ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੇ ਮਹਾਨ ਕਾਰਜ

5/3/2021 3:47:15 PM

ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਾ ਸਮਾਂ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਸਮਾਂ ਅਕਬਰ ਦਾ ਸਮਾਂ ਸੀ। ਇਸ ਸਮੇਂ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਸੀ। ਇਸ ਤਰ੍ਹਾਂ ਸਿੱਖ ਧਰਮ ਨੂੰ ਮੁਗ਼ਲ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਸੀ।

ਦੂਜੇ ਪਾਸੇ ਭਾਵੇਂ ਗੁਰੂ ਪਰਿਵਾਰ ਵਿੱਚੋਂ ਕੁਝ ਕੁ ਵਿਰੋਧ ਸੀ ਪਰ ਸਿੱਖ ਸੰਗਤਾਂ ਪਹਿਲੇ ਤਿੰਨ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਤੇ ਗੁਰੂ ਘਰ ਦੀ ਮਰਯਾਦਾ ਤੋਂ ਜਾਣਕਾਰ ਸਨ। ਹੁਣ ਸਿੱਖ ਕੱਚੇ ਗੁਰੂ ਤੇ ਸੱਚੇ ਗੁਰੂ ਸੰਬੰਧੀ ਸੁਚੇਤ ਸਨ। ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਏਨੀ ਪਿਆਰੀ ਤੇ ਨਿਆਰੀ ਸੀ ਕਿ ਸਭ ਸੰਗਤਾਂ ਦਰਸ਼ਨ ਕਰ ਕੇ ਨਿਹਾਲ ਹੋ ਜਾਂਦੀਆਂ ਸਨ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਚੌਥੇ ਪਾਤਸ਼ਾਹ ਜੀ ਨੇ, ਜੋ ਮਹਾਨ ਕਾਰਜ ਕੀਤੇ, ਉਹ ਇਸ ਪ੍ਰਕਾਰ ਹਨ :

ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਜੀ ਨੇ ਪੱਕਾ ਟਿਕਾਣਾ ਸ੍ਰੀ ਅੰਮ੍ਰਿਤਸਰ ਵਿਖੇ ਕਰ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਗੁਰੂ ਜੀ ਇਕ ਸਰਬ ਸਾਂਝਾ ਸਮਾਜ ਪ੍ਰਫੁੱਲਤ ਹੋਇਆ ਵੇਖਣਾ ਚਾਹੁੰਦੇ ਸਨ। ਗੁਰੂ ਜੀ ਨੇ ਵੱਖ-ਵੱਖ 52 ਕਿੱਤਿਆਂ ਦੇ ਲੋਕਾਂ ਨੂੰ ਨਵੇਂ ਨਗਰ 'ਚ ਵਸਾਇਆ। ਇਸ ਤਰ੍ਹਾਂ ਸਭਨਾਂ ਦੇ ਮਨਾਂ ਵਿੱਚ ਏਕਤਾ ਤੇ ਕੌਮੀਅਤ ਦੀ ਭਾਵਨਾ ਪੈਦਾ ਹੋਈ ਅਤੇ ਇਹ ਸ਼ਹਿਰ ਹੌਲੀ-ਹੌਲੀ ਬਹੁਤ ਵੱਡਾ ਧਾਰਮਿਕ ਤੇ ਵਪਾਰਿਕ ਕੇਂਦਰ ਬਣ ਗਿਆ। ਨਗਰ ਵਸਾਉਣ ਤੋਂ ਬਾਅਦ ਅੰਮ੍ਰਿਤ ਸਰੋਵਰ ਦਾ ਟੱਕ ਦੁਖ ਭੰਜਨੀ ਬੇਰੀ ਦੇ ਪਾਸ ਲਾਇਆ। ਗੁਰੂ ਜੀ ਨੇ ਹਰੇਕ ਆਦਮੀ ਨੂੰ ਜਲ ਪੀਣ ਅਤੇ ਇਸ਼ਨਾਨ ਕਰਨ ਦੀ ਖੁੱਲ੍ਹ ਦਿੱਤੀ। ਇਸੇ ਸਰੋਵਰ ਦੇ ਨਾਉਂ 'ਤੇ ਸਮਾਂ ਪਾ ਕੇ ਸ਼ਹਿਰ ਦਾ ਨਾਮ ਅੰਮ੍ਰਿਤਸਰ ਮਸ਼ਹੂਰ ਹੋਇਆ।

ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬਾਈ ਮੰਜੀਆਂ ਥਾਪੀਆਂ ਸਨ, ਉਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਨੇ ਧਰਮ ਦਾ ਪ੍ਰਚਾਰ ਕਰਨ ਅਤੇ ਗੁਰਸਿੱਖਾਂ ਵੱਲੋਂ ਧਰਮ ਦੀ ਕਿਰਤ 'ਚੋਂ ਗੁਰੂ ਘਰ ਲਈ ਦੇਣ ਵਾਲੇ ਧਨ ਦੀ ਉਗਰਾਹੀ ਲਈ ਮਸੰਦਾਂ ਦੀ ਸਥਾਪਨਾ ਕੀਤੀ। ਇਨ੍ਹਾਂ ਮਸੰਦਾਂ ਦੀ ਜ਼ਿੰਮੇਵਾਰੀ ਸੀ ਕਿ ਆਪੋ ਆਪਣੇ ਇਲਾਕੇ ਵਿੱਚ ਧਰਮ ਪ੍ਰਚਾਰ ਵੀ ਕਰਨ ਅਤੇ ਸੰਗਤਾਂ ਦੀ ਕਾਰ ਭੇਟਾ ਗੁਰੂ ਘਰ ਪਹੁੰਚਾਇਆ ਕਰਨ। ਇਸ ਤਰ੍ਹਾਂ ਦੂਰ-ਦੂਰ ਤੱਕ ਸਿੱਖਾਂ ਦਾ ਸਿੱਖੀ ਦੇ ਕੇਂਦਰ ਨਾਲ ਪੱਕਾ ਸੰਬੰਧ ਕਾਇਮ ਹੋ ਗਿਆ।ਸਿੱਖੀ ਵਿੱਚ ਦਸਵੰਧ ਦੇਣ ਦੀ ਮਰਯਾਦਾ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਲੂ ਕੀਤੀ। ਇਸ ਦਾ ਮਕਸਦ ਸੀ ਕਿ ਸਾਂਝੇ ਤੇ ਕੌਮੀ ਕਾਰਜਾਂ ਲਈ ਸਾਂਝੀ ਗੋਲਕ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ।

ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਜੋ ਉਦਾਸੀ ਮੱਤ ਦਾ ਪ੍ਰਚਾਰ ਕਰਦੇ ਸਨ, ਉਹ ਅੰਮ੍ਰਿਤਸਰ ਆਏ। ਗੁਰੂ ਜੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਬਾਬਾ ਸ੍ਰੀ ਚੰਦ ਜੀ ਨੇ ਗੁਰੂ ਜੀ ਨੂੰ ਪ੍ਰੀਖਿਆ ਲੈਣ ਦੇ ਖ਼ਿਆਲ ਨਾਲ ਕਿਹਾ, ਪੁਰਖਾ! ‘ਦਾੜ੍ਹੀ ਕਿਉਂ ਵਧਾਈ ਹੈ?' ਚੌਥੇ ਪਾਤਸ਼ਾਹ ਜੀ ਦਾ ਦਾਹੜਾ ਕਾਫ਼ੀ ਲੰਬਾ ਸੀ। ਗੁਰੂ ਜੀ ਨੇ ਅੱਗੋਂ ਪਿਆਰ ਨਾਲ ਉੱਤਰ ਦਿੱਤਾ, “ਆਪ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਬਾਬਾ ਸ੍ਰੀ ਚੰਦ ਨੂੰ ਆਪਣੇ ਹੰਕਾਰ ਦਾ ਗਿਆਨ ਹੋਇਆ ਤੇ ਕਹਿਣ ਲੱਗੇ ਕਿ ਨਾਨਕ ਜੀ ਦੀ ਗੱਦੀ ਦੇ ਤੁਸੀਂ ਸਹੀ ਹੱਕਦਾਰ ਹੈ।

ਸ੍ਰੀ ਗੁਰੂ ਰਾਮਦਾਸ ਜੀ ਨੇ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਬਾਣੀ ਅਤੇ ਹੋਰ ਇਕੱਤਰ ਬਾਣੀ ਦੀ ਸੰਭਾਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਦੀ ਆਪਣੀ ਬਾਣੀ 30 ਰਾਗਾਂ ਵਿੱਚ ਹੈ। ਗੁਰੂ ਜੀ ਸੰਗੀਤ ਤੇ ਕਾਵਿ ਦੇ ਮਹਾਨ ਗਿਆਤਾ ਸਨ। ਗੁਰੂ ਜੀ ਦੀ ਬਾਣੀ ਵਿੱਚ ਵਣਜਾਰਾ, ਕਰਹਲੇ, ਘੋੜੀਆਂ, ਲਾਵਾਂ, ਵਾਰਾਂ ਆਦਿ ਦੇ ਅਨੇਕ ਰੂਪ ਹਨ। ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਗੁਰੂ ਜੀ ਦੀ ਬਹੁਤ ਵੱਡੀ ਦੇਣ ਹੈ। 


rajwinder kaur

Content Editor rajwinder kaur