰਥਾਤ ਕਸ਼ੱਤਰੀਆਂ ਦੇ ਪਰਿਵਾਰ ’ਚੋਂ ਹਨ। ਕੇਵਲ ਜਾਤੀ ਪੱਖ ਤੋਂ ਹੀ ਨਹੀਂ ਸਗੋਂ ਪਿੰਡ ਦੇ ਮਲਕ ਦੇ ਪਟਵਾਰੀ ਅਤੇ ਭੂਮੀਪਤੀ ਦਾ ਪੁੱਤਰ ਹੋਣ ਕਰਕੇ, ਉਹ ਸਮਾਜਿਕ-ਆਰਥਿਕ ਪੱਧਰ ’ਤੇ ਵੀ ਬੜੇ ਉੱਚੇ ਥਾਂ ’ਤੇ ਹਨ। ਉਨ੍ਹਾਂ ਦੀ ਉੱਚੀ ਅਤੇ ਅਮੀਰ ਹੈਸੀਅਤ ਦੇ ਮੁਕਾਬਲੇ ਭਾਈ ਬਾਲਾ, ਉਨ੍ਹਾਂ ਦਾ ਘਰੇਲੂ ਨੌਕਰ ਹੈ। ਇੱਕ ਗਰੀਬ ਜੱਟ ਦਾ ਪੁੱਤਰ ਹੈ ਅਤੇ ਉਮਰੋਂ ਵੀ ਉਨ੍ਹਾਂ ਨਾਲੋਂ ਲਗਭਗ ਚਾਰ-ਪੰਜ ਸਾਲ ਵੱਡਾ ਹੈ।

ਸਪਸ਼ਟ ਹੈ ਕਿ ਉਮਰ, ਜਾਤ ਅਤੇ ਸਮਾਜਿਕ-ਆਰਥਿਕ ਸਥਿਤੀ, ਰੁਤਬੇ ਜਾਂ ਹੈਸੀਅਤ ਪੱਖੋਂ ਗੁਰੂ ਸਾਹਿਬ ਜੀ ਦਾ ਭਾਈ ਬਾਲਾ ਜੀ ਨਾਲ ਕਿਧਰੇ ਕੋਈ ਜੋੜ ਨਜ਼ਰ ਨਹੀਂ ਆਉਂਦਾ। ਇਸ ਸਭ ਕਾਸੇ (ਅਜੋੜ, ਵੱਖਰੇਵੇਂ, ਅਸੰਤੁਲਨ ਅਤੇ ਅਸਾਵੇਂਪਣ) ਦੇ ਬਾਵਜੂਦ, ਭਗਵਾਨ ਕ੍ਰਿਸ਼ਨ ਜੀ ਦੀ ਸੁਦਾਮੇ ਨਾਲ ਮਿੱਤਰਤਾਈ ਵਾਂਗ, ਉਹ (ਭਾਈ ਬਾਲਾ) ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਰਮ-ਮਿੱਤਰ ਹੈ; ਸਾਥੀ ਹੈ। 

ਦਰਅਸਲ ਸਮੇਤ ਭਾਈ ਬਾਲਾ ਅਤੇ ਦਾਨਾ ਉਰਫ਼ ਮਰਜਾਣਾ ਜਾਂ ਮਰਦਾਨਾ, ਜਿਨ੍ਹਾਂ ਮਨੁੱਖਾਂ ਦੇ ਮਨਾਂ ਉੱਪਰ ਵੱਖ-ਵੱਖ ਪ੍ਰਕਾਰ ਦੀ ਹਉਮੈ ਅਤੇ ਮਾਇਆ ਦਾ ਪਰਦਾ ਨਹੀਂ ਪਿਆ ਹੋਇਆ ਅਤੇ ਜੋ ਗੁਣਾਂ ਰੂਪੀ ਸੁਗੰਧੀਆਂ ਦਾ ਡੱਬਾ, ਭੰਡਾਰਾ, ਖ਼ਜ਼ਾਨਾ ਅਥਵਾ ‘ਵਾਸੁਲਾ’ ਹਨ ਉਨ੍ਹਾਂ ਸਭਨਾਂ, ਗੁਣਵੱਤਾ ਨਾਲ ਲਬਰੇਜ਼ ਗੁਣੀ ਜਨਾਂ (ਨਿਰਮਲ ਮਨੁੱਖਾਂ) ਨੂੰ, ਬਿਨਾਂ ਕਿਸੇ ਭੇਦ-ਭਾਵ ਅਤੇ ਵਿਤਕਰੇ ਤੋਂ, ਆਪਣਾ ਮੀਤ ਜਾਂ ਸਾਜਨ ਬਣਾਉਣ ਦੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਵਿਆਕਰਣ ਬਿਲਕੁਲ ਨਿਰਾਲੀ ਹੈ: 

 “ਗੁਣਾ ਕਾਹੋਵੈ ਵਾਸੁਲਾ ਕਢਿ ਵਾਸਿੁ ਲਈਜੈ॥ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜ੍ਹ ਮਲੀਐ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।”

ਇਸ ਇਨਕਲਾਬੀ ਅਥਵਾ ਯੁੱਗ ਪਲਟਾਊ ਗੁਰਮਤਿ ਸਿਧਾਂਤ ਅਤੇ ਵਿਧੀ-ਵਿਧਾਨ/ਨੇਮ-ਪ੍ਰਬੰਧ ਅਧੀਨ, ਭਾਈ ਦਾਨਾ ਜਾਂ ਮਰਜਾਣਾ ਬੇਸ਼ੱਕ ਮਿਰਾਸੀ/ਡੂੰਮ ਹੈ; ਗਰੀਬ ਹੈ; ਅਭਿਮਾਨ-ਗ੍ਰਸਤ ਲੁਟੇਰਾ ਸੱਤਾਧਾਰੀ/ਪ੍ਰੋਹਿਤ ਵਰਗ ਦੁਆਰਾ ਤਥਾਕਥਿਤ ਰੂਪ ਨਾਲ ਨੀਵੀਂ ਜਾਤ ਦਾ ਵੀ ਗਰਦਾਨਿਆ ਗਿਆ ਹੈ ਅਤੇ ਉਮਰ ਪੱਖੋਂ ਵੀ ਸਤਿਗੁਰਾਂ ਤੋਂ ਤਕਰੀਬਨ 10 ਸਾਲ ਵੱਡਾ ਹੈ। ਪਰ ਕਿਉਂਕਿ ਉਹ ਉਨ੍ਹਾਂ ਦਾ ਦੋਸਤ ਹੋਣ ਦੀ ਸਭ ਤੋਂ ਵੱਡੀ ਯੋਗਤਾ ਅਤੇ ਗੁਣਵੱਤਾ (ਬੇਸ਼ਕੀਮਤੀ ਸੰਗੀਤ-ਵਿੱਦਿਆ) ਰੱਖਦਾ ਹੈ। 

ਇਸ ਲਈ ਬਾਕੀ ਸਭ ਕਾਸੇ ਨੂੰ ਪਾਸੇ ਰੱਖ ਕੇ, ਇੱਕ ਜੌਹਰੀ ਦੇ ਹੀਰੇ ਨੂੰ ਪਰਖਣ, ਆਂਕਣ, ਤਰਾਸ਼ਣ ਅਤੇ ਪ੍ਰਵਾਨ ਚੜ੍ਹਾਉਣ ਵਾਂਗ, ਜਿੱਥੇ ਇੱਕ ਪਾਸੇ ਗੁਰੂ ਪਾਤਸ਼ਾਹ ਜੀ, ਉਸ (ਮਰਦਾਨੇ/ਸੰਗੀਤ ਦੇ ਧਨੀ) ਨੂੰ, ਬੇਝਿਜਕ ਆਪਣੇ ਦੋਸਤ ਵਜੋਂ ਸਵੀਕਾਰਦੇ, ਸਤਿਕਾਰਦੇ ਅਤੇ ਨਿਵਾਜ਼ਦੇ ਹਨ ਉੱਥੇ ਦੂਜੇ ਪਾਸੇ ਪੂਰੀ ਦਰਿਆਦਿਲੀ ਵਿਖਾਉਂਦਿਆਂ, ਪਿਆਰ ਅਤੇ ਮਿਹਰਾਂ ਦਾ ਮੀਂਹ ਵਰਸਾਉਂਦਿਆਂ, ਉਸ ਨੂੰ ਆਪਣੀ ਦੋਸਤੀ ਦੇ ਰੂਪ ਵਿੱਚ ਸ਼ਬਦ/ਸਾਹਿਤ ਦੇ ਖ਼ਜ਼ਾਨੇ ਦੀ ਅਮੋਲਕ ਸੌਗ਼ਾਤ ਬਖ਼ਸ਼ ਕੇ, ਮਾਲਾਮਾਲ ਵੀ ਕਰਦੇ ਹਨ।

ਗੁਰਮਤਿ, ਗੁਰੂ-ਸ਼ਿਸ਼ ਅਤੇ ਮਿੱਤਰਤਾਈ ਦੇ ਰਿਸ਼ਤੇ ਦੀ ਪ੍ਰਮਾਣਿਕ ਸਮਝ ਰੱਖਣ ਵਾਲੇ, ਭਾਈ ਗੁਰਦਾਸ ਜੀ ਨੇ ਆਪਣੀਆਂ ਦੋ ਵਾਰਾਂ (ਪਹਿਲੀ ਅਤੇ ਗਿਆਰਵੀਂ) ਵਿੱਚ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸੰਗ ਵਿੱਚ, ਭਾਈ ਮਰਦਾਨਾ ਜੀ ਦਾ ਜ਼ਿਕਰ (ਫੇਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।) ਜਿਸ ਸਤਿਕਾਰ ਅਤੇ ਸਲੀਕੇ ਨਾਲ ਕੀਤਾ ਹੈ ਉਸ ਤੋਂ ਬਿਲਕੁਲ ਜ਼ਾਹਰ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਦਾਨਾ ਜਾਂ ਮਰਦਾਨਾ ਜੀ ਦਾ ਮੇਲ ਜਾਂ ਨੇੜ ਦਰਅਸਲ ਦੋ ਸ਼ਖ਼ਸਾਂ ਤੱਕ ਸੀਮਤ ਮੇਲ ਨਹੀਂ ਹੈ। 

ਸ਼ਖ਼ਸੀ ਮੇਲ-ਮਿਲਾਪ ਤੋਂ ਅਗਾਂਹ ਇਹ ਮੇਲ-ਮਿਲਾਪ ‘ਸ਼ਬਦ’ ਅਤੇ ‘ਸੰਗੀਤ’ ਦੇ ਵਿਆਪਕ ਸੁਮੇਲ ਜਾਂ ਮਹਾਂ-ਮਿਲਾਪ ਤੱਕ ਫੈਲਿਆ ਹੋਇਆ ਹੈ। ਧਰਮ ਅਤੇ ਸੰਗੀਤ ਦੇ ਡੂੰਘੇ ਹਿਰਦੇਗਤ ਰਿਸ਼ਤੇ ਵਾਂਗ, ਵੱਖ-ਵੱਖ ਕੋਮਲ-ਕਲਾਵਾਂ ਦੇ ਖੇਤਰ ਵਿੱਚ ਸਾਹਿਤ ਅਤੇ ਰਾਗ ਜਾਂ ਸੰਗੀਤ ਦੇ ਆਪਸੀ ਬੇਹੱਦ ਸੁਹਜਭਾਵੀ ਅਤੇ ਗਹਿਰੇ ਨਾਤੇ ਦਾ ਗੌਰਵ ਜਗ-ਜ਼ਾਹਰ ਹੈ। ਦੋਵੇਂ ਇੱਕ-ਦੂਜੇ ਦੇ ਪੂਰਕ ਹਨ, ਇੱਕ-ਦੂਜੇ ਤੋਂ ਬਿਨਾਂ ਅੱਧੇ-ਅਧੂਰੇ ਹਨ। ਨਿਰਸੰਦੇਹ ਦੋਵਾਂ ਦਾ ਇੱਕ ਦੂਜੇ ਲਈ ਹੁੰਗਾਰਾ ਅਤੇ ਸਾਥ, ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਤੇ ਉਨ੍ਹਾਂ ਦਾ ਜੀਵਨ-ਅਮਲ ਦੱਸਦਾ ਹੈ ਕਿ ਢੱਢ (ਢੱਡ) ਵਜਾ ਕੇ ਸੂਰਮਿਆਂ ਦੀਆਂ ਗਾਥਾਵਾਂ ਗਾਉਣ ਵਾਲਿਆਂ ਵਾਂਗ, ਉਹ ਨਾ ਕੇਵਲ ਪਰਮ-ਪਿਤਾ ਪਰਮਾਤਮਾ ਦੀ ਉਸਤਤਿ ਅਤੇ ਮਹਿਮਾ ਗਾਉਣ ਦੇ ਬੇਹੱਦ ਸ਼ੌਕੀਨ ਸਨ ਸਗੋਂ ਆਪਣੇ ਆਪ ਨੂੰ ਉਸ ਖ਼ੁਦਾ ਦਾ ਢਾਢੀ (ਢਾਡੀ), ਗਾਇਕ, ਵੱਡਾ ਪ੍ਰਸੰਸਕ ਅਤੇ ਉਪਾਸਕ ਅਖਵਾਉਣ ਵਿੱਚ ਵੀ ਬੜੀ ਖ਼ੁਸ਼ੀ ਮਹਿਸੂਸ ਕਰਦੇ ਸਨ। ਤਾਂ ਹੀ ਤਾਂ ਉਹ ਅਤੇ ਉਨ੍ਹਾਂ ਤੋਂ ਬਾਅਦ ਹੋਏ ਵੱਖ-ਵੱਖ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਅੰਦਰ ਅਨੇਕ ਥਾਵਾਂ ’ਤੇ ਆਪਣੇ ਆਪ ਨੂੰ ਖ਼ਸਮ ਦਾ, ਪਰਮਾਤਮਾ ਦੇ ਦਰ ਦਾ ਨਿਮਾਣਾ ‘ਢਾਢੀ’ (ਢਾਡੀ) ਅਰਥਾਤ ਖ਼ੁਦਾ ਅਤੇ ਖ਼ੁਦਾ ਦੇ ਦੀਦਾਰ ਦੀ ਸਿਫ਼ਤ-ਸਲਾਹੁਣਾ ਕਰਨ ਵਾਲਾ, ਉਸਨੂੰ ਪਿਆਰ ਕਰਨ ਵਾਲਾ ਅਤੇ ਉਸ ਅੱਗੇ ਪੂਰੀ ਤਰ੍ਹਾਂ ਸਮਰਪਣ ਹੋਣ ਵਾਲਾ ਬੰਦਾ ਆਖਿਆ ਹੈ:

ਹਉ ਢਾਢੀ ਵੇਕਾਰੁ ਖਸਮਿ ਬੁਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥
ਤਿਨ ਮੰਗਾ ਜਿ ਤੁਝੇ ਧਿਆਇਦੇ॥
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ॥
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ॥
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ॥
ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ॥

ਰੱਬ ਦੀ ਮਹਿਮਾ ਦਾ ਗਾਇਨ ਕਰਦਿਆਂ ਉਨ੍ਹਾਂ ਨੂੰ ਇਹ ਵੀ ਲੱਗਦਾ ਸੀ ਕਿ ਖ਼ੁਦਾ ਅਤੇ ਖ਼ੁਦਾ ਦੀ ਉਸਤਤਿ ਨੂੰ ਹੋਰ ਵਧੀਆ ਢੰਗ ਨਾਲ ਗਾਇਨ ਕਰਨ ਲਈ ਅਤੇ ਉਸਦਾ ਸਹੀ ਅਰਥਾਂ ਵਿੱਚ ਪਰਿਪੱਕ ਅਤੇ ਪਰਿਪੂਰਨ ਢਾਡੀ (ਗੁਣ-ਗਾਇਨ ਕਰਤਾ/ਗਾਇਕ) ਹੋਣ ਲਈ, ਉਨ੍ਹਾਂ ਨੂੰ ਮਰਜਾਣੇ ਜਾਂ ਮਰਦਾਨੇ ਜਿਹੇ ਇੱਕ ਪ੍ਰਬੀਨ ਢਾਡੀ/ਸੰਗੀਤਕਾਰ ਸਾਥੀ ਦੀ ਸਖ਼ਤ ਜ਼ਰੂਰਤ ਹੈ।

                              ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, jsdeumgc@gmail.com

rajwinder kaur

This news is Content Editor rajwinder kaur