ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਗੁਰਦੁਆਰਾ ‘ਨੌਵੀਂ ਪਾਤਸ਼ਾਹੀ ਥਾਨੇਸਰ’

06/07/2021 6:12:30 PM

ਗੁਰਪ੍ਰੀਤ ਸਿੰਘ ਨਿਆਮੀਆਂ

ਥਾਨੇਸਰ (ਕੁਰੂਕਸ਼ੇਤਰ) ਵਿਖੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਗੁਰਧਾਮ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ 15 ਮਾਰਚ 1727 ਈਸਵੀ ਨੂੰ ਕੁਰੂਕਸ਼ੇਤਰ ਵਿਖੇ ਆਏ ਸਨ। ਦੱਸਿਆ ਜਾਂਦਾ ਹੈ ਕਿ ਇਹ ਸੂਰਜ ਗ੍ਰਹਿਣ ਦਾ ਮੌਕਾ ਸੀ। ਇਥੇ ਇਹ ਗੱਲ ਖਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਵਿਖੇ ਜ਼ਿਆਦਾਤਰ ਗੁਰੂ ਸਾਹਿਬਾਨ ਜਦੋਂ ਆਏ ਸਨ ਤਾਂ ਸੂਰਜ ਗ੍ਰਹਿਣ ਲੱਗਾ ਹੋਇਆ ਹੁੰਦਾ ਸੀ। ਇਸ ਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ ਗੁਰੂ ਜੀ ਇਥੇ ਸੂਰਜ ਗ੍ਰਹਿਣ ਮੌਕੇ ਦੂਜੇ ਧਰਮਾਂ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਵਾਂਗ ਧਾਰਮਿਕ ਪੁੰਨ-ਦਾਨ ਕਰਨ ਲਈ ਆਏ ਸਨ ਸਗੋਂ ਗੁਰੂ ਜੀ ਤਾਂ ਲੋਕਾਈ ਦਾ ਉਧਾਰ ਕਰਨ ਲਈ ਆਏ ਸਨ। ਇਹ ਗੁਰੂ ਜੀ ਦਾ ਪ੍ਰਚਾਰ ਕਰਨ ਦਾ ਇਕ ਅਨੋਖਾ ਤਰੀਕਾ ਹੁੰਦਾ ਸੀ। ਸੂਰਜ ਗ੍ਰਹਿਣ ਆਦਿ ਵਰਗੇ ਮੌਕਿਆਂ ’ਤੇ ਵੱਡੀ ਗਿਣਤੀ ਵਿਚ ਲੋਕੀ ਅਜਿਹੇ ਤੀਰਥਾਂ ’ਤੇ ਜੁੜੇ ਹੋਏ ਹੁੰਦੇ ਸਨ ਤੇ ਗੁਰੂ ਜੀ ਨੂੰ ਆਪਣੀ ਗੱਲ ਵਧੀਆ ਤਰੀਕੇ ਨਾਲ ਸਮਝਾਉਣ ਤੇ ਪ੍ਰਚਾਰ ਕਰਨ ਵਿਚ ਹੋਰ ਵੀ ਆਸਾਨੀ ਹੋ ਜਾਂਦੀ ਸੀ।

ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਕਵੀ ਸੰਤੋਖ ਸਿੰਘ ਜੀ ਇਸ ਬਾਰੇ ’ਚ ਗਿਆਰਵੀਂ ਰਾਸ ਵਿੱਚ ਲਿਖਦੇ ਹਨ:-
‘ਪੂਰਬ ਕੋ ਮੁਖ ਕਰ ਗਮਨੰਤੇ।
ਦੀਰਘ ਮਗ ਸੁਖ ਸੰਗ ਚਲੰਤੇ।
ਤੀਰਥ ਮੱਜਨ ਕੀਨਿ ਬਹਾਨਾ।
ਚਹੈਂ ਕਰਨਿ ਸਿੱਖਨਿ ਕਲਯਾਨਾ।’

ਮਹਾਂ ਕਵੀ ਜੀ ਗੁਰੂ ਜੀ ਦੇ ਥਾਨੇਸਰ ਆਉਣ ਬਾਰੇ ਵਿਸਥਾਰ ਨਾਲ ਇਸ ਤਰਾਂ ਲਿਖਦੇ ਹਨ:-
‘ਗਰ ਸ਼ਮਸ਼ੇਰ ਦੁਤਿਯ ਦਿਸ਼ਿ ਭਾਥਾ।
ਅਧਿਕ ਕਠੋਰ ਸਰਾਸਨ ਹਾਥਾ।
ਸਭਿ ਸਮਾਜ ਯੁਤਿ ਪੰਥ ਪਧਾਰੇ।
ਨਗਰ ਥਨੇਸਰ ਆਇ ਅਗਾਰੇ।
ਖਸ਼ਟ ਕੋਸ ਥੋ ਮਗ ਉਲੰਘਾਏ।
ਦੇਖਯੋ ਤੀਰਥ ਜਹਿਂ ਸਮੁਦਾਏ।
ਸੂਰਜ ਗ੍ਰਹਣ ਜਾਨਿ ਕਰਿ ਮੇਲਾ।
ਚਹੁਂਦਿਸ਼ਿ ਤੇ ਨਰ ਭਯੋ ਸਕੇਲਾ।
ਭੀਰ ਨਰਨਿ ਕੀ ਘਨੀ ਸੁ ਆਵਤ।
ਜਹਿਂ ਕਹਿਂ ਨਰ ਡੇਰਾ ਨਿਜ ਪਾਵਤਿ।
ਪਹੁੰਚੇ ਸਤਿਗੁਰੁ ਪਿਖਹਿਂ ਸੁ ਥਾਂਨ।
ਹਿਤ ਉਤਰਨਿ ਕੇ ਕਰਨਿ ਸ਼ਨਾਨ।’

ਗੁਰੂ ਜੀ ਦੀ ਮੇਲੇ ’ਤੇ ਆਮਦ ਸੁਣ ਕੇ ਵੱਡੀ ਗਿਣਤੀ ਵਿੱਚ ਲੋਕੀਂ ਕੁਰੂਕਸ਼ੇਤਰ ਪੁੱਜਣੇ ਸ਼ੁਰੂ ਹੋ ਗਏ। ਦੂਜੇ ਧਰਮਾਂ ਦੇ ਲੋਕ ਤਾਂ ਪਹਿਲਾਂ ਹੀ ਸੂਰਜ ਗ੍ਰਹਿਣ ਦੇ ਕਾਰਨ ਆਏ ਹੋਏ ਸਨ। ਗੁਰੂ ਜੀ ਨੇ ਇਕ ਸੁੰਦਰ ਤੇ ਰਮਣੀਕ ਥਾਂ ਵੇਖ ਕੇ ਉਥੇ ਡੇਰਾ ਲਾਉਣ ਦਾ ਹੁਕਮ ਦਿੱਤਾ। ਗੁਰੂ ਜੀ ਆਪਣੇ ਘੋੜੇ ਤੋਂ ਹੇਠਾਂ ਉਤਰ ਆਏ। ਤੰਬੂ ਲੱਗ ਗਏ ਅਤੇ ਗੁਰੂ ਜੀ ਦੇ ਪਰਿਵਾਰਿਕ ਮੈਂਬਰਾਂ ਤੇ ਹੋਰਨਾਂ ਮੋਹਰੀ ਸਿੱਖਾਂ ਲਈ ਅਲੱਗ-ਅਲੱਗ ਤੰਬੂ ਲਾ ਦਿੱਤੇ ਗਏ।

ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਅੰਮਿ੍ਰਤ ਵੇਲੇ ਗੁਰੂ ਜੀ ਸ਼ੋਚ ਇਸ਼ਨਾਨ ਤੋਂ ਵਿਹਲੇ ਹੋ ਕੇ ਪ੍ਰਭੂ ਦੀ ਭਗਤੀ ਵਿੱਚ ਜੁੜ ਗਏ। ਜਿਉਂ-ਜਿਉ ਦਿਨ ਚੜ੍ਹਦਾ ਗਿਆ ਲੋਕੀਂ ਗੁਰੂ ਜੀ ਦੀ ਆਮਦ ਬਾਰੇ ਸੁਣ ਕੇ ਦਰਸ਼ਨ ਕਰਨ ਤੇ ਮੱਥਾ ਟੇਕਣ ਲਈ ਆਉਣ ਲੱਗ ਪਏ। ਉੱਧਰ ਸੂਰਜ ਗ੍ਰਹਿਣ ਦਾ ਮੇਲਾ ਵੀ ਬਹੁਤ ਭਰ ਗਿਆ ਤੇ ਏਧਰ ਲੋਕਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਵੀ ਬਹੁਤ ਚਾਅ ਸੀ। 
‘ਸੁਧਿ ਮੇਲੇ ਮਹਿਂ ਜਹਿਂ ਕਹਿਂ ਹੋਈ।
ਦੇਖਨਿ ਕਾਰਨ ਚਹਿਂ ਚਿਤ ਸੋਈ।
ਆਹਿ ਬਿਲੋਕਤਿ ਪਾਵਨ ਦਰਸ਼ਨ।
ਸੀਸ ਨਿਵਾਇ ਕਰਹਿਂ ਪਗ ਪਰਸਨ।
ਕਹੈਂ ‘ਭਏ ਦ੍ਵੈ ਕਾਜ ਭਲੇਰੇ।
ਮੱਜਨ ਕਰਨਿ ਅਪਰ ਗੁਰੁ ਹੇਰੇ।’

ਕਈ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਜੀ ਬਾਰੇ ਪਤਾ ਨਹੀਂ ਸੀ ਉਹ ਇਕ ਦੂਜੇ ਨੂੰ ਪੁੱਛ ਰਹੇ ਸਨ ਕਿ ਇਹ ਕੌਣ ਮਹਾਂਪੁਰਸ਼ ਹਨ। ਦੂਜੇ ਉਨ੍ਹਾਂ ਨੂੰ ਦੱਸ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ’ਤੇ ਅੱਜਕਲ ਇਹ ਗੁਰੂ ਜੀ ਹੀ ਬਿਰਾਜਮਾਨ ਹਨ। 

ਗੁਰੂ ਜੀ ਜਿਸ ਥਾਂ ’ਤੇ ਠਹਿਰੇ ਹੋਏ ਸਨ, ਉਹ ਜਗ੍ਹਾ ‘ਥਾਨੇਸਰ ਮਹਾਦੇਵ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਵੇਦਾਂ ਅਨੁਸਾਰ ਇਹ ਸ਼ਿਵ ਜੀ ਦਾ ਸਭ ਤੋਂ ਪੁਰਾਣਾ ਅਸਥਾਨ ਹੈ। ਇਹ ਥਾਂ ਕਾਂਸ਼ੀ ਅਤੇ ਹਰਿਦੁਆਰ ਦੇ ਮੰਦਰਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਥੇ ਹਿੰਦੂ ਲੋਕ ਵੱਡੀ ਗਿਣਤੀ ਵਿਚ ਆਉਂਦੇ ਹਨ ਤੇ ਮੱਥਾ ਟੇਕਦੇ ਹਨ। ਗੁਰੂ ਜੀ ਦਾ ਡੇਰਾ ਵੀ ਇਸ ਮੰਦਰ ਦੇ ਬਿਲਕੁਲ ਨਾਲ ਲਗਦਾ ਸੀ। ਗੁਰੂ ਜੀ ਦੇ ਦਰਸ਼ਨਾਂ ਲਈ ਉਹ ਸਾਰੇ ਹੀ ਲੋਕ ਆਉਣ ਲੱਗੇ ਜੋ ‘ਤੀਰਥ ਥਾਨੇਸਰ ਮਹਾਂਦੇਵ’ ਦੇ ਮੰਦਰ ਦੇ ਦਰਸ਼ਨਾਂ ਲਈ ਆ ਰਹੇ ਸਨ। ਲੋਕੀਂ ਗੁਰੂ ਜੀ ਨੂੰ ਭੇਟਾਵਾਂ ਅਰਪਿਤ ਕਰ ਰਹੇ ਸਨ। ਕਈ ਸਾਧ ਸੰਤ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਧਾਰਮਿਕ ਵਿਚਾਰਾਂ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਸਨ।
‘ਇਸ ਬਿਧਿ ਦੇ ਦਰਸ਼ਨ ਗੁਰੁ ਧੀਰ।
ਭਰੀ ਰਹੈ ਸਭਿ ਬਾਸੁਰ ਭੀਰ।
ਕੇਤਕਿ ਸੰਤ ਸਕਲ ਮਤ ਕੇਰੇ।
ਮਿਲਹਿਂ ਬਿਠਾਵਹਿਂ ਤਿਨ ਕਉ ਨੇਰੇ।’

ਇੱਥੋਂ ਗੁਰੂ ਜੀ ਸਾਰੀ ਸੰਗਤ ਦੇ ਭਲੇ ਲਈ ਚੜ੍ਹਾਵੇ ਦੀ ਸਾਰੀ ਹੀ ਰਾਸ਼ੀ ਭੇਟ ਕਰਕੇ ਅੱਗੇ ਲਈ ਰਵਾਨਾ ਹੋਏ। ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਪਾਵਨ ਪੁਰਸ਼ ਸਨ, ਜਿਨ੍ਹਾਂ ਨੇ ਆਪਣੇ ਚੜ੍ਹਾਵੇ ਦੀ ਸਾਰੀ ਹੀ ਰਾਸ਼ੀ ਲੋਕਾਂ ਦੀ ਭਲਾਈ ਲਈ ਦੇ ਦਿੱਤੀ ਸੀ ਤੇ ਕੋਈ ਵੀ ਭੇਟ ਇੱਥੋਂ ਲੈ ਕੇ ਨਹੀਂ ਸਨ ਗਏ। ਜਿਸ ਥਾਂ ’ਤੇ ਗੁਰੂ ਜੀ ਠਹਿਰੇ ਹੋਏ ਸਨ ਉਥੇ ਅੱਜਕੱਲ੍ਹ ਇਕ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। 

rajwinder kaur

This news is Content Editor rajwinder kaur