ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਸੁਲਤਾਨਪੁਰ ਲੋਧੀ’

05/12/2021 5:46:37 PM

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਇੱਕ ਅਜਿਹਾ ਸ਼ਹਿਰ ਹੈ, ਜਿਸਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਡੂੰਘਾ ਸਬੰਧ ਹੈ। ਸੁਲਤਾਨਪੁਰ ਲੋਧੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦਾ ਇਕ ਪੁਰਾਣਾ ਸ਼ਹਿਰ ਹੈ, ਜੋ ਕਪੂਰਥਲਾ ਸ਼ਹਿਰ ਤੋਂ 27 ਕਿਲੋਮੀਟਰ ਤੇ ਜਲੰਧਰ ਤੋਂ 47 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਵੱਖ-ਵੱਖ ਮੁਗਲ ਸ਼ਾਸ਼ਕਾਂ ਦੇ ਰਾਜ ਦੀ ਗਵਾਹੀ ਭਰਦੇ ਸੁਲਤਾਨਪੁਰ ਲੋਧੀ ਦੀ ਸਥਾਪਨਾ ਬਾਰੇ ਕਈ ਰਵਾਇਤਾਂ ਪ੍ਰਚਲਤ ਹਨ।

ਮੰਨਿਆ ਜਾਂਦਾ ਹੈ ਕਿ 11ਵੀਂ ਸਦੀ ਵਿੱਚ ਸੁਲਤਾਨ ਖਾਨ ਲੋਧੀ ਨੇ ਇਹ ਨਗਰ ਵਸਾਇਆ ਸੀ। ਪਹਿਲੀ ਸਦੀ ਤੋਂ ਛੇਵੀਂ ਸਦੀ ਤੱਕ ਇਹ ਸ਼ਹਿਰ ਬੁੱਧ ਮਤ ਦੇ ਭਗਤੀ ਤੇ ਗਿਆਨ ਮਾਰਗ ਦਾ ਪ੍ਰਮੁੱਖ ਕੇਂਦਰ ਰਿਹਾ।  ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਨਗਰ ਦਾ ਨਾਂ ਸਰਵਮਾਨਪੁਰ ਸੀ। ਜਦੋਂ ਮਹਿਮੂਦ ਗਜ਼ਨਵੀ ਹਮਲਾਵਰ ਬਣ ਕੇ ਆਇਆ ਤਾਂ ਉਸ ਨੇ ਇਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ। ਇਹ ਸ਼ਹਿਰ ਪੁਰਾਤਨ ਕਾਲ ਤੋਂ ਧਾਰਮਿਕ, ਰਾਜਨੀਤਕ, ਸਾਹਿਤਕ ਅਤੇ ਵਪਾਰਕ ਮਹੱਤਤਾ ਵਾਲਾ ਮਸ਼ਹੂਰ ਕੇਂਦਰ ਰਿਹਾ ਹੈ। ਇਹ ਸ਼ਹਿਰ ਉਚੇਰੀ ਇਸਲਾਮਿਕ ਸਿੱਖਿਆ ਦਾ ਸਿਰਮੌਰ ਕੇਂਦਰ ਵੀ ਰਿਹਾ।

ਕਿਹਾ ਜਾਂਦਾ ਹੈ ਕਿ ਦਿੱਲੀ ਦੇ ਦੋ ਬਾਦਸ਼ਾਹ ਔਰੰਗਜੇਬ ਤੇ ਦਾਰਾ ਸ਼ਿਕੋਹ ਨੇ ਆਪਣੀ ਉਚੇਰੀ ਇਸਲਾਮਿਕ ਵਿੱਦਿਆ ਇਸ਼ ਸ਼ਹਿਰ ਦੀ ਪ੍ਰਸਿੱਧ ਮਸਜਿਦ ਤੋਂ ਪ੍ਰਾਪਤ ਕੀਤੀ ਸੀ। ਜਦੋਂ ਪੰਜਾਬ ਵਿੱਚ ਸਿੰਘਾਂ ਦਾ ਬੋਲ ਬਾਲਾ ਹੋਇਆ ਤਾਂ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖ ਕੇ ਇਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ। ਸੁਲਤਾਪੁਰ ਲੋਧੀ ਬੇਸ਼ੱਕ ਬਹੁਤ ਪੁਰਾਣਾ ਮਸ਼ਹੂਰ ਸ਼ਹਿਰ ਰਿਹਾ ਹੈ ਪਰ ਇਸ ਦੀ ਮੌਜੂਦਾ ਪ੍ਰਸਿੱਧੀ ਸਿੱਖਾਂ ਦੇ ਧਾਰਮਕ ਅਸਥਾਨ ਵਜੋਂ ਹੋਈ ।

rajwinder kaur

This news is Content Editor rajwinder kaur