ਗੁਰਦੁਆਰਾ ਪੱਟੀ ਸਾਹਿਬ, ਪਾਕਿ : ਜਿੱਥੇ ਗੁਰੂ ਨਾਨਕ ਦੇਵ ਜੀ ਪਾਂਧੇ ਕੋਲ ਪੜ੍ਹਨ ਜਾਇਆ ਕਰਦੇ ਸਨ

05/31/2021 4:35:59 PM

ਦੁਨੀਆ ਦਾ ਹਰ ਗੁਰਸਿੱਖ ਹਰ ਰੋਜ਼ ਜਿੱਥੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ ਉਸੇ ਹੀ ਅਰਦਾਸ 'ਚ ਨਨਕਾਣਾ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਵੀ ਬੇਨਤੀ ਕੀਤੀ ਜਾਂਦੀ ਹੈ। ਅੱਜ ਅਦਾਰਾ ਜਗਬਾਣੀ ਤੁਹਾਨੂੰ ਉਸ ਪਵਿੱਤਰ ਅਸਥਾਨ ਬਾਰੇ ਦੱਸਣ ਜਾ ਰਿਹਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਦਾ ਬਚਪਨ ਬੀਤਿਆ।ਗੁਰੂ ਨਾਨਕ ਦੇਵ ਜੀ ਜਦੋਂ 7 ਸਾਲਾ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਦਾਸ ਕੋਲ ਹਿਸਾਬ-ਕਿਤਾਬ ਸਿੱਖਣ ਲਈ ਭੇਜ ਦਿੱਤਾ। ਗੁਰੂ ਜੀ ਅਕਸਰ ਆਪਣੇ ਉਸਤਾਦ ਨਾਲ ਪਰਮਾਤਮਾ ਬਾਰੇ ਡੂੰਘੀਆਂ ਵਿਚਾਰਾਂ ਕਰਿਆ ਕਰਦੇ ਸਨ। ਇਕ ਦਿਨ ਗੁਰੂ ਜੀ ਫੱਟੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਹੋਏ ਸਨ। ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪਾਂਧੇ ਨੇ ਪੁੱਛਿਆ 'ਨਾਨਕ ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ' ਤਾਂ ਗੁਰੂ ਜੀ ਨੇ ਕਿਹਾ ਕਿ ਪਾਂਧਾ ਜੀ ਇਹ ਪਾਠ ਇਹ ਨਹੀਂ ਦੱਸਦਾ ਕਿ ਕਿਵੇਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।ਪਾਂਧੇ ਨੇ ਆਖਿਆ, ਨਾਨਕ ਮੈਂ ਤਾਂ ਗਿਣਤੀ-ਮਿਣਤੀ ਵਾਲੀ ਪੜ੍ਹਾਈ ਸਿੱਖੀ ਹੈ ਤੇ ਇਹੀ ਸਿਖਾਉਂਦਾ ਆ ਰਿਹਾ ਹਾਂ, ਜੇ ਤੈਨੂੰ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜ੍ਹਾਈ ਆਉਂਦੀ ਹੈ ਤਾਂ ਮੈਨੂੰ ਵੀ ਦੱਸ, ਤਾਂ ਗੁਰੂ ਜੀ ਨੇ ਕਿਹਾ ਪਾਂਧਾ ਜੀ, ਕਲਮ ਤੇ ਸਿਆਹੀ ਨਾਲ ਫੱਟੀ 'ਤੇ ਲਿਖਣਾ ਸੰਸਾਰਿਕ ਕਿਰਿਆ ਹੈ। ਬੰਧਨਾਂ 'ਚ ਫਸੇ ਹੋਏ ਮਨੁੱਖ ਦੇ ਮਨ 'ਚ ਵਿਕਾਰ ਪੈਦਾ ਹੁੰਦੇ ਹਨ। ਸੱਚੀ ਪੜ੍ਹਾਈ ਦੇ ਨਾਲ ਦੁਨੀਆ ਨੇ ਬੰਧਨਾਂ ਦਾ ਮੋਹ ਟੁੱਟ ਜਾਂਦਾ ਹੈ ਤੇ ਮਨ ਵਿਕਾਰਾਂ ਤੋਂ ਛੁੱਟ ਜਾਂਦਾ ਹੈ।ਮਨ ਦੇ ਨਿਰਮਲ ਹੋਣ ਦੇ ਨਾਲ ਸ਼ੁੱਧ ਵਿਚਾਰ ਪੈਦਾ ਹੁੰਦੇ ਹਨ। ਉਹ ਪੜ੍ਹਾਈ ਉਸ ਇਕ ਮਾਲਕ ਜਿਸ ਨੇ ਦੁਨੀਆ ਪੈਦਾ ਕੀਤੀ ਹੈ, ਉਸ ਦੇ ਨਾਮ ਨਾਲ ਜੋੜ ਦਿੰਦੀ ਹੈ ਤੇ ਉਸ ਦੇ ਗੁਣ ਗਾਉਣ ਨਾਲ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਹਨ ਤੇ ਦਿਲ 'ਚੋਂ ਜਨਮ-ਮਰਨ ਦਾ ਖੌਫ਼ ਸਦਾ ਵਾਸਤੇ ਖ਼ਤਮ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ 'ਚ ਉਸਰਿਆ ਗੁਰਦੁਆਰਾ ਤੰਬੂ ਸਾਹਿਬ ਪਾਕਿਸਤਾਨ

 ਇਸ ਤਰ੍ਹਾਂ ਗੁਰੂ ਜੀ ਨੇ ਪਾਂਧੇ ਨੂੰ ਸੱਚੀ ਪੜ੍ਹਾਈ ਨਾਲ ਜੋੜ ਦਿੱਤਾ। ਕਾਫ਼ੀ ਸਮਾਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਨ੍ਹਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਕੁਤਬਦੀਨ ਕੋਲ ਭੇਜਣਾ ਸ਼ੁਰੂ ਕੀਤਾ।ਇੰਨੀ ਛੋਟੀ ਉਮਰ ਵਿਚ ਬਾਬਾ ਨਾਨਕ ਨੂੰ ਅਤਿ ਤੀਖਣ ਬੁੱਧੀ, ਰੌਸ਼ਨ ਦਿਮਾਗ ਅਤੇ ਫਾਰਸੀ ਜ਼ੁਬਾਨ ਦਾ ਗਿਆਨ ਹੋਣ ਕਾਰਨ ਮੌਲਵੀ ਕੁਤਬਦੀਨ ਨੇ ਵੀ ਬਾਬੇ ਨੂੰ ਪੜ੍ਹਾਉਣ ਤੋਂ ਤੌਬਾ ਕਰ ਦਿੱਤੀ।ਇਥੇ 'ਗੁਰਦੁਆਰਾ ਮੌਲਵੀ ਪੱਟੀ ਸਾਹਿਬ' ਬਣਿਆ ਹੋਇਆ ਹੈ। ਇਸ ਅਸਥਾਨ ਦਾ ਕੁਝ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਬਣਾਇਆ ਗਿਆ, ਜਿੱਥੇ ਬਾਬਾ ਜੀ ਨੇ ਪਾਂਧੇ ਨੂੰ ਉਪਦੇਸ਼ ਦਿੱਤਾ ਅੱਜ ਉਥੇ ਹੀ ਸਿੱਖ ਬੱਚੇ ਤੇ ਬੱਚੀਆਂ ਲਈ ਇਕ ਵਿੱਦਿਆ ਕੇਂਦਰ ਬਣਿਆ ਹੋਇਆ ਹੈ। ਜਿੱਥੇ ਬੱਚੇ ਗੁਰੂ ਘਰ ਨਾਲ ਜੁੜਦੇ ਹਨ ਤੇ ਗੁਰਮੁਖੀ, ਹਾਰਮੋਨੀਅਮ ਤੇ ਤਬਲੇ ਦੀ ਸਿਖਲਾਈ ਲੈ ਰਹੇ ਹਨ। 

ਇਹ ਵੀ ਪੜ੍ਹੋ:  ਮਾਤਾ ਸੁੰਦਰੀ ਜੀ ਦੇ ਨਿਵਾਸ ਅਸਥਾਨ 'ਤੇ ਉਸਰਿਆ ਗੁਰਦੁਆਰਾ ਮਾਤਾ ਸੁੰਦਰੀ ਜੀ, ਦਿੱਲੀ

Harnek Seechewal

This news is Content Editor Harnek Seechewal