ਗੁਰਦੁਆਰਾ ਗੁਰੂ ਕਾ ਬਾਗ

1/31/2021 10:41:30 AM

ਗੁਰਦੁਆਰਾ ਗੁਰੂ ਕਾ ਬਾਗ ਦੇ ਅਸਥਾਨ ’ਤੇ 1640 ਬਿਕਰਮੀ ਸੰਮਤ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਚਰਨ ਪਾਏ। ਇਥੇ ਹੀ ਮੰਡੀ ਦਾ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ । ਗੁਰੂ ਜੀ ਦੀ ਯਾਦ ਵਿਚ ਪਿੰਡ ਘੁਕੇਵਾਲੀ ਦੇ ਮੋਢੀ ਬਾਬਾ ਘੁਕੇ ਨੇ ਗੁਰਦੁਆਰਾ ਬਣਾਇਆ। ਉਸ ਸਮੇਂ ਇਸ ਅਸਥਾਨ ਨੂੰ 'ਗੁਰੂ ਕੀ ਰੋੜ' ਕਿਹਾ ਜਾਂਦਾ ਸੀ । ਸੰਮਤ 1721 ਬਿਕਰਮੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਥੇ ਚਰਨ ਪਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦੀ ਯਾਦ ਵਿਚ ਭਾਈ ਲਾਲ ਚੰਦ ਤੇ ਸੰਗਤ ਨੇ ਬਹੁਮੰਜਲਾ ਮਕਾਨ ਬਣਾਇਆ। ਇਸ ਦੇ ਨਾਲ ਪਈ ਜ਼ਮੀਨ ਵਿੱਚ ਬਾਗ ਵੀ ਲਵਾ ਦਿੱਤਾ, ਜਿਸ ਕਰਕੇ ਗੁਰਦੁਆਰੇ ਦਾ ਨਾਮ 'ਗੁਰੂ ਕਾ ਬਾਗ' ਹੋ ਗਿਆ।
      
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਣੇ ਹੋਏ ਅਸਥਾਨ ਨੂੰ ਮੁਸਲਮਾਨ ਹਾਕਮਾਂ ਨੇ ਢਾਹ ਦਿੱਤਾ ਸੀ। ਸਿੱਖ ਰਾਜ ਸਮੇਂ ਸਰਦਾਰ ਨਾਹਰ ਸਿੰਘ ਰੰਧਾਵਾ ਪਿੰਡ ਚਮਿਆਰੀ ਨੇ ਦੁਬਾਰਾ ਗੁਰਦੁਆਰਾ ਬਣਵਾਇਆ । ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਸਰਦਾਰ ਪੰਜਾਬ ਸਿੰਘ ਪਿੰਡ ਖਤਰਾਂ ਨੇ ਕੀਤੀ। ਸਿੱਖ ਰਾਜ ਸਮੇਂ ਇਸ ਅਸਥਾਨ ਦੇ ਨਾਮ ਜ਼ਮੀਨ ਵੀ ਲੱਗੀ, ਜੋ ਮਗਰੋਂ ਅੰਗਰੇਜ਼ਾਂ ਨੇ ਜ਼ਬਤ ਕਰ ਲਈ।

ਗੁਰੂ ਕੇ ਬਾਗ ਦੀ ਸੇਵਾ ਸੰਭਾਲ ਉਦਾਸੀ ਸਾਧੂ ਮਹਾਤਮਾ ਕਰਦੇ ਆ ਰਹੇ ਸਨ। ਗੁਰਦੁਆਰਾ ਸੁਧਾਰ ਲਹਿਰ ਜਦ ਸ਼ੁਰੂ ਹੋਈ ਤਾਂ ਇਥੇ ਮਹੰਤ ਸੁੰਦਰ ਦਾਸ ਸੇਵਾ ਕਰਦਾ ਸੀ। ਇਹ ਆਚਰਣ ਪੱਖੋਂ ਕਾਫੀ ਡਿੱਗ ਚੁਕਾ ਸੀ। ਸੰਗਤ ਦੀਆਂ ਇਸ ਦੇ ਵਿਰੁੱਧ ਆ ਰਹੀਆਂ ਸ਼ਿਕਾਇਤਾ ਸ਼੍ਰੋਮਣੀ ਕਮੇਟੀ ਨੂੰ ਭੇਜੀਆਂ ਤਾਂ ਕਿ ਇਥੇ ਸੁਧਾਰ ਹੋ ਸਕੇ। ਕਮੇਟੀ ਵੱਲੋਂ ਸਰਦਾਰ ਦਾਨ ਸਿੰਘ ਵਿਛੋਹਾ ਦੀ ਜ਼ਿੰਮੇਵਾਰੀ ਲਾਈ ਗਈ ਕਿ ਉਹ ਇਸ ਮੁਆਮਲੇ ਨੂੰ ਸੁਲਝਾਉਣ। 31 ਜਨਵਰੀ 1921 ਨੂੰ ਗੁਰੂ ਕੇ ਬਾਗ ਵਿੱਚ ਬੜਾ ਭਾਰੀ ਦੀਵਾਨ ਹੋਇਆ, ਜਿਸ ਵਿੱਚ ਮਹੰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਦੀ ਹਾਜ਼ਰੀ ਵਿੱਚ ਹੇਠ ਲਿਖੀਆਂ ਸ਼ਰਤਾਂ ਮੰਨ ਕੇ ਕਮੇਟੀ ਅਧੀਨ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਤੇ ਸੇਵਾ ਕਰਨ ’ਤੇ ਸਹੀ ਪਾਈ।

1. ਮਹੰਤ ਸੁੰਦਰ ਦਾਸ ਕਿਸੇ ਇਸਤਰੀ ਨਾਲ ਅਯੋਗ ਸਬੰਧ ਨਾ ਰਖੇ। ਇਕ ਨਾਲ ਸ਼ਾਦੀ ਕਰ ਲਵੇ।
2. ਅੰਮ੍ਰਿਤ ਛਕ ਕੇ ਸਿੰਘ ਸਜ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਕੇ ਸੇਵਾ ਕਰੇ।

ਮਹੰਤ ਦੇ ਇਨ੍ਹਾਂ ਸ਼ਰਤਾਂ ਨੂੰ ਮੰਨ ਲੈਣ ਨਾਲ ਹੀ , ਇਕ 11 ਮੈਂਬਰੀ ਕਮੇਟੀ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਲਈ ਬਣਾਈ ਗਈ। ਸਰਦਾਰ ਦਾਨ ਸਿੰਘ ਪ੍ਰਧਾਨ ਤੇ ਸਰਦਾਰ ਇੰਦਰ ਸਿੰਘ ਸਕੱਤਰ ਚੁਣੇ ਗਏ। ਮਹੰਤ ਨੇ 8 ਫਰਵਰੀ 1921 ਨੂੰ ਅਕਾਲ ਤਖ਼ਤ ਤੇ ਹਾਜ਼ਰ ਹੋ, ਆਪਣੀਆਂ ਭੁਲਾਂ ਬਖ਼ਸ਼ਵਾ ਕੇ, ਖੰਡੇ ਕੀ ਪਾਹੁਲ ਲਈ; ਨਾਲ ਹੀ ਇਕ ਬੀਬੀ ਨਾਲ ਅਨੰਦ ਪੜਾ ਲਏ। ਮਹੰਤ ਦਾ ਨਾਮ ਜੋਗਿੰਦਰ ਸਿੰਘ ਅਤੇ ਇਸਦੀ ਘਰ ਵਾਲੀ ਦਾ ਨਾਮ ਗਿਆਨ ਕੌਰ ਰੱਖਿਆ ਗਿਆ। ਨਨਕਾਣਾ ਸਾਹਿਬ ਦੇ ਸਾਕੇ ਪਿਛੋਂ ਜਦ ਅੰਗਰੇਜ਼ ਸਰਕਾਰ ਦਾ ਸਿੱਖਾਂ ਪ੍ਰਤੀ ਵਤੀਰਾ ਬਦਲਿਆ ਤਾਂ ਇਸ ਮਹੰਤ ਨੇ ਵੀ ਅੰਗਰੇਜ਼ਾਂ ਦੀ ਸ਼ੈਅ ’ਤੇ ਕਮੇਟੀ ਤੋਂ ਆਕੀ ਹੋ ਗੁਰੂ ਕੇ ਬਾਗ ਨੂੰ ਆਪਣੀ ਨਿੱਜੀ ਮਲਕੀਅਤ ਸਮਝਦਿਆਂ ਅਕਾਲੀਆਂ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ, ਜਿਸਦੇ ਫਲਸਰੂਪ ਫਿਰ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ।

ਬਲਦੀਪ ਸਿੰਘ ਰਾਮੂੰਵਾਲੀਆ
31 ਜਨਵਰੀ 2021


rajwinder kaur

Content Editor rajwinder kaur