ਸਾਖੀ ਦੌਲਤਮੰਦ ਦੀ

4/15/2021 6:47:15 PM

ਦੌਲਤਮੰਦ ਮਾਅਨੇ ਅਮੀਰ, ਤੇ ਅਮੀਰ ਮਾਅਨੇ? ਅਮੀਰ ਮਾਅਨੇ ਪ੍ਰਭੁਤਾ ਵਾਲਾ, ਬਾਦਸ਼ਾਹ, ਸਰਦਾਰ, ਧਨੀ। ਅਮਰ ਮਾਅਨੇ ਹੁਕਮ, ਅਮੀਰ ਉਹ ਜਿਸਦਾ ਹੁਕਮ ਮੰਨਿਆ ਜਾਏ। ਅਮੀਰੀ ਮਾਅਨੇ ਸਰਦਾਰੀ ਅਤੇ ਉਦਾਰਤਾ ਦੋਵੇਂ ਵੀ ਹੈ। ਉਦਾਰ ਨਹੀਂ ਤਾਂ ਅਮੀਰੀ ਕਿਸ ਅਰਥ? ਲਫ਼ਜ਼ ਦੌਲਤ ਮਾਅਨੇ ਹਕੂਮਤ, ਰਾਜ ਅਤੇ ਧਨ। ਸਿੱਖ ਅਰਦਾਸ ਵਿਚ ਇਕ ਵਾਕ ਹੈ ‘ਖਾਲਸਾ ਜੀ ਦੇ ਬੋਲ ਬਾਲੇ’, ਵਾਹਿਗੁਰੂ ਤੋਂ ਇਸ ਵਾਕ ਰਾਹੀਂ ਵਰਦਾਨ ਮੰਗਿਆ ਹੈ, ਸਿੱਖਾਂ ਦੇ ਵਾਕ ਏਨੇ ਮਜ਼ਬੂਤ ਹੋਣ ਕਿ ਮੰਨੇ ਜਾਣ। ਬਾਲਾ ਮਾਅਨੇ ਬਲਵਾਨ। ਫਾਰਸੀ ਦਸਤ ਮਾਅਨੇ ਹੱਥ, ਇਸ ਤੋਂ ਬਣਿਆ ਦਸਤਕਾਰੀ, ਬਾਲਾਦਸਤੀ ਮਾਅਨੇ ਹੱਥਾਂ ਨਾਲ ਜੋਰ ਜਬਰ, ਕੁੱਟਮਾਰ। ਇਰਾਨ ਵਿਚ ਮੈਥੋਂ ਅਕਸਰ ਪੁੱਛਿਆ ਜਾਂਦਾ- ਤੁਹਾਡੀ ਦਾਨਿਸ਼ਗਾਹ (ਯੂਨੀਵਰਸਿਟੀ) ਦਾ ਸਰਦਾਰ ਕੌਣ ਹੈ? ਇਸ ਵਕਤ ਪੰਜਾਬ ਦਾ ਸਰਦਾਰ ਕੌਣ ਹੈ? ਮੈਂ ਉਲਝਣ ਵਿਚ ਪੈ ਜਾਂਦਾ, ਕੀ ਜਵਾਬ ਦਿਆਂ? ਫਿਰ ਇਰਾਨੀਆਂ ਨੇ ਦੱਸਿਆ ਸਰਦਾਰ ਮਾਅਨੇ ਚੀਫ। ਇਹ ਪੁੱਛ ਰਹੇ ਨੇ ਵਾਈਸ-ਚਾਂਸਲਰ ਕੌਣ ਹੈ, ਮੁੱਖ ਮੰਤਰੀ ਕੌਣ ਹੈ। ਅਸੀਂ ਹਾਂ ਦੁਨੀਆਂ ਦੇ ਉਹ ਅਜੀਬ ਸਰਦਾਰ ਜਿਨ੍ਹਾਂ ਨੂੰ ਅਪਣੇ ਮਰਾਤਬੇ ਦਾ ਪਤਾ ਨਹੀਂ। ਇਸ ਲਿਖਤ ਵਿਚ ਅਸੀਂ ਉਸ ਅਮੀਰ ਦੀ ਸਾਖੀ ਸੁਣਾਉਣੀ ਹੈ ਜਿਸ ਦੀ ਸਾਢੇ ਪੰਜ ਸੌਵੀਂ ਸ਼ਤਾਬਦੀ ਦੁਨੀਆਂ ਵਿਚ ਮਨਾਈ ਜਾ ਰਹੀ ਹੈ। ਖਰੇ ਸੌਦੇ ਦੁਆਲੇ ਘੁੰਮਦੀ, ਪਰਿਕਰਮਾ ਕਰਦੀ ਇਹ ਸਾਖੀ ਦੂਰ ਚਲੀ ਜਾਏਗੀ। ਖਰੇ ਸੌਦੇ ਦੀ ਸਾਖੀ ਨੂੰ ਅੱਜਕੱਲ੍ਹ ਸੱਚੇ ਸੌਦੇ ਦੀ ਸਾਖੀ ਨਾਲ ਜਾਣਿਆ ਜਾਂਦਾ ਹੈ। ਸਾਖੀ ਨਹੀਂ ਸੁਣਾਉਣੀ, ਸਾਖੀ ਬਚਪਨ ਤੋਂ ਸੁਣਦੇ ਸੁਣਾਉਂਦੇ ਆਏ ਹਾਂ। ਸਾਖੀ ਦੇ ਆਲੇ ਦੁਆਲੇ ਟਹਿਲਦੇ ਕੁਝ ਮਹਿਕਦੇ ਵਾਕ ਮਾਹੌਲ ਨੂੰ ਮੰਗਲਮਈ ਬਣਾ ਰਹੇ ਹਨ। ਉਨ੍ਹਾਂ ਵਾਕਾਂ ਨੂੰ ਦੇਖੀਏ। ਸਨਾਤਨੀ ਵੈਦਿਕ ਵਿਦਵਾਨ ਇਹ ਨਹੀਂ ਕਹਿੰਦੇ ਸਨ ਕਿ ਰਿਸ਼ੀਆਂ ਨੇ ਵੇਦ ਵਾਕ ਲਿਖੇ ਜਾਂ ਕਹੇ, ਜਾਂ ਰਚੇ; ਕਿਹਾ ਕਰਦੇ ਸਨ ਰਿਸ਼ੀਆਂ ਨੇ ਵਾਕ ਦੇਖੇ, ਰਿਸ਼ੀ ਮੰਤਰ-ਦ੍ਰਸ਼ਟਾ ਹਨ। ਰਚਯਿਤਾ ਬ੍ਰਹਮ ਆਪ ਹੈ। ਪਿਤਾ, ਮਹਿਤਾ ਕਲਿਆਣ ਰਾਏ ਜੀ ਨੂੰ ਖ਼ਬਰ ਮਿਲੀ ਕਿ ਦਿੱਤੇ ਪੈਸਿਆਂ ਨਾਲ ਦੁਕਾਨ ਲਈ ਸੌਦਾ ਨਹੀਂ ਲਿਆਂਦਾ, ਰਕਮ ਦਾ ਕੁਝ ਹੋਰ ਕਰ ਦਿੱਤਾ ਹੈ। ਘਰ ਆਏ। ਪੁੱਛਿਆ- ਨਾਨਕ ਹੈ ਕਿੱਥੇ ਇਸ ਵਕਤ? ਉੱਤਰ ਮਿਲਿਆ- ਪਿੰਡ ਬਾਹਰ ਛੱਪੜ ਕਿਨਾਰੇ ਕਰਤਾਰ ਦਾ ਨਾਮ ਲੈ ਰਿਹਾ ਹੈ। ਤੇਜ਼ ਕਦਮੀ ਪਿਤਾ ਘਰੋਂ ਬਾਹਰ ਨਿਕਲਿਆ। ਗੁਸੈਲੇ ਪਿਤਾ ਪਿੱਛੇ ਨਾਨਕੀ ਤੇਜ਼ ਕਦਮੀਂ ਤੁਰੀ। ਪਿਤਾ ਨੂੰ ਆਉਂਦਿਆਂ ਦੇਖ ਕੇ ਬੈਠਾ ਨਾਨਕ ਅਦਬ ਨਾਲ ਉੱਠਿਆ, ਖਲੋ ਗਇਆ। ਸਾਹਮਣੇ ਖਲੋਤੇ ਪਿਤਾ ਨੇ ਪੁੱਛਿਆ- ਕੀ ਕੀਤੋਸੁ ਬੀਸ ਰੁਪਈਆਂ ਦਾ? ਨਾਨਕ ਨੇ ਕਹਿਆ- ਖਰਾ ਸੌਦਾ ਕਰਨ ਲਈ ਕਹਿਆ ਸੀ ਨਾ ਪਿਤਾ ਜੀ, ਖਰਾ ਸੌਦਾ ਕਰ ਆਇਆ ਹਾਂ। ਭੁੱਖੇ ਸਾਧੂਆਂ ਨੇ ਖਾਣਾ ਮੰਗਿਆ, ਸੋ ਭੋਜਨ ਕਰਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ੍ਹ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ੍ਹ ਉੱਤੇ ਦੋ ਥੱਪੜ ਰਸੀਦ ਕੀਤੇ। ਹੰਝੂਆਂ ਦੀਆਂ ਕੁਝ ਬੂੰਦਾਂ ਤਲਵੰਡੀ ਪਿੰਡ ਦੇ ਛੱਪੜ ਕਿਨਾਰੇ ਡਿੱਗੀਆਂ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ- ਪਿਤਾ ਜੀ ਘਰ ਚੱਲੀਏ। ਬੇਬੇ ਨਾਨਕੀ ਦਾ ਇਹ ਵਾਕ ਪੜ੍ਹ ਕੇ ਮੈਂ ਰੁਕਿਆ, ਯਾਦ ਆਇਆ ਦੁਨੀਆਂ ਦੇ ਸਾਰੇ ਧਰਮ-ਗ੍ਰੰਥਾਂ ਵਿਚ ਲਿਖਿਆ ਹੈ, ਇਹ ਦੁਨੀਆਂ ਸਾਡਾ ਘਰ ਨਹੀਂ ਸਰਾਂ ਹੈ। ਘਰ ਕਿਤੇ ਹੋਰ ਹੈ। ਕੋਈ ਕੋਈ ਕਰਮਾਂ ਵਾਲਾ ਨਿੱਜ ਘਰ ਪੁੱਜਦਾ ਹੈ। ਪਿਤਾ ਜੀ ਨਹੀਂ ਪੁੱਜ ਸਕੇ। ਸਾਖੀਕਾਰ ਨੇ ਬੇਬੇ ਨਾਨਕੀ ਜੀ ਦਾ ਮਹਾਂਵਾਕ ਰਿਕਾਰਡ ਕਰਕੇ ਉਪਕਾਰ ਕੀਤਾ। ਰਾਏ ਬੁਲਾਰ ਖਾਨ ਸਾਹਿਬ ਵੱਡੇ ਰਈਸ ਸਨ, ਦਰਜਣ ਪਿੰਡਾਂ ਦੇ ਮਾਲਕ। ਪਿਤਾ ਜੀ ਉਨ੍ਹਾਂ ਦੇ ਮੁਰੱਬਿਆਂ ਦਾ ਬੰਦੋਬਸਤ ਕਰਨ ਹਿਤ ਪਟਵਾਰੀ ਵਜੋਂ ਉਨ੍ਹਾਂ ਦੇ ਮੁਲਾਜ਼ਮ ਸਨ। ਰਾਏ ਮਾਅਨੇ ਰਾਜਾ। ਰਾਏ ਸਾਹਿਬ ਨੂੰ ਇਸ ਘਟਨਾ ਦਾ ਪਤਾ ਲੱਗਾ, ਉਦਾਸ ਹੋਏ। ਨੌਕਰ ਭੇਜਿਆ, ਮਹਿਤਾ ਜੀ ਨੂੰ ਹਵੇਲੀ ਬੁਲਾਓ। ਨੌਕਰ ਗਿਆ, ਖਾਲੀ ਵਾਪਸ ਆਉਂਦਿਆਂ ਕਿਹਾ- ਜੀ ਘਰ ਨਹੀਂ ਹਨ। ਰਾਏ ਨੇ ਕਹਿਆ- ਕਿੱਡਾ ਕੁ ਹੈ ਤਲਵੰਡੀ ਪਿੰਡ? ਦੋ ਨੌਕਰ ਭੇਜਦਿਆਂ ਕਿਹਾ- ਜਿੱਥੇ ਵੀ ਹੋਣ ਬੁਲਾ ਕੇ ਲਿਆਓ। ਨਾਨਕ ਜੀ ਨੂੰ ਵੀ ਲਿਆਵਣਾ। ਪਿਤਾ ਪੁੱਤਰ ਹਵੇਲੀ ਪੁੱਜੇ। ਰਾਏ ਨੇ ਬਾਬੇ ਨੂੰ ਹਿੱਕ ਨਾਲ ਲਾਇਆ। ਪਿਤਾ ਵੱਲ ਰੁਖ਼ ਕਰਕੇ ਬੋਲੇ- ਮਹਿਤਾ ਜੀ ਤੁਸਾਂ ਨੂੰ ਸਖਤ ਤਾਕੀਦ ਕੀਤੀ ਸੀ ਏਸ ਬੱਚੇ ਨਾਲ ਗੱਲ ਕਰਨ ਵੇਲੇ ਉੱਚੇ ਸੁਰ ਵਿਚ ਨਹੀਂ ਬੋਲਣਾ। ਅੱਜ ਤੁਸੀਂ ਜ਼ਿਆਦਤੀ ਕੀਤੀ। ਪਿਤਾ ਨੇ ਕਹਿਆ- ਜੀ ਪੜ੍ਹਨ ਭੇਜਿਆ ਪੜ੍ਹਿਆ ਨਹੀਂ, ਪਸ਼ੂ ਚਾਰਨ ਲਾਇਆ ਪਸ਼ੂਆਂ ਵਿਚ ਧਿਆਨ ਨਹੀਂ, ਸੋਚਿਆ ਕਿਸੇ ਕੰਮ ਦਾ ਨਾਂਹੀਂ ਸੋ ਹੱਟੀ ਖੁਲਵਾ ਦਿੰਦਾ ਹਾਂ। ਸੌਦਾ ਖਰੀਦਣ ਭੇਜਿਆ ਵੀਹ ਰੁਪਏ ਉਜਾੜ ਆਇਆ। ਰਾਏ ਨੇ ਨੌਕਰ ਨੂੰ ਕਿਹਾ- ਹਵੇਲੀ ਅੰਦਰ ਜਾਓ, ਬੇਗਮ ਸਾਹਿਬਾ ਪਾਸੋਂ ਬੀਸ ਰੁਪਏ ਲੈਕੇ ਆਓ। ਨੌਕਰ ਵੀਹ ਰੁਪਏ ਲੈਕੇ ਆ ਗਿਆ। ਰਕਮ ਪਿਤਾ ਨੂੰ ਫੜਾਉਂਦਿਆ ਬੋਲੇ- ਲਓ ਮਹਿਤਾ ਅਸੀਂ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ- ਰਾਏ ਜੀ, ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ ਇਸ ਵਿਚ ਕੋਈ ਫਰਕ ਨਹੀਂ ਕਿਉਂਕਿ ਤੁਸੀਂ ਅਸਾਂ ਦੇ ਹੋ ਅਸੀਂ ਤੁਸਾਂ ਦੇ। ਪੈਸਿਆਂ ਦੀ ਕੀ ਗੱਲ? ਰਾਏ ਕਹਿਆ- ਜੇ ਪੈਸਿਆਂ ਦੀ ਕੋਈ ਗੱਲ ਨਹੀਂ ਤਾਂ ਜ਼ੁਲਮ ਕਾਸ ਲਈ ਕੀਤਾ ਸਾਈ ਅੱਜ ਫਰਿਸ਼ਤੇ ਉੱਪਰ? ਪਿਤਾ ਨੇ ਕਹਿਆ- ਜੀ ਅੱਜ ਵੀਹ ਰੁਪਿਆਂ ਦਾ ਨੁਕਸਾਨ ਕੀਤਾ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ। ਪਿਤਾ ਹੋਣ ਨਾਤੇ ਆਪਣੀ ਔਲਾਦ ਨੂੰ ਜ਼ਿਮੇਵਾਰੀ ਸਿਖਾਉਣ ਦਾ ਵੀ ਅਸਾਂ ਨੂੰ ਕੋਈ ਹੱਕ ਨਹੀਂ? ਰਾਏ ਕਹਿਆ- ਜੋ ਤੁਸਾਂ ਨੂੰ ਦਿਸਦਾ ਨਾਹੀਂ ਅਰ ਅਸਾਂ ਨੂੰ ਸਾਫ ਨਜ਼ਰ ਆਵੰਦਾ ਹੈ, ਕੁੱਲ ਦੁਨੀਆਂ ਦੀ ਦਉਲਤ ਦਾ ਦਰਿਆ ਏਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਵੰਦਾ ਸਾਫ ਦਿਖਾਈ ਦਿੰਦਾ। ਦੂਸਰਾ ਵਾਕ- ਤੁਸੀਂ ਹਿੰਦੂ ਹੋ ਮਹਿਤਾ ਜੀ ਅਰ ਮੈਂ ਮੁਸਲਮਾਨ, ਇਸ ਕਰਕੇ ਚੁੱਪ ਹਾਂ ਕਿ ਤੁਸਾਂ ਦਾ ਭਾਈਚਾਰਾ ਚਰਚਾ ਕਰੇਗਾ ਨਹੀਂ ਤਾਂ ਕਈ ਵਾਰ ਦਿਲ ਵਿਚ ਆਇਆ, ਇਸ ਬੱਚੇ ਨੂੰ ਤੁਸਾਂ ਦੇ ਘਰੋਂ ਅਪਣੀ ਹਵੇਲੀ ਲੈ ਆਵਾਂ।

ਤੀਸਰਾ ਵਾਕ- ਤੁਸੀਂ ਇਸਨੂੰ ਪੁੱਤਰ ਕਰਕੇ ਜਾਣਦੇ ਹੋ, ਅਸੀਂ ਜਾਣਦੇ ਹਾਂ ਜੁ ਖੁਦਾਇ ਇਸ ਰਾਹੀਂ ਅਸਾਂ ਨਾਲ ਗੱਲਾਂ ਕਰਨ ਧਰਤੀ ਉੱਪਰ ਉਤਰਿਆ ਹੈ। ਚੌਥਾ ਵਾਕ- ਬਾਬਾ ਨਾਨਕ ਸਦਕਾ ਮੇਰੀ ਤਲਵੰਡੀ ਵਸਦੀ ਹੈ ਮਹਿਤਾ ਜੀ। ਹੋਸ਼ ਕਰੋ। ਗੁਰੂ ਜੀ ਸੁਲਤਾਨਪੁਰ ਮੋਦੀਖਾਨੇ ਮੈਨੇਜਰ ਵਜੋਂ ਨੌਕਰੀ ਕਰਨ ਲੱਗੇ, ਕਈ ਮਹੀਨੇ ਬੀਤੇ, ਮਾਪੇ ਤਲਵੰਡੀ ਤੋਂ ਮਿਲਣ ਗਏ। ਨਾਨਕੀ ਖੁਸ਼ ਹੋ ਮਾਪਿਆਂ ਨੂੰ ਮਿਲੀ। ਗੱਲਾਂ ਕਰਦਿਆਂ ਪਿਤਾ ਨੇ ਧੀ ਨੂੰ ਪੁੱਛਿਆ- ਨਾਨਕ ਹੁਣ ਕੁੱਝ ਜੋੜਦਾ ਵੀ ਹੈ ਕਿ ਸਾਰਾ ਉਜਾੜ ਦਿੰਦਾ ਹੈ? ਨਾਨਕੀ ਕਹਿਆ- ਕਮਾਂਵਦਾ ਹੈ ਤਾਂ ਉਜਾੜਦਾ ਹੈ। ਤੁਸਾਂ ਦਾ ਹੁਣ ਕੁਝ ਨਹੀਂ ਉਜਾੜਦਾ। ਪਿਤਾ ਜੀ ਤੁਸਾਂ ਦੀਆਂ ਇਹ ਗੱਲਾਂ ਅਸਾਂ ਨੂੰ ਭਲੀਆਂ ਨਹੀਂ ਲਗਦੀਆਂ। ਇੱਕ ਵਾਰ ਮਾਪਿਆਂ ਨੇ ਭਾਈ ਮਰਦਾਨਾ ਸੁਲਤਾਨਪੁਰ ਭੇਜੇ ਕਿ ਨਾਨਕ ਨੂੰ ਕਹੋ ਮਿਲ ਜਾਏ, ਪਰਿਵਾਰ ਯਾਦ ਕਰਦਾ ਹੈ। ਭਾਈ ਮਰਦਾਨਾ ਮਿਲੇ, ਕਿਹਾ ਬਾਬਾ ਪਰਿਵਾਰ ਯਾਦ ਕਰਦਾ ਹੈ। ਬਾਬੇ ਕਹਿਆ- ਸਹੀ ਕਿਹਾ ਭਾਈ। ਅਸਾਂ ਦਾ ਪਰਿਵਾਰ ਬਹੁੰ ਵੱਡਾ ਹੈ ਅਰ ਬੜਾ ਯਾਦ ਕਰਦਾ ਹੈ। ਤੁਸੀਂ ਆ ਗਏ, ਦੋਵੇਂ ਚਲਾਂਗੇ। ਇਕ ਦਿਨ ਭਾਈ ਮਰਦਾਨਾ ਨੂੰ ਰਬਾਬ ਸੌਂਪਦਿਆਂ ਕਿਹਾ- ਤੁਸਾਂ ਕਉ ਤਾਰ ਦਾ ਗੁਣ ਬਖਸ਼ਿਆ। ਇਸ ਗੁਣ ਨੂੰ ਵੇਚਣਾ ਨਾਹੀਂ। ਦਰ ਆਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਤੀਜਾ ਵਾਕ ਸੁਣ ਕੇ ਭਾਈ ਮਰਦਾਨਾ ਹੱਸ ਪਏ, ਕਿਹਾ- ਅਸਾਂ ਕੰਗਾਲਾਂ ਪਾਸ ਬਾਬਾ ਕੌਣ ਆਏਗਾ ਸਵਾਲੀ? ਬਾਬੇ ਕਹਿਆ- ਜੋ ਦਉਲਤ ਤੁਸਾਂ ਨੂੰ ਅੱਜ ਨਸੀਬ ਹੋਈ, ਜ਼ਮਾਨੇ ਤਰਸਣਗੇ ਉਸ ਨੂੰ ਹਾਸਲ ਕਰਨ ਵਾਸਤੇ। ਤੀਸਰੀ ਵਾਰ ਇਹੋ ਵਾਕ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਸੁਣਨ ਨੂੰ ਮਿਲੇ। ਤਿੰਨ ਮੰਜ਼ਿਲਾ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਗੁਰੂ ਜੀ ਮੱਕੇ ਜਾਂਦਿਆਂ ਰਾਤ ਠਹਿਰੇ ਸਨ। ਅੱਧੇ ਕਿਲੋਮੀਟਰ ਤੋਂ ਮੈਟਰੋ ਲੰਘਦੀ ਹੈ। ਮੈਟਰੋ ਸਟੇਸ਼ਨ ਤੋਂ ਗੁਰੂਘਰ ਵੱਲ ਜਿਹੜੀ ਸੜਕ ਹੈ, ਉਸ ਉੱਤੇ ਸਟੇਸ਼ਨ ਨੇੜੇ ਸ਼ਾਨਦਾਰ ਗੇਟ ਹੈ। ਮੈਂ ਪੁੱਛਿਆ- ਏਨਾ ਸ਼ਾਨਦਾਰ ਗੇਟ ਕਿਸ ਨੇ ਡਿਜ਼ਾਈਨ ਕੀਤਾ? ਸੰਗਤ ਨੇ ਦੱਸਿਆ- ਗੁਰਦੁਆਰਾ ਉਸਾਰ ਲਿਆ, ਇਰਾਨੀ ਸਿਵਿਲ ਇੰਜਨੀਅਰ, ਡਿਜ਼ਾਈਨਰ, ਧਨੀ ਲੋਕ ਆ ਗਏ, ਕਿਹਾ- ਇਸ ਸ਼ਾਹਰਾਹ ਦਾ ਦਰਵਾਜ਼ਾ ਅਸੀਂ ਤਾਮੀਰ ਕਰਕੇ ਤੁਹਨੂੰ ਸੌਗਾਤ ਦਿਆਂਗੇ, ਇਜਾਜ਼ਤ ਹੈ? ਇਜਾਜ਼ਤ ਮਿਲੀ। ਉਸਾਰ ਦਿੱਤਾ। ਇਸ ਦਾ ਨਾਮ ਰੱਖਣਾ ਸੀ। ਇਰਾਨੀ ਕਹਿਣ ਲੱਗੇ, ਅਪਣੇ ਪਹਿਲੇ ਨਬੀ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਦੀਆਂ ਸਿਫਤਾਂ ਦੱਸੋ। ਇਰਾਨੀ ਸੰਗਤ ਸਾਖੀਆਂ ਸੁਣਾਉਣ ਲੱਗੀ। ਇਕ ਥਾਂ ਜ਼ਿਕਰ ਆਇਆ ਕਿ ਇਸ ਨਬੀ ਨੇ ਤਾਉਮਰ ਅਪਣੀ ਜੇਬ ਵਿਚ ਪੈਸਾ ਨਹੀਂ ਰੱਖਿਆ। ਇਹ ਸੁਣ ਕੇ ਇਰਾਨੀ ਬੋਲੇ- ਨਾਮ ਮਿਲ ਗਿਆ। ਜਿਸ ਮਹਾਂਪੁਰਖ ਨੇ ਸਾਰੀ ਉਮਰ ਅਪਣੇ ਪਾਸ ਪੈਸਾ ਨਹੀਂ ਰੱਖਿਆ ਉਸ ਜੇਡਾ ਧਨਾਢ ਕੋਈ ਨਹੀਂ ਜਹਾਨ ਵਿਚ। ਇਸ ਦਾ ਮਤਲਬ ਇਹ ਕਿ ਉਸਨੇ ਅਪਣੀ ਸਾਰੀ ਦੌਲਤ ਲੋੜਵੰਦਾਂ ਦੇ ਨਾਮ ਕਰ ਦਿੱਤੀ। ਉਹ ਦਾਤਾ ਹੋਇਆ, ਜਹਾਨ ਉਸ ਅੱਗੇ ਮੰਗਤਾ। ਦਰਵਾਜ਼ੇ ਦਾ ਨਾਮ ਹੋਇਆ ਦਰਵਾਜ਼ਾ-ਇ-ਦੌਲਤ। ਲੋੜਵੰਦ ਸਿਰ ਝੁਕਾ ਕੇ ਦਰਵਾਜ਼ੇ ਵਿਚੋਂ ਦੀ ਇਸ ਅਮੀਰ ਪਾਸ ਜਾਣਗੇ, ਦੌਲਤਾਂ ਹਾਸਲ ਕਰਨਗੇ। ਇਹ ਵੀ ਇਤਫ਼ਾਕ ਸਮਝੋ, ਜਿਸ ਕਰਮਾਂ ਵਾਲੀ ਦਾਈ ਦੀ ਸਹਾਇਤਾ ਨਾਲ ਬਾਬਾ ਸੰਸਾਰ ਵਿਚ ਪ੍ਰਗਟਿਆ ਉਸ ਦਾ ਨਾਮ ਬੀਬੀ ਦੌਲਤਾਂ ਸੀ। ਇਨ੍ਹਾਂ ਅਮੀਰਾਂ ਦੇ ਕਦਮਾਂ ਵਿਚ ਸਾਡਾ ਸਲਾਮ। ਸਾਖੀ ਕਲਿਆਣ ਕਰੇ।


rajwinder kaur

Content Editor rajwinder kaur