ਗੁਰਦੁਆਰਾ ''ਗੁਰੂ ਕਾ ਲਾਹੌਰ'', ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦਾ ਅਨੰਦ ਕਾਰਜ ਹੋਇਆ

06/14/2021 6:12:23 PM

ਸ੍ਰੀ ਅਨੰਦਪੁਰ ਸਾਹਿਬ ਦੇ ਉੱਤਰ ਵੱਲ 12 ਕਿਲੋਮੀਟਰ ਦੂਰ “ਗੁਰਦੁਆਰਾ ਗੁਰੂ ਕਾ ਲਾਹੌਰ” ਹੈ। ਸੁੰਦਰ ਪਹਾੜੀਆਂ ’ਚ ਸ਼ੁਸ਼ੋਭਿਤ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਉੱਚੀ ਹੈ ਅਤੇ ਇਸ ਦੀਆਂ ਪੌੜੀਆਂ ਦੀ ਕਾਫ਼ੀ ਚੜ੍ਹਾਈ ਚੜ ਕੇ ਪ੍ਰਕਾਸ਼ ਅਸਥਾਨ ’ਤੇ ਪਹੁੰਚ ਹੁੰਦਾ ਹੈ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਅਸਥਾਨ ’ਤੇ ਲਾਹੌਰ ਨਿਵਾਸੀ ਭਾਈ ਹਰਜਸ ਦੀ ਸਪੁੱਤਰੀ ਮਾਤਾ ਜੀਤ ਕੌਰ ਜੀ ਦਾ ਅਨੰਦ ਕਾਰਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 23 ਹਾੜ੍ਹ ਸੰਮਤ 1734 ਨੂੰ ਹੋਇਆ। 

ਜਦੋਂ ਹਰਜਸ ਜੀ ਨੇ ਆਪਣੀ ਪੁੱਤਰੀ ਜੀਤੋ ਜੀ ਦੀ ਮੰਗਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਤਾਂ ਇੱਛਾ ਜਾਹਰ ਕੀਤੀ ਕਿ ਗੁਰੂ ਸਾਹਿਬ ਜੰਝ ਲੈ ਕੇ ਲਾਹੌਰ ਆਉਣ। ਸਮੇਂ ਦੀ ਨਜਾਕਤ ਸਮਝਦਿਆਂ ਗੁਰੂ ਜੀ ਨੇ ਲਾਹੌਰ ਜਾਣ ਠੀਕ ਨਾ ਸਮਝਿਆ ਅਤੇ ਸਿੱਖਾਂ ਨੂੰ ਹੁਕਮ ਦੇ ਕੇ ਪਿੰਡ ਬਸੰਤਗੜ ਨੇੜੇ ਹੀ ਅਦਭੁੱਤ ਸ਼ਹਿਰ “ਗੁਰੂ ਕਾ ਲਾਹੌਰ” ਰੱਚ ਦਿੱਤਾ। ਭਾਈ ਹਰਜਸ, ਉਨ੍ਹਾਂ ਦੇ ਪਰਿਵਾਰ ਅਤੇ ਸਬੰਧੀਆਂ ਨੇ ਇਸੇ ਥਾਂ ਆਪਣਾ ਨਿਵਾਸ ਕੀਤਾ। ਇਸ ਨਗਰ ਦਾ ਨਾਮ ਸਤਿਗੁਰੂ ਜੀ ਨੇ ਆਪ “ਗੁਰੂ ਕਾ ਲਾਹੌਰ” ਰੱਖਿਆ। ਇਸ ਅਸਥਾਨ ਤੇ ਸਤਿਗੁਰਾਂ ਦੇ ਵਿਆਹ ਦਾ ਪੁਰਬ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  

ਗੁਰੂ ਕਾ ਲਾਹੌਰ ’ਚ ਨੇੜੇ-ਨੇੜੇ ਤਿੰਨ ਗੁਰਦੁਆਰਾ ਸਾਹਿਬ ਹਨ। ਪਹਿਲਾ ਉਹ ਥਾਂ ਜਿੱਥੇ ਅਨੰਦਕਾਰਜ ਸੰਪੂਰਣ ਹੋਇਆ। ਦੂਜਾ ਗੁਰਦੁਆਰਾ ਪੌੜ ਸਾਹਿਬ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਘੋੜੇ ਨੇ ਆਪਣਾ ਪੌੜ ਧਰਤੀ ’ਤੇ ਮਾਰਿਆ ਤੇ ਪਾਣੀ ਦਾ ਚਸ਼ਮਾ ਫੁੱਟ ਪਿਆ। ਤੀਜਾ ਗੁਰਦੁਆਰਾ ਤ੍ਰਵੈਣੀ ਸਾਹਿਬ ਗੁਰਦੁਆਰਾ ਪੈੜ ਸਾਹਿਬ ਦੇ ਕੋਲ ਹੀ ਹੈ।

rajwinder kaur

This news is Content Editor rajwinder kaur