ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਸ੍ਰੀ ਗੁਰੂ ਨਾਨਕ ਦੇਵ ਜੀ’ ਦਾ ਮਾਨਵ ਕਲਿਆਣਕਾਰੀ ਉਪਦੇਸ਼

11/19/2021 10:13:54 AM

ਕੂੜ-ਕੁਸੱਤ ਦੇ ਭਾਰ ਨਾਲ ਡਿੱਗਦੀ, ਡੋਲਦੀ ਅਤੇ ਅਗਿਆਨਤਾ ਦੇ ਹਨ੍ਹੇਰੇ ਵਿਚ ਟੱਕਰਾਂ ਮਾਰਦੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਕ ਅਗੰਮੀ ਸੁੱਖ-ਚੈਨ ਨਸੀਬ ਹੋਇਆ, ਇਕ ਠੋਸ ਸਹਾਰਾ ਪ੍ਰਾਪਤ ਹੋਇਆ, ਇਕ ਅਨੋਖੀ ਧਰਵਾਸ ਮਿਲੀ। ਇਸੇ ਧਰਵਾਸ ਦਾ ਹੀ ਵਰਨਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਕੀਤਾ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥…
ਕਲਿ ਤਾਰਣਿ ਗੁਰੁ ਨਾਨਕੁ ਆਇਆ॥

ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੀਆਂ ਵਾਰਾਂ ਵਿਚ ਹੋਰ ਫੁਰਮਾਉਂਦੇ ਹਨ:

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ।
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੋ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪਿ੍ਰਥਵੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥

ਗੁਰੂ ਪਾਤਸ਼ਾਹ ਜੀ ਦਾ ਆਗਮਨ ਸੰਨ 1469 ਈ. ਨੂੰ ਮਾਤਾ ਤਿ੍ਰਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ (ਕਲਿਆਣ ਦਾਸ) ਜੀ ਦੇ ਗ੍ਰਹਿ ਵਿਖੇ ਹੋਇਆ। ਜਿਥੇ ਪੰਜਾਬੀ ਕਵੀਆਂ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ’ਤੇ ਬਹੁਤ ਖੁਸ਼ੀ ਭਰੇ ਸ਼ਬਦ ਉਚਾਰੇ, ਉਥੇ ਉਰਦੂ ਦੇ ਮਸ਼ਹੂਰ ਕਵੀ ਇਕਬਾਲ ਨੇ ਵੀ ਗੁਰੂ ਸਾਹਿਬ ਬਾਰੇ ਕਿਹਾ:

ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖਾਬ ਸੇ।

ਸਿੱਖ ਇਤਿਹਾਸ ਦਾ ਮੂਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗੰਮੀ ਪ੍ਰਕਾਸ਼ ਦੀਆਂ ਪਹਿਲ-ਪਲੇਠੀਆਂ ਕਿਰਨਾਂ ਨੂੰ ਆਪਣੇ ਪਿੰਡੇ ਪੁਰ ਮਾਨਣ ਦੇ ਨਿੱਘੇ ਸੁਖਦਾਇਕ ਅਨੁਭਵ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਭਾਰਤ ਸਮੇਤ ਪੂਰੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਇਕ ਕ੍ਰਾਂਤੀਕਾਰੀ ਚਿਣਗ ਪੈਦਾ ਹੋਈ, ਜੋ ਧਾਰਮਿਕ ਫਲਸਫੇ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਕੇ ਮਾਨਵਤਾ ਦੇ ਹਮਦਰਦ ਵਜੋਂ ਸਿਖਰਲੀ ਅਵਾਜ਼ ਬਣੀ। ਪਹਿਲੇ ਪਾਤਸ਼ਾਹ ਜੀ ਜਗਤ ਗੁਰੂ ਹਨ।

ਉਹ ਸਮੂਹ ਦੁਨੀਆਂ ਵਿਚ ਕੂੜ-ਕੁਸੱਤ ਦੀਆਂ ਤਾਕਤਾਂ ਨੂੰ ਪਛਾੜਨ ਅਤੇ ਸੱਚ ਧਰਮ ਦੀਆਂ ਸ਼ਕਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਹਿਤ ਅਕਾਲ ਪੁਰਖ ਦੇ ਭੇਜੇ ਹੋਏ ਆਏ ਸਨ। ਅੱਜ ਸਮੂਹ ਦੁਨੀਆਂ ਵਿਚ ਸੱਚ ਧਰਮ ਦਾ ਜਿੰਨਾ ਕੁ ਹਿੱਸਾ ਬਚਿਆ ਹੋਇਆ ਨਜ਼ਰ ਆਉਂਦਾ ਹੈ ਇਸ ਵਿਚ ਸਭ ਤੋਂ ਵੱਧ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਹੈ। ਇਹ ਅਗੰਮੀ ਹੌਂਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦੇ ਦਰੋਂ-ਘਰੋਂ ਬਖਸ਼ਿਆ ਹੋਇਆ ਸੀ, ਜਿਸ ਸਦਕਾ ਗੁਰੂ ਜੀ ਨੇ ਆਪਣੇ ਸਮੇਂ ਦੀ ਨਿਘਾਰ ਚੁੱਕੀ ਵਿਵਸਥਾ ਨੂੰ ਵੰਗਾਰਨ ਦੀ ਪਹਿਲ-ਕਦਮੀ ਕੀਤੀ। ਨਹੀਂ ਤਾਂ ਲੰਮੇ ਸਮੇਂ ਤੋਂ ਲੋਧੀ ਹਾਕਮ ਤੇ ਉਨ੍ਹਾਂ ਦਾ ਪ੍ਰਬੰਧਕੀ ਲਾਣਾ ਤਾਂ ਸ਼ੀਹਾਂ ਤੇ ਕੁੱਤਿਆਂ ਵਾਲਾ ਕਰਮ ਨਿਭਾਅ ਰਿਹਾ ਸੀ, ਜਿਸ ਵਿਰੁੱਧ ਆਵਾਜ਼ ਉਠਾਉਣ ਦਾ ਨਾ-ਮਾਤਰ ਹੌਂਸਲਾ ਕਿਸੇ ਭਾਰਤ-ਵਾਸੀ ਵਿਚ ਨਹੀਂ ਸੀ।

ਇਹ ਉਹ ਵਿਵਸਥਾ ਸੀ, ਜਿਸ ਵਿਚ ਸਮਾਜ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਉਠਾਉਣ ਦਾ ਦਾਅਵਾ ਕਰਨ ਵਾਲੀ ਧਾਰਮਿਕ ਸ਼੍ਰੇਣੀ ਹੀ ਮਨੁੱਖਤਾ ਦਾ ਸ਼ੋਸ਼ਣ ਕਰ ਰਹੀ ਸੀ। ਉਹ ਲੋਕਾਂ ਨੂੰ ਗਿਆਨ ਦੀ ਉੱਚਾਈ ਵੱਲ ਲੈ ਜਾਣ ਦੀ ਬਜਾਏ ਇਸ ਨੂੰ ਅਗਿਆਨਤਾ ਦੀ ਅਤਿਅੰਤ ਡੂੰਘੀ ਖਾਈ ਵਿਚ ਸੁੱਟ ਰਹੀ ਸੀ। ਇਸ ਵਿਵਸਥਾ ਵਿਚ ਨਿਆਂਕਾਰ ਦੀ ਕੁਰਸੀ ਮੱਲੀ ਬੈਠੇ ਮੂਲੋਂ ਅਨਿਆ, ਧੱਕਾ ਤੇ ਸੀਨਾਜ਼ੋਰੀ ਕਰਨ ਵਾਲੇ ਅਤੇ ਅਪਰਾਧੀ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਸਨ।

ਇਸ ਕੂੜ-ਕੁਸੱਤ ਭਰਪੂਰ ਵਿਵਸਥਾ ਨੂੰ ਗੁਰੂ-ਪਾਤਸ਼ਾਹ ਨੇ ਆਪਣੇ ਸਮਕਾਲ ਵਿਚ ਵਕਤ ਦੇ ਹਾਲਾਤਾਂ ਦੇ ਮੱਦੇਨਜ਼ਰ ਇਸ ਮਨੋਰਥ ਹਿਤ ਉਨ੍ਹਾਂ ਨੇ ਆਪਣੀ ਅਗੰਮੀ ਪ੍ਰਤਿਭਾ, ਆਪਣੀ ਵਿਲੱਖਣ ਤੇ ਸਮਾਜਕ ਸ਼ਖਸੀਅਤ ਤੇ ਦ੍ਰਿੜ੍ਹਤਾ ਸਹਿਤ ਖਤਮ ਕਰਨ ਦੇ ਯਤਨ ਕੀਤੇ ਤੇ ਸਰਬ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਦੁਨੀਆਂ ਦਾ ਚੱਪਾ-ਚੱਪਾ ਗੁਰੂ ਪਾਤਸ਼ਾਹ ਦੇ ਸੰਕਲਪੀ ਕਦਮਾਂ ਦੀ ਛੋਹ ਵਿਚ ਸਰਸ਼ਾਰ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਵਿਚ ਸੱਚ ਪਾਸਾਰ ਦੀ ਮੁਹਿੰਮ ਨੂੰ ਆਪਣੇ ਬਾਲਪਣ ਦੀ ਅਵਸਥਾ ਵਿਚ ਹੀ ਸ਼ੁਰੂ ਕਰ ਦਿੱਤਾ ਸੀ। ਗੁਰੂ ਜੀ ਨੇ ਆਪਣੇ ਮਿਸ਼ਨ ਸਬੰਧੀ ਡੂੰਘੀ ਸੋਚ-ਵਿਚਾਰ ਉਮਰ ਦੀ ਪਹਿਲ ਪ੍ਰਭਾਤੇ ਹੀ ਆਪਣੀ ਯਾਤਰਾ ਵਿੱਢ ਲਈ ਸੀ। ਗੁਰੂ ਜੀ ਨੇ ਪਾਠਸ਼ਾਲਾਈ ਵਿੱਦਿਆ ਨੂੰ ਬੜੀ ਛੇਤੀ ਸੰਪੂਰਨ ਕਰਕੇ ਵੱਖ-ਵੱਖ ਧਰਮ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਉਦਾਸੀਆਂ/ਪ੍ਰਚਾਰ ਯਾਤਰਾਵਾਂ ਸਮੇਂ ਗੁਰੂ ਜੀ ਪਾਸ ਇਹ ਮੁੱਢਲੀ ਅਥਾਹ ਘਾਲਣਾ ਕਮਾਈ ਸੀ। ਗੁਰੂ ਜੀ ਨੇ ਭਾਵੇਂ ਕੋਈ ਵੀ ਦੁਨਿਆਵੀ ਕਾਰ ਵਿਹਾਰ ਕੀਤੀ; ਸੱਚ-ਗਿਆਨ ਦੀ ਉਨ੍ਹਾਂ ਦੀ ਤਲਾਸ਼ ਹਮੇਸ਼ਾ ਜਾਰੀ ਰਹੀ।

ਉਨ੍ਹਾਂ ਦਾ ਚਿੰਤਨ ਚੱਲਦਾ ਰਿਹਾ। ਸੁਲਤਾਨਪੁਰ ਲੋਧੀ ਨਿਵਾਸ ਸਮੇਂ ਇਹ ਚਿੰਤਨ ਨਿਸ਼ਚੇ ਹੀ ਵਧੇਰੇ ਗੁਰੂ-ਰੂਪ ਵਿਚ ਹੋਇਆ। ਤਿੰਨ ਦਿਨ ਦਾ ਇਕਾਂਤਵਾਸ ਤਾਂ ਇਸ ਚਿੰਤਨ ਦਾ ਸਿਖਰਲਾ ਪੜਾਅ ਮਾਤਰ ਕਿਹਾ ਜਾ ਸਕਦਾ ਹੈ। ਸੋ ਸਮੁੱਚਾ ਗੁਰੂ ਜੀਵਨ ਬਿ੍ਰਤਾਂਤ ਹੀ ਸੱਚ ਪਸਾਰ ਹਿਤ ਹੀ ਉਨ੍ਹਾਂ ਦੀ ਕਰੜੀ ਘਾਲ ਕਮਾਈ ਦਾ ਅਦੁੱਤੀ ਨਮੂਨਾ ਕਿਹਾ ਜਾ ਸਕਦਾ ਹੈ। ਆਪਣੀਆਂ ਸੱਚ ਧਰਮ ਦੇ ਪ੍ਰਚਾਰ ਪ੍ਰਸਾਰ ਹਿਤ ਕੀਤੀਆਂ ਲੰਮੀਆਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਜੀ ਬੇਸ਼ੁਮਾਰ ਥਾਵਾਂ ’ਤੇ ਗਏ। ਆਪ ਦੇਸ਼ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਪੱਛਮੀ ਏਸ਼ੀਆ ਦੇ ਕਈ ਮੁਸਲਮਾਨੀ ਦੇਸ਼ਾਂ ਸਮੇਤ ਹਿੰਦੁਸਤਾਨ ਦੇ ਸਾਰੇ ਪਾਸੇ ਸਥਿਤ ਕਈ ਦੇਸ਼ਾਂ ਵਿਚ ਗਏ।

ਗੁਰੂ ਜੀ ਨੇ ਇਨ੍ਹਾਂ ਸਾਰੀਆਂ ਯਾਤਰਾਵਾਂ ਦੌਰਾਨ ਸਮਾਜ ਦੇ ਹਰ ਵਰਗ ਨਾਲ ਨੇੜੇ ਦਾ ਸਬੰਧ ਕਾਇਮ ਕੀਤਾ। ਗੁਰੂ ਜੀ ਨੇ ਵੱਖ-ਵੱਖ ਮੱਤਾਂ-ਮਤਾਂਤਰਾਂ ਦੇ ਨੁਮਾਇੰਦਿਆਂ ਨਾਲ ਭੇਟਾ ਮੁਲਾਕਾਤਾਂ ਤੇ ਗਿਆਨ ਗੋਸ਼ਟੀਆਂ ਰਚਾਉਂਦਿਆਂ ਹੋਇਆ ਸੱਚ ਗਿਆਨ ਤੋਂ ਉਨ੍ਹਾਂ ਦੀ ਦੂਰੀ ਤੇ ਭਟਕਾਵ ਦਾ ਅਹਿਸਾਸ ਕਰਵਾਇਆ, ਅਤੇ ਸੱਚ ਧਰਮ ਦੀ ਸੋਝੀ ਕਰਵਾਈ। ਵਲੀ ਕੰਧਾਰੀ ਜਿਹੇ ਗੁਮਾਨ ਭਰੇ ਪੀਰਾਂ ਨੂੰ ਲੋਕ ਸੇਵਾ ਦਾ ਮਨੁੱਖਤਾਵਾਦੀ ਮਾਰਗ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਉਪਮਾ ਗਾਇਨ ਕਰਨ ਦਾ ਗੁਰ ਬਖਸ਼ਿਸ਼ ਕੀਤਾ।

ਗੁਰੂ ਜੀ ਦੀ ਜੀਵਨ ਘਾਲਣਾ ਸਦਕਾ ਕੂੜ ਦੀਆਂ ਤਾਕਤਾਂ ਨੂੰ ਕਾਫੀ ਪਛਾੜ ਵੱਜੀ। ਲੋਕਾਂ ਵਿਚ ਹਾਕਮਾਂ ਦੇ ਜ਼ੁਲਮਾਂ ਵਿਰੁੱਧ ਡੱਟਣ ਦਾ ਸਾਹਸ ਉਤਪੰਨ ਹੋਇਆ। ਗੁਰੂ ਜੀ ਨੇ ਸੱਚ ਦੀ ਜੋਤ ਨਿਰੰਤਰ ਜੱਗਦੀ ਰੱਖਣ ਦੀ ਵਿਉਂਤਬੰਦੀ ਕਰਦਿਆਂ ਆਪਣੇ ਸੱਚ ਮਿਸ਼ਨ ਦੀ ਜ਼ਿੰਮੇਵਾਰੀ ਆਪਣੇ ਯੋਗ ਸਿੱਖ (ਭਾਈ ਲਹਿਣਾ ਜੀ) ਨੂੰ ਜਾਂਚ ਪਰਖ ਕੇ ਸੌਂਪੀ ਅਤੇ ਫਿਰ ਵਾਰੀ-ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ-ਜੋਤ ਸੱਚ ਦੀ ਗੂੰਜ ਗਜਾਉਂਦੀ ਰਹੀ ਅਤੇ ਵਕਤ ਦੀਆਂ ਵੰਗਾਰਾਂ ਨੂੰ ਕਬੂਲ ਕਰਕੇ ਕੁਰਬਾਨੀਆਂ ਦੀਆਂ ਪੈੜਾਂ ਵੀ ਪਾਉਂਦੀ ਰਹੀ। ਦਸ ਗੁਰੂ ਸਾਹਿਬਾਨ ਦੀ ਜਾਗਤ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸਮੂਹ ਸਿੱਖ ਪੰਥ ਨੂੰ ਨਹੀਂ ਬਲਕਿ ਸਮੂਹ ਮਾਨਵਤਾ ਨੂੰ ਬਿਨਾਂ ਜਾਤ, ਰੰਗ, ਨਸਲ ਦੇ ਭਿੰਨ ਭੇਦ ਦੇ ਜੀਵਨ ਦਾ ਸੱਚ ਮਾਰਗ ਦਰਸਾਉਣ ਲਈ ਮੌਜੂਦ ਹੈ।

ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਗੁਰਮਤਿ ਸਮਾਗਮ ਅਤੇ ਵਿਚਾਰ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਗੁਰੂ ਜੀ ਦੇ ਸੱਚ ਮੁਖੀ ਜੀਵਨ ਨੂੰ ਸਮਝਣ ਤੇ ਦਿ੍ਰੜ੍ਹ ਕਰਨ ਦੀ ਲੋੜ ਹੈ, ਜਿਸ ਨੂੰ ਲੋਕਾਈ ਤਕ ਪੁੱਜਦਾ ਕਰਨ ਹਿਤ ਸੁਹਿਰਦ ਯਤਨ ਹੋਣੇ ਚਾਹੀਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਈ ਗੁਰਮਤਿ ਜੀਵਨ ਜਾਚ ਨੂੰ ਅਮਲੀ ਰੂਪ ਵਿਚ ਅਪਣਾਉਂਦਿਆਂ ਹੀ ਪ੍ਰਕਾਸ਼ ਪੁਰਬ ਮਨਾਉਣਾ ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਤੀਕ ਹੋਵੇਗੀ।

ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।


rajwinder kaur

Content Editor rajwinder kaur