ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ

05/15/2021 5:37:32 PM

ਪੁਰਾਤਨ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ। ਇਨ੍ਹਾਂ 'ਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੇਈਂ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਇੱਥੇ ਪੁਰਾਤਨ ਬੇਰੀ ਅੱਜ ਵੀ ਮੌਜੂਦ ਹੈ ਜਿਸਦੇ ਨਾਮ ਤੋਂ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੋਇਆ । ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਸਮੇਂ ਦਾਤਣ ਜ਼ਮੀਨ ਵਿਚ ਗੱਡ ਦਿੱਤੀ ਸੀ ਜਿਸ ਨਾਲ ਇਹ ਬੇਰੀ ਦਾ ਦਰੱਖ਼ਤ ਪੈਦਾ ਹੋਇਆ ।  

ਗੁਰਦੁਆਰਾ ਬੇਰ ਸਾਹਿਬ ਦੀ ਇਮਾਰਤ ਬਹੁਤ ਹੀ ਆਲੀਸ਼ਾਨ ਬਣੀ ਹੋਈ ਹੈ। ਜਿਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਕੀਰਤਨ ਦਾ ਪ੍ਰਵਾਹ ਚਲਦਾ ਹੈ। ਸੰਗਤ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਅਨੰਦ ਮਾਣਦੀ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਹੇਠਾਂ ਭੋਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਵਜੋਂ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਭੋਰਾ ਸਾਹਿਬ ਦੇ ਤਪ ਅਸਥਾਨ ਵਾਲੀ ਜਗ੍ਹਾ 'ਤੇ ਬਿਰਾਜ ਕੇ ਰੱਬੀ ਰੰਗ 'ਚ ਜੁੜਦੇ ਸਨ। ਸ਼ਰਧਾਵਾਨ ਯਾਤਰੂ ਤਪ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਬਾਣੀ ਪਾਠ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਨ।  ਗੁਰਦੁਆਰਾ ਬੇਰ ਸਾਹਿਬ ਨਾਲ ਵਹਿੰਦੀ ਕਾਲੀ ਵੇਈਂ  'ਚ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ  ਜਿਸ ਕਾਰਨ ਵੇਈਂ ਨਦੀ ਗੁਰੂ ਜੀ ਦੇ ਡੂੰਘੇ ਰਿਸ਼ਤੇ ਦੀ ਯਾਦ ਦਿਵਾਉਂਦੀ ਹੈ। ਗੁਰਦੁਆਰਾ ਬੇਰ ਸਾਹਿਬ ਦੀ ਸੁੰਦਰ ਇਮਾਰਤ ਦੇ ਕੋਲ ਹੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ 'ਚ ਭਾਈ ਮਰਦਾਨਾ ਹਾਲ ਵੀ ਉਸਾਰਿਆ ਗਿਆ ਹੈ। ਗੁਰਦੁਆਰਾ ਬੇਰ ਸਾਹਿਬ ਦੇ ਨਾਲ ਵਿਸ਼ਾਲ ਸਰੋਵਰ ਵੀ ਸ਼ੁਸ਼ੋਭਿਤ ਹੈ ਜਿੱਥੇ ਇਸ਼ਨਾਨ ਕਰਕੇ ਸੰਗਤ ਵਡਭਾਗਾ ਮਹਿਸੂਸ ਕਰਦੀ ਹੈ। ਗੁਰਦੁਆਰਾ ਬੇਰ ਸਾਹਿਬ ਵਿਖੇ ਬਣੇ ਲੰਗਰ ਹਾਲ 'ਚ ਹਰ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ ਤੇ ਦੂਰ ਦੁਰਾਡੇ ਤੋਂ ਪਹੁੰਚੀ ਸੰਗਤ ਪੰਗਤ 'ਚ ਬੈਠ ਕੇ ਲੰਗਰ ਛਕਦੀ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਦੀ ਹੈ।
 

Harnek Seechewal

This news is Content Editor Harnek Seechewal