ਗੁਰਦੁਆਰਾ ਸ੍ਰੀ ਰੀਠਾ ਸਾਹਿਬ, ਜਿਥੇ ਜੇਠ ਦੀ ਪੂਰਨਮਾਸ਼ੀ ਨੂੰ ਲਗਦਾ ਹੈ ਸਾਲਾਨਾ ਜੋੜ ਮੇਲਾ

06/24/2021 2:09:36 PM

ਗੁਰਦੁਆਰਾ ਨਾਨਕ-ਮਤਾ ਸਾਹਿਬ ਤੋਂ ਰਸਤਾ ਖਟੀਮਾ, ਟਨਕਪੁਰ, ਚੰਪਾਵਤ, ਲੋਹਾ ਘਾਟ, ਧੂਨਾ ਘਾਟ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਪਹੁੰਚਿਆ ਜਾ ਸਕਦਾ ਹੈ। ਉੱਤਰਾਖੰਡ ਦੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇਸ ਅਸਥਾਨ 'ਤੇ ਕੱਤਕ ਦੀ ਪੂਰਨਮਾਸ਼ੀ ਨੂੰ ਪਹੁੰਚੇ। ਉਸ ਸਮੇਂ ਢੇਰ ਨਾਥ ਜੀ ਸਿੱਧਾਂ ਸਮੇਤ ਇਥੇ ਰਹਿੰਦੇ ਸਨ। ਜਦੋਂ ਗੁਰੂ ਸਾਹਿਬ ਜੀ ਇਥੇ ਪਹੁੰਚੇ ਤਾਂ ਸਿੱਧ ਲੋਕ ਰੀਠੇ ਦੇ ਦਰੱਖ਼ਤ ਥੱਲੇ ਇਕ ਪਾਸੇ ਨੂੰ ਬੈਠੇ ਹੋਏ ਸਨ ਅਤੇ ਦੂਜੇ ਪਾਸੇ ਗੁਰੂ ਜੀ ਵੀ ਬੈਠ ਗਏ। ਫਿਰ ਸਿੱਧਾਂ ਨਾਲ ਗਿਆਨ ਚਰਚਾ ਹੋਈ।

ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਨ੍ਹਾਂ ਭੋਜਨ ਦੀ ਮੰਗ ਕੀਤੀ। ਗੁਰੂ ਜੀ ਨੇ ਉਨ੍ਹਾਂ ਨੂੰ ਸਿੱਧਾਂ ਪਾਸੋਂ ਭੋਜਨ ਲੈਣ ਲਈ ਕਿਹਾ। ਸਿੱਧਾਂ ਨੇ ਹੰਕਾਰਵਸ ਭਾਈ ਮਰਦਾਨਾ ਜੀ ਨੂੰ ਕਿਹਾ...ਜੇ ਤੇਰਾ ਗੁਰੂ ਇੰਨਾ ਪਹੁੰਚਿਆ ਹੋਇਆ ਹੈ ਤਾਂ ਉਸ ਨੂੰ ਕਹੋ ਭੋਜਨ ਦੇਵੇ। ਇਹ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਰੀਠੇ ਤੋੜ ਕੇ ਖਾਣ ਲਈ ਕਿਹਾ ਅਤੇ ਸਿੱਧਾਂ ਨੂੰ ਵਰਤਾਉਣ ਲਈ ਕਿਹਾ। ਰੀਠੇ ਦੇ ਕੌੜੇ ਫਲ ਮਿੱਠੇ ਹੋ ਗਏ ਪਰ ਜਿਸ ਪਾਸੇ ਸਿੱਧ ਬੈਠੇ ਸਨ, ਉਹ ਕੌੜੇ ਹੀ ਰਹੇ।

ਇਹ ਦੇਖ ਕੇ ਸਿੱਧਾਂ ਨੇ ਗੁੱਸੇ ਵਿੱਚ ਆ ਕੇ ਆਪਣੀ ਯੋਗ ਸ਼ਕਤੀ ਨਾਲ ਇਕ ਜ਼ਹਿਰੀਲਾ ਸੱਪ ਮਰਦਾਨਾ ਜੀ ਵੱਲ ਛੱਡਿਆ। ਜਦੋਂ ਗੁਰੂ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸੱਪ ਵੱਲ ਵੇਖਿਆ ਤਾਂ ਸੱਪ ਉਥੇ ਹੀ ਪੱਥਰ ਹੋ ਗਿਆ।

ਸ਼ਰਮਸਾਰ ਹੋ ਕੇ ਢੇਰ ਨਾਥ ਜੀ ਆਪਣਾ ਡੇਰਾ ਇੱਥੋਂ ਚੁੱਕ ਕੇ ਤਕਰੀਬਨ 40 ਕਿ. ਮੀ. ਲੋਹਾ ਘਾਟ ਵੱਲ ਚਲੇ ਗਏ ਅਤੇ ਜ਼ਿੰਦਾ ਧਰਤੀ ਵਿੱਚ ਸਮਾ ਗਏ। ਉਥੇ ਉਨ੍ਹਾਂ ਦੀ ਸਮਾਧ ਹੈ। ਹਰ ਸਾਲ ਇਥੇ ਜੇਠ ਦੀ ਪੂਰਨਮਾਸ਼ੀ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਸੰਗਤ ਨੂੰ ਮਿੱਠੇ ਰੀਠੇ ਪ੍ਰਸ਼ਾਦ ਵਜੋਂ ਦਿੱਤੇ ਜਾਂਦੇ ਹਨ।        

ਡਾ. ਰਣਜੀਤ ਸਿੰਘ ਸੋਢੀ
(94170-93702)

rajwinder kaur

This news is Content Editor rajwinder kaur