ਸ਼ਹੀਦੀ ਦਿਹਾੜੇ ''ਤੇ ਵਿਸ਼ੇਸ਼: ਸਿੱਖ ਜਗਤ ’ਚ ‘ਭਾਈ ਮਨੀ ਸਿੰਘ ਜੀ’ ਦੀ ਸ਼ਹਾਦਤ ਲਾਸਾਨੀ

07/08/2023 2:11:02 PM

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪੈਂਦੇ ਪਿੰਡ ਕੈਂਬੋਵਾਲ ਵਿਖੇ ਹੋਇਆ। ਜਦੋਂ ਭਾਈ ਮਨੀ ਸਿੰਘ ਜੀ ਦੀ ਉਮਰ ਸਿਰਫ਼ ਪੰਜ ਸਾਲ ਦੀ ਸੀ ਤਾਂ ਉਹਨਾਂ ਦੇ ਪਿਤਾ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟਾ ਕਰ ਗਏ। ਇਸ ਲਈ ਛੋਟੀ ਅਵਸਥਾ ਤੋਂ ਹੀ ਭਾਈ ਮਨੀ ਸਿੰਘ ਨੌਵੇਂ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿਚ ਰਹੇ। ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕਿਆ ਅਤੇ ਉਹਨਾਂ ਦਾ ਨਾਂ ਮਨੀਏ ਤੋਂ ਮਨੀ ਸਿੰਘ ਰੱਖ ਦਿੱਤਾ ਗਿਆ। 

ਜਦੋਂ ਦਿੱਲੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਇਹ ਸੂਚਨਾ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚ ਗਏ ਤਾਂ ਉਹ ਦੋਵੇਂ ਮਾਤਾਵਾਂ ਸਾਹਿਬ ਕੌਰ ਤੇ ਸੁੰਦਰੀ ਜੀ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਦਮਦਮਾ ਸਾਹਿਬ ਵਿਖੇ ਪਹੁੰਚ ਗਏ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕੀਤੀ, ਜਿਸ ਨੂੰ ਬਾਅਦ ਵਿਚ ਗੁਰਤਾਗੱਦੀ ਦਿੱਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੌਜੂਦਾ ਸਰੂਪ ਹੀ ਅੱਜਕੱਲ੍ਹ ਪ੍ਰਚੱਲਿਤ ਹੈ। ਭਾਈ ਮਨੀ ਸਿੰਘ ਜੀ ਨੇ ਇਸ ਸਾਰੇ ਗ੍ਰੰਥ ਦੀ ਲਿਖਾਈ ਕੀਤੀ। ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਲਿਖਵਾਉਂਦੇ ਗਏ ਅਤੇ ਉਹ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸਮੇਂ ਕਾਗਜ਼, ਸਿਆਹੀ ਅਤੇ ਕਲਮਾਂ ਦੀ ਸੇਵਾ ਕਰਦੇ ਰਹੇ। 

1778 ਸੰਮਤ ਬਿਕਰਮੀ ਮੁਤਾਬਿਕ 1721 ਈਸਵੀ ਨੂੰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਥਾਪਿਆ। ਇਸੇ ਦੌਰਾਨ ਲਾਹੌਰ ਦੇ ਦੀਵਾਨ ਲੱਖਪਤ ਰਾਏ ਨੇ ਅਚਾਨਕ ਸਿੱਖਾਂ ਉਤੇ ਜ਼ੁਲਮ ਕਰਨੇ ਕਾਫ਼ੀ ਵਧਾ ਦਿੱਤੇ। ਉਸ ਨੇ ਬੁੱਢਾ ਦਲ ਨੂੰ ਬਾਰੀ ਦੋਆਬ ਵਿਚੋਂ ਬਾਹਰ ਕੱਢ ਦਿੱਤਾ। ਬੁੱਢਾ ਦਲ ਉੱਥੋਂ ਚੱਲ ਕੇ ਮਾਲਵੇ ਵਿਚ ਆ ਗਿਆ, ਜਿੱਥੇ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਬਰਨਾਲਾ ਵਿਚ ਬੁੱਢਾ ਦਲ ਦਾ ਹਾਰਦਿਕ ਸਵਾਗਤ ਕੀਤਾ ਅਤੇ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤਪਾਨ ਕੀਤਾ। ਇਸੇ ਦੌਰਾਨ ਜਦੋਂ ਬੁੱਢਾ ਦਲ ਤਾਜ਼ਾ ਦਮ ਹੋ ਕੇ ਮਾਝੇ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਲਖਪਤ ਰਾਏ ਨੇ ਸੱਤ ਹਜ਼ਾਰ ਸੈਨਿਕਾਂ ਦੀ ਫੌਜ ਆਪਣੀ ਕਮਾਨ ਥੱਲੇ ਲੈ ਕੇ ਬੁੱਢਾ ਦਲ ਉੱਤੇ ਹਮਲਾ ਕਰ ਦਿੱਤਾ। ਜਿਸ ਵਿਚ ਬੁੱਢਾ ਦਲ ਦਾ ਕਾਫੀ ਨੁਕਸਾਨ ਹੋਇਆ। 

ਜਦੋਂ ਇਸ ਘਟਨਾ ਦਾ ਤਰਨਾ ਦਲ ਨੂੰ ਪਤਾ ਲੱਗਾ ਤਾਂ ਉਹ ਬੜੀ ਤੇਜ਼ੀ ਨਾਲ ਬੁੱਢਾ ਦਲ ਦੀ ਮਦਦ ਲਈ ਪਹੁੰਚੇ। ਦੋਵੇਂ ਦਲਾਂ ਨੇ ਇਕੱਠੇ ਹੋ ਕੇ ਮੁਗਲ ਫ਼ੌਜ ਉੱਤੇ ਹਮਲਾ ਬੋਲ ਦਿੱਤਾ, ਕਿਉਂਕਿ ਮੁਗਲ ਫ਼ੌਜ ਅਜੇ ਤਕ ਲਾਹੌਰ ਵਿਖੇ ਨਹੀਂ ਸੀ ਪਹੁੰਚੀ। ਹੁਜਰਾ ਸਾਹ ਮੁਕੀਮ ਦੇ ਨੇੜੇ ਗਹਿਗੱਚ ਲੜਾਈ ਹੋਈ, ਜਿੱਥੇ ਸਿੱਖਾਂ ਨੇ ਮੁਗਲਾਂ ਨੂੰ ਭਾਰੀ ਹਾਰ ਦਿੱਤੀ। ਇਸ ਲੜਾਈ ਵਿਚ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਉਸ ਦੇ ਦੋ ਪ੍ਰਸਿੱਧ ਫੌਜਦਾਰ ਤਾਤਾਰ ਖ਼ਾਨ ਅਤੇ ਜਮਾਲ ਖਾਂ ਵੀ ਮਾਰੇ ਗਏ। ਇਸ ਜਿੱਤ ਨਾਲ ਸਿੱਖਾਂ ਦੀ ਹੌਂਸਲੇ ਵਧ ਗਏ ਅਤੇ ਉਨ੍ਹਾਂ ਅੰਮ੍ਰਿਤਸਰ ਤੱਕ ਦੇ ਸਾਰੇ ਇਲਾਕਿਆਂ ਵਿਚ ਤਰਥੱਲੀ ਮਚਾ ਦਿੱਤੀ ਅਤੇ ਮੁਗਲਾਂ ਨੂੰ ਘੇਰ-ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸਰਕਾਰ ਦੁਬਾਰਾ ਹਰਕਤ ਵਿਚ ਆ ਗਈ ਅਤੇ ਉਸ ਨੇ ਅੰਮ੍ਰਿਤਸਰ ਸਾਹਿਬ ’ਤੇ ਕਬਜ਼ਾ ਕਰ ਲਿਆ। ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਸਰਕਾਰ ਨੇ ਸਿੱਖਾਂ ਦੇ ਵਿਰੁੱਧ ਦਮਨ ਚੱਕਰ ਚਲਾਇਆ ਅਤੇ ਹਜ਼ਾਰਾਂ ਹੀ ਸਿੱਖ ਕਤਲ ਕਰ ਦਿੱਤੇ ਗਏ।  

ਇਸ ਮੌਕੇ ਉਸ ਸਮੇਂ ਦੇ ਮਹਾਨ ਵਿਦਵਾਨ ਅਤੇ ਬਹੁਤ ਹੀ ਆਦਰਯੋਗ ਸਿੱਖ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਗਵਰਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਮੇਲਾ ਭਰਨ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਇਹ ਆਗਿਆ ਇਸ ਸ਼ਰਤ ਉੱਤੇ ਦਿੱਤੀ ਕਿ ਮੇਲਾ ਭਰਨ ਦੀ ਸੂਰਤ ਵਿਚ ਪੰਜ ਹਜ਼ਾਰ ਰੁਪਏ ਸਰਕਾਰ ਕੋਲ ਜਮ੍ਹਾ ਕਰਾਉਣੇ ਪੈਣਗੇ। ਭਾਈ ਮਨੀ ਸਿੰਘ ਜੀ ਨੇ ਦਸ ਦਿਨ ਤੱਕ ਇਹ ਮੇਲਾ ਜਾਰੀ ਰੱਖਣ ਦੀ ਆਗਿਆ ਹਾਸਲ ਕਰ ਲਈ। ਉਨ੍ਹਾਂ ਨੂੰ ਉਮੀਦ ਸੀ ਕਿ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਤਰ ਹੋਵੇਗੀ, ਜਿਸ ਵਿਚੋਂ ਭੇਟਾਵਾਂ ਇਕੱਠੀਆਂ ਕਰਕੇ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਅਦਾ ਕਰ ਦਿੱਤੇ ਜਾਣਗੇ ਪਰ ਗਵਰਨਰ ਨੇ ਇਸ ਮੌਕੇ ਨੂੰ ਚੰਗਾ ਮੌਕਾ ਜਾਣਦਿਆਂ ਸਿੱਖਾਂ ਦਾ ਕਤਲੇਆਮ ਕਰਨ ਦਾ ਫ਼ੈਸਲਾ ਕਰ ਲਿਆ।

ਦੀਵਾਨ ਲਖਪਤ ਰਾਏ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਕ ਫ਼ੌਜ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤੀ ਗਈ ਅਤੇ ਇਸ ਫੌਜ ਨੇ ਰਾਮ ਤੀਰਥ ਵਾਲੇ ਸਥਾਨ 'ਤੇ ਆਪਣਾ ਡੇਰਾ ਲਾਇਆ। ਸਿੱਖ ਕਾਫ਼ੀ ਗਿਣਤੀ ਵਿਚ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਸਨ ਅਤੇ ਮੁਗਲ ਸੈਨਾ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ, ਜਿਸ ਕਰਕੇ ਮੇਲਾ ਖਿੰਡ-ਪੁੰਡ ਗਿਆ ਅਤੇ ਭੇਟਾਵਾਂ ਇਕੱਤਰ ਨਾ ਹੋ ਸਕੀਆਂ। ਸਰਕਾਰ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਇਸ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਕਿ ਉਨ੍ਹਾਂ ਨੇ ਨਿਰਧਾਰਿਤ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਕਰ ਅਦਾ ਨਹੀਂ ਕੀਤਾ। ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਪੈਸੇ ਜਮ੍ਹਾ ਕਰਵਾਉਣ, ਨਹੀਂ ਤਾਂ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੌਤ ਤੋਂ ਬਚਣ ਲਈ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਭਾਈ ਮਨੀ ਸਿੰਘ ਜੀ ਨੇ ਆਪਣਾ ਸਿੱਖੀ ਧਰਮ ਨਾ ਛੱਡਦੇ ਹੋਏ ਉਲਟਾ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਮੇਲਾ ਭਰ ਲੈਣ ਦਿੰਦੀ ਤਾਂ ‘ਕਰ’ ਵੀ ਸਰਕਾਰ ਨੂੰ ਅਦਾ ਕਰ ਦਿੱਤਾ ਜਾਣਾ ਸੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਬੇਈਮਾਨੀ ਕੀਤੀ ਹੈ। ਇਹ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਇੱਥੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਭਾਈ ਮਨੀ ਸਿੰਘ ਜੀ ਸ਼ਹੀਦ ਕੀਤੇ ਗਏ, ਉਹ ਪਵਿੱਤਰ ਸਥਾਨ ਸ਼ਹੀਦਗੰਜ ਲਾਹੌਰ ਦੇ ਕਿਲ੍ਹੇ ਦੇ ਨੇੜੇ ਸਥਿਤ ਹੈ। ਇਸ ਮੌਕੇ ਇਕੱਲਾ ਭਾਈ ਮਨੀ ਸਿੰਘ ਜੀ ਨੂੰ ਹੀ ਸ਼ਹੀਦ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੂੰ ਵੀ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਨਿਆਮੀਆਂ

rajwinder kaur

This news is Content Editor rajwinder kaur