ਗੁਰਦੁਆਰਾ ਸ੍ਰੀ ਬਾਲ ਲੀਲਾ ਪਾਕਿ, ਜਿੱਥੇ ਗੁਰੂ ਨਾਨਕ ਸਾਹਿਬ ਸਾਥੀਆਂ ਨਾਲ ਖੇਡਦੇ ਰਹੇ ਸਨ

6/1/2021 11:45:38 AM

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੇ ਨਨਕਾਣਾ ਸਾਹਿਬ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ’ਚ ਹੋਇਆ। ਇਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਵਾਲੇ ਅਸਥਾਨ ’ਤੇ ਗੁਰਦੁਆਰਾ ਜਨਮ-ਸਥਾਨ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਗੁਰੂ ਜੀ ਨਾਲ ਸਬੰਧਤ ਕੁਝ ਹੋਰ ਗੁਰੂ ਧਾਮ ਵੀ ਹਨ, ਜਿਵੇਂ ਕਿਆਰਾ ਸਾਹਿਬ, ਤੰਬੂ ਸਾਹਿਬ, ਪੱਟੀ ਸਾਹਿਬ, ਬਾਲ-ਲੀਲਾ, ਮਾਲ-ਜੀ ਸਾਹਿਬ ਆਦਿ। ਇਨ੍ਹਾਂ ਗੁਰੂਧਾਮਾਂ ਬਾਰੇ ਕੁਝ ਵਿਸਤਾਰ ਸਹਿਤ ਚਾਨਣਾ ਪਾਉਣਾ ਉਚਿਤ ਹੋਵੇਗਾ।

ਜਨਮ ਅਸਥਾਨ ਦੇ ਨਾਲ-ਨਾਲ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਨੇ ਕੌਤਕ ਰਚੇ ਜਾਂ ਕਹਿ ਲਵੋ ਕਿ ਆਪਣੇ ਮੁਕੱਦਸ ਚਰਨ ਪਾਏ, ਓਹੀ ਅਸਥਾਨ ਪੂਜਣਯੋਗ ਹੋ ਗਏ।

ਇਸੇ ਤਰ੍ਹਾਂ ਜਨਮ ਅਸਥਾਨ ਦੇ ਨਾਲ ਹੀ ਇਕ ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਬਚਪਨ ਵਿਚ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ।

ਭਾਵੇਂ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣਾ ਪਸੰਦ ਕਰਦੇ ਸਨ ਪਰ ਗੁਰੂ ਸਾਹਿਬ ਜਦੋਂ ਅਕਾਲ ਪੁਰਖ ਦੀ ਸਿਫ਼ਤ ਸਲਾਹ ਗਾਉਂਦੇ ਤਾਂ ਪਿੰਡ ਵਾਲਿਆਂ ਨੂੰ ਗੁਰੂ ਨਾਨਕ ਦੀ ਧੁਨ ਸੁਣ ਕੇ ਬਹੁਤ ਖੁਸ਼ੀ ਹੁੰਦੀ।

ਇਕ ਦਿਨ ਪਿੰਡ ਦਾ ਮੁਖੀ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਗਾਇਨ ਸੁਣ ਰਿਹਾ ਸੀ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਦੱਸਿਆ ਕਿ “ਨਾਨਕ ਇਕ ਆਮ ਬੱਚਾ ਨਹੀਂ ਹੈ, ਉਹ ਲੋਕਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਸ ਸੰਸਾਰ ਵਿਚ ਆਇਆ ਹੈ।’’ ਜਦੋਂ ਰਾਏ ਬੁਲਾਰ ਕੁਝ ਖਾਸ ਬੰਦਿਆਂ ਨਾਲ ਗੁਰੂ ਨਾਨਕ ਜੀ ਕੋਲ ਗਏ ਤਾਂ ਗੁਰੂ ਜੀ ਨੇ ਖੜ੍ਹੇ ਹੋ ਕੇ ਰਾਏ ਬੁਲਾਰ ਨੂੰ ਸਤਿਕਾਰ ਦਿੱਤਾ। ਗੁਰੂ ਜੀ ਨੇ ਅਜਿਹੀ ਨਿਮਰਤਾ ਅਤੇ ਬੁੱਧੀ ਨਾਲ ਗੱਲ ਕੀਤੀ ਸੀ ਕਿ ਰਾਏ ਬੁਲਾਰ ਅਤੇ ਉਸ ਦੇ ਸਾਥੀ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਛੋਟੀ ਉਮਰ ਦੇ ਬੱਚੇ ਦੇ ਸ਼ਬਦ ਮਨ ਨੂੰ ਮੋਹਣ ਵਾਲੇ ਹਨ।

ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ 'ਚ ਉਸਰਿਆ ਗੁਰਦੁਆਰਾ ਤੰਬੂ ਸਾਹਿਬ ਪਾਕਿਸਤਾਨ

ਜਿੱਥੇ ਗੁਰੂ ਸਾਹਿਬ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ, ਓਸ ਪਵਿੱਤਰ ਜਗ੍ਹਾ ’ਤੇ ਅੱਜਕਲ ਗੁਰਦੁਵਾਰਾ ਬਾਲ ਲੀਲਾ ਸਾਹਿਬ ਸੁਸ਼ੋਭਿਤ ਹੈ। ਗੁਰਦੁਵਾਰਾ ਬਾਲ ਲੀਲਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਤੋਂ ਤਕਰੀਬਨ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਮੂਲ ਰੂਪ ਵਿਚ ਪਿੰਡ ਦੇ ਸ਼ਾਸਕ ਰਾਏ ਬੁਲਾਰ ਸਾਹਿਬ ਨੇ ਬਣਾਇਆ ਸੀ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਉਸ ਖੇਤਰ ਦੀ ਗਵਾਹੀ ਭਰਦਾ ਹੈ, ਜਿੱਥੇ ਗੁਰੂ ਨਾਨਕ ਦੂਜੇ ਬੱਚਿਆਂ ਦੀ ਸੰਗਤ ਵਿਚ ਖੇਡਦੇ ਹੁੰਦੇ ਸੀ। ਜਿਵੇਂ ਕਿ ਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ, ਇਹ ਜਗ੍ਹਾ ਗੁਰੂ ਦੇ ਮੁੱਢਲੇ ਬਚਪਨ ਦੇ ਸ਼ਾਨਦਾਰ ਦਿਨਾਂ ਨਾਲ ਸਬੰਧਤ ਹੈ।

ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸ਼ਹਿਰ ਵਿਚ ਆਪਣੀ ਯਾਤਰਾ ਦੌਰਾਨ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਸੀ। 1748 ਵਿਚ ਸਿੱਖਾਂ ਦੀ ਸਹਾਇਤਾ ਨਾਲ ਮੁਲਤਾਨ ਦੀ ਜਿੱਤ ਤੋਂ ਬਾਅਦ ਦੀਵਾਨ ਕੌੜਾ ਮੱਲ (1752 ਈ.) ਨੇ ਇਸ ਗੁਰਦੁਆਰੇ ਦੇ ਵਿਸਤਾਰ ਵਿਚ ਵਾਧਾ ਕੀਤਾ।

ਇਹ ਵੀ ਪੜ੍ਹੋ: ਗੁਰਦੁਆਰਾ ਪੱਟੀ ਸਾਹਿਬ, ਪਾਕਿ : ਜਿੱਥੇ ਗੁਰੂ ਨਾਨਕ ਦੇਵ ਜੀ ਪਾਂਧੇ ਕੋਲ ਪੜ੍ਹਨ ਜਾਇਆ ਕਰਦੇ ਸਨ

1800 ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਮਾਰਤ ਦੁਬਾਰਾ ਬਣਾਈ ਅਤੇ ਸਰੋਵਰ ਨੂੰ ਵਧਾਇਆ ਅਤੇ ਠੀਕ ਢੰਗ ਨਾਲ ਇਮਾਰਤ ਨੂੰ ਤਿਆਰ ਕੀਤਾ। ਸ਼ੇਰ-ਏ-ਪੰਜਾਬ ਦੁਆਰਾ ਦਾਨ ਕੀਤੀਆਂ ਗਈਆਂ ਜ਼ਮੀਨਾਂ ਤੋਂ ਲਗਭਗ 3,000 ਏਕੜ ਜ਼ਮੀਨ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਨੂੰ ਅਲਾਟ ਹੋਈ ਸੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ 1921 ਦੀ ਤ੍ਰਾਸਦੀ ਦੇ ਬਾਅਦ ਇਸ ਗੁਰਦੁਆਰੇ ਦੇ ਨਿਗਰਾਨ ਮਹਾਸੰਤਾਂ ਨੇ ਸਵੈਇੱਛਤ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੇ ਪਰਿਵਾਰਾਂ ਲਈ ਢੁੱਕਵੇਂ ਰੱਖ ਰਖਾਅ ਭੱਤੇ ਦੇ ਬਦਲੇ ਸੌਂਪ ਦਿੱਤਾ।
-ਅਵਤਾਰ ਸਿੰਘ ਆਨੰਦ


Harnek Seechewal

Content Editor Harnek Seechewal