ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ

4/21/2021 6:26:43 PM

ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ  ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ। ਦੌਲਤ ਖਾਂ ਨੇ ਗੁਰੂ ਜੀ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਇਹ ਲੈਣ ਤੋਂ ਇਨਕਾਰ ਕਰਦਿਆਂ ਇਸ ਨੂੰ ਲੋੜਵੰਦਾਂ ਵਿੱਚ ਵੰਡਣ ਲਈ ਕਿਹਾ। ਜਿਨ੍ਹਾਂ ਵੱਟਿਆਂ ਨਾਲ ਗੁਰੂ ਜੀ ਗ਼ਰੀਬਾ ਲਈ ਤੇਰਾਂ-ਤੇਰਾਂ ਕਰ ਕੇ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇੱਥੇ ਮੌਜੂਦ ਹਨ।

ਇਥੇ ਬਣੇ ਕਿਲ੍ਹੇ ਦੇ ਦੱਖਣ ਵੱਲ ਸਰਾਂ ਦੇ ਪਿਛਲੇ ਪਾਲੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਾਲੇ ਸਥਾਨ ’ਤੇ ਬੜੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕੀਤੀ ਗਈ ਹੈ, ਜਿਸ ਦੇ ਨਾਲ ਬਹੁਤ ਹੀ ਸੁੰਦਰ ਅਤੇ ਡੂੰਘਾ ਸਰੋਵਰ ਬਣਾਇਆ ਗਿਆ ਹੈ। ਇਸ ਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਘ ਸਦੀ ਚਉਦਸ 1540 ਬਿਕਰਮੀ ਨੂੰ ਮੋਦੀ ਦੀ ਕਾਰ ਸੰਭਾਲੀ ਸੀ।

ਫ਼ਕੀਰਾਂ ਦੀ ਭੀੜ ਮੋਦੀਖਾਨੇ ਅੱਗੇ ਜੁੜੀ ਰਹਿੰਦੀ। ਗੁਰੂ ਜੀ ‘ਜੋ ਵੀ ਆਵੇ ਰਾਜ਼ੀ ਜਾਵੇ’ ਦੇ ਮਹਾਂ ਵਾਕ ਅਨੁਸਾਰ ਛਾਬੇ ਭਰ-ਭਰ ਤੋਲਦੇ ਅਤੇ ਵੰਡਦੇ। ਤੋਲਣ ਲੱਗਿਆਂ ਜਦ ਬਾਰਾਂ ਗਿਣਨ ਉਪਰੰਤ ਤੇਰ੍ਹਵਾਂ ਛਾਬਾ ਤੋਲਦੇ ਤਾਂ ‘‘ ਤੇਰਾ...ਤੇਰਾ... ਹੀ ਤੇਰਾ...’’ ਉਚਾਰਦੇ ਵਿਸਮਾਦ ’ਚ ਆ ਜਾਂਦੇ ਅਤੇ ਲੋੜਵੰਦਾਂ ਦੀਆਂ ਝੋਲੀਆਂ ਭਰਦੇ। ਚੁਗਲਖੋਰ ਲੋਕਾਂ ਨੇ ਨਵਾਬ ਦੇ ਕੰਨ ਭਰੇ ਕਿ ਨਾਨਕ ਮੋਦੀਖਾਨਾ ਲੁੱਟਾ ਰਿਹਾ ਹੈ ਪਰ ਜਦ ਹਿਸਾਬ ਕੀਤਾ ਗਿਆ ਤਾਂ ਰਸਦ ਥੁੜਨ ਦੀ ਥਾਂ ਵੱਧ ਨਿਕਲੀ। ਨਵਾਬ ਅਤਿੰਤ ਪ੍ਰਸੰਨ ਹੋਇਆ ਅਤੇ ਮੋਦੀ ਨਾਨਕ ਦਾ ਆਦਰ ਸਤਿਕਾਰ ਕਰਨ ਲੱਗ ਪਿਆ।

ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਨੇ ਇਸ ਮੋਦੀਖਾਨੇ ਵਾਲੀ ਥਾਂ ਬਣੇ ਹੋਏ ਬੁੰਗੇ ਦੀ ਨਵ ਉਸਾਰੀ ਕਰਵਾ ਕੇ ਗੁਰਦੁਆਰਾ ਬਣਵਾ ਦਿੱਤਾ ਸੀ। ਉਹ ਵੀ ਇਮਾਰਤ ਇਸ ਪਵਿੱਤਰ ਯਾਦਗਾਰ ਦੀ ਮਹਾਨਤਾ ਦੇ ਹਾਣ ਦੀ ਨਹੀਂ ਸੀ। ਮਹਾਰਾਜਾ ਕਪੂਰਥਲਾ ਨੇ ਕੇਵਲ ਬੇਰ ਸਾਹਿਬ ਦੀ ਇਮਾਰਤ ਉਸਾਰਨ ’ਤੇ ਹੀ ਸਾਰਾ ਤ੍ਰਾਣ ਲੱਗਾ ਦਿੱਤਾ ਸੀ।

ਪਿੱਛੋਂ ਸੰਤ ਬਾਬਾ ਕਰਤਾਰ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸੰਭਾਲੀ ਨਵੀਂ ਇਮਾਰਤ ਬਣਾ ਕੇ ਸੁੰਦਰ ਰੂਪ ਦਿੱਤਾ। ਬਾਅਦ ’ਚ ਇਸ ਇਮਾਰਤ ਨੂੰ ਢਾਹ ਕੇ ਇਸ ਦਾ ਮੂੰਹ ਪੱਛਮੀ ਵੱਲ ਲੋਹੀਆਂ ਵਾਲੀ ਸੜਕ ਵੱਲ ਕਰਕੇ ਨਵੀਂ ਖੂਬਸੂਰਤ ਇਮਾਰਤ ਉਸਾਰੀ ਗਈ ਹੈ। ਸ਼ਾਨਦਾਰ ਦਰਸ਼ਨੀ ਡਿਊੜੀ ਬਣੀ ਹੈ। ਦਰਬਾਰ ਹਾਲ ਦੇ ਅੰਦਰ ਇਕ ਛੋਟਾ ਜਿਹਾ ਕਮਰਾ ਬਣਾ ਕੇ ਉਸ ’ਚ ਗੁਰੂ ਨਾਨਕ ਦੇਵ ਜੀ ਦੇ ਹਸਤਕਲਮਾਂ ਦੀ ਛੋਹ ਪ੍ਰਾਪਤ ਚੌਦਾਂ ਵੱਟੇ ਰੱਖੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਨਾਲ ਹੀ ਦੱਖਣੀ ਬਾਹੀ ਵੱਲ ਇਕ ਬਹੁ-ਮੰਜ਼ਿਲੀ ਸਰਾਂ ਦੀ ਉਸਾਰੀ ਚੱਲ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਹੁ-ਮੰਜ਼ਿਲੀ ਪਾਰਕਿੰਗ ਵੀ ਤਿਆਰ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਨਨਕਾਣਾ ਸਾਹਿਬ ਖ਼ਾਲਸਾ ਕਾਲਜ ਦੀ ਨਵੀਂ ਇਮਾਰਤ ਉਸਾਰੀ ਹੋਈ ਹੈ, ਜੋ ਚੰਡੀਗੜ੍ਹ ਦੇ ਨਮੂਨੇ ਦੀ ਉਸਾਰੀ ਕਲਾਂ ਦੀ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਨੂੰ ਬੜੀ ਰਮਨੀਕ ਛਬ ਦਿੰਦੀ ਹੈ।


rajwinder kaur

Content Editor rajwinder kaur