ਗੁਰਦੁਆਰਾ ਸ੍ਰੀ ਕੋਠੜੀ ਸਾਹਿਬ

4/22/2021 6:28:06 PM

ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ। ਗੁਰਦੁਆਰਾ ਗੁਰੂ ਕਾ ਬਾਗ਼ ਦੇ ਨੇੜੇ ਹੀ ਮੁਹੱਲਾ ਵੱਡਿਆਂ ਦੇ ਅੰਦਰ ਗਲੀ ’ਚ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸਥਿਤ ਹੈ। ਗੁਰਦੁਆਰੇ ਦੀ ਕੋਠੀ ਜ਼ਮੀਨ ਤੋਂ 5-6 ਫੁੱਟ ਉੱਚੀ ਹੈ। ਪੌੜੀਆਂ ਦੇ ਰਸਤੇ ਤੋਂ ਚੜ੍ਹ ਕੇ ਛੋਟੇ ਜਿਹੇ ਵਿਹੜੇ ਵਿੱਚੋਂ ਲੰਘ ਕੇ ਇਕ ਕਮਰੇ ’ਚ ਪਹੁੰਚਦਾ ਹੈ। ਇਸ ਕਮਰੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਨਵੇਂ ਬਣੇ ਇਸ ਕਮਰੇ ਦੀ ਚੜ੍ਹਦੀ ਬਾਹੀ ਵਾਲੀ ਦੀਵਾਰ ’ਚ ਇਕ ਛੋਟੀ ਜਿਹੀ ਕੋਠੜੀ ਬਣੀ ਹੋਈ ਹੈ। ਇਹ ਕੋਠੜੀ ਢਾਈ ਫੁੱਟ ਚੌੜੀ ਪੰਜ ਫੁੱਟ ਲੰਬੀ ਅਤੇ 4 ਫੁੱਟ ਦੇ ਕਰੀਬ ਉੱਚੀ ਹੈ। ਇਸ ਦੇ ਅੰਦਰ ਚੁਫੇਰੇ ਸੰਗਮਰਮਰ ਲਗਾਇਆ ਹੋਇਆ ਹੈ। ਇਸ ਵਿਚ ਕਿਸੇ ਆਦਮੀ ਦਾ ਖੜ੍ਹਾ ਸਕਣਾ ਸੰਭਵ ਨਹੀਂ।

ਇਹ ਕੋਠੜੀ ਨਵਾਬ ਦੌਲਤ ਖਾਂ ਦੇ ਮੁਨਸ਼ੀ ਜਾਦੋ ਰਾਇ ਜੈਰਥ ਦੇ ਮਕਾਨ ਦੀ ਦੱਸੀ ਜਾਂਦੀ ਹੈ। ਤਵਾਰੀਖ ਗੁਰੂ ਖਾਲਸਾ ਅਨੁਸਾਰ ਜਦੋਂ ਪਹਿਲੀ ਵਾਰ ਦੌਲਤ ਖਾਂ ਲੋਧੀ ਦੇ ਕੰਨ ਭਰ ਗਏ ਸਨ ਕਿ ਨਾਨਕ ਨੇ ਮੋਦੀ ਖਾਨਾ ਲੁਟਾ ਦਿੱਤਾ ਹੈ ਤਾਂ ਨਵਾਬ ਦੇ ਸਿਪਾਹੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਕੋਠੜੀ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਦੋ ਦਿਨ ਗੁਰੂ ਜੀ ਇਸ ਛੋਟੀ ਜਿਹੀ ਕੋਠੜੀ ਵਿੱਚ ਰਹੇ ਅਤੇ ਇਸ ਦੇ ਨਾਲ ਦੇ ਕਮਰੇ ਵਿੱਚ ਬੈਠ ਕੇ ਗੁਰੂ ਜੀ ਦੇ ਹਿਸਾਬ ਦੀ ਪੜਤਾਲ ਕੀਤੀ ਗਈ। ਹਿਸਾਬ ਉਪਰੰਤ ਗੁਰੂ ਜੀ ਦਾ ਵਾਧਾ ਨਵਾਬ ਵੱਲ ਨਿਕਲਿਆ।

ਅਸਲ ਇੱਟਾਂ ਦੇ ਉੱਪਰ ਨਵੀਆਂ ਇੱਟਾਂ ਅਤੇ ਪਲਸਤਰ ਆਦਿ ਨਾਲ ਮੁਰੰਮਤ ਹੋ ਜਾਣ ਕਾਰਨ ਇਸ ਕੋਠੜੀ ਦਾ ਰੂਪ ਪੁਰਾਤਨ ਨਹੀਂ ਰਿਹਾ। ਪਹਿਲੀ ਵਾਰ ਇਸ ਮਕਾਨ ਦੀ ਮੁਰੰਮਤ ਰਾਮ ਜਸ ਨੇ ਕਰਵਾਈ ਸੀ।

ਦੱਸਿਆ ਜਾਂਦਾ ਹੈ ਕਿ ਗੁਰੂ ਜੀ ਦੇ ਵਿਰੁੱਧ ਚੁਗਲੀ ਕਰਨ ਵਾਲੇ ਜਾਦੋ ਰਾਇ ਜੈਰਥ ਦੇ ਵੰਸ ਨੂੰ ਰੱਬ ਦੀ ਮਾਰ ਪਈ ਹੋਈ ਹੈ। ਉਸ ਘਰ ਵਿਚ ਇਕ ਅੰਨ੍ਹਾਂ, ਇਕ ਕਾਣਾ ਤੇ ਇਕ ਵਿਧਵਾ ਰਹਿੰਦੀ ਹੈ। ਲੋਕ ਦੱਸਦੇ ਹਨ ਕਿ ਸਾਡੇ ਪਿਓ ਦਾਦੇ ਤੋਂ ਇਸ ਗੱਲ ਦੀ ਗਵਾਹੀ ਮੂੰਹੋਂ ਮੂੰਹ ਚਲੀ ਆਉਂਦੀ ਹੈ ਕਿ ਅੰਨ੍ਹਾਂ, ਕਾਣਾ ਤੇ ਵਿਧਵਾ ਤਿੰਨੇ ਜੀਅ ਸਦਾ ਇਸ ਘਰਾਣੇ ਵਿੱਚ ਰਹੇ ਹਨ। ਅੰਨ੍ਹੇ ਦੀ ਮੌਤ ਉਪਰੰਤ ਕਾਣਾ ਅੰਨ੍ਹਾਂ ਹੋ ਜਾਂਦਾ ਹੈ ਤੇ ਕੋਈ ਹੋਰ ਕਾਣਾ ਹੋ ਜਾਂਦਾ ਹੈ। ਵਿਧਵਾ ਦੀ ਮੌਤ ਉਪਰੰਤ ਕੋਈ ਹੋਰ ਵਿਧਵਾ ਹੋ ਜਾਂਦੀ ਹੈ।


rajwinder kaur

Content Editor rajwinder kaur