ਬੰਦ-ਬੰਦ ਕਟਵਾਉਣ ਵਾਲੇ ‘ਲਾਸਾਨੀ ਸ਼ਹੀਦ’ ਭਾਈ ਮਨੀ ਸਿੰਘ ਜੀ

7/7/2021 6:27:58 PM

ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਮਹਾਨ ਹਸਤੀ ਸਨ। ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ ਸੰਨ 1644 ਈ. ਨੂੰ ਭਾਈ ਮਾਈ ਦਾਸ ਦੇ ਗ੍ਰਹਿ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਅਜੋਕੇ ਪਾਕਿਸਤਾਨ ਵਿਖੇ ਹੋਇਆ। ਭਾਈ ਮਨੀ ਸਿੰਘ ਜੀ ਸਿੱਖ ਸਤਿਗੁਰੂ ਜੀ ਦੇ ਹਜ਼ੂਰੀ ਸਿੱਖਾਂ ’ਚੋਂ ਪੰਥ ਦੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਦਾਦਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਨਿੰਨ ਸਿੱਖ ਸਨ। ਜਦੋਂ ਸੰਨ 1634 ਨੂੰ ਮੁਖਲਿਸ ਖਾਂ ਨੇ ਅੰਮ੍ਰਿਤਸਰ ’ਤੇ ਚੜ੍ਹਾਈ ਕੀਤੀ, ਉਸ ਜੰਗ ਵਿੱਚ ਭਾਈ ਸਾਹਿਬ ਦੇ ਦਾਦਾ ਭਾਈ ਬੱਲੂ ਜੀ ਸ਼ਹੀਦ ਹੋਏ। 

ਨੌਵੇਂ ਪਾਤਿਸ਼ਾਹ ਜੀ ਨੇ ਦਿੱਲੀ ਦੇ ਚਾਦਨੀ ਚੌਕ ਵਿਖੇ ਧਰਮ ਹਿੱਤ ਸ਼ਹਾਦਤ ਦਿੱਤੀ। ਉਨ੍ਹਾਂ ਦੇ ਨਾਲ ਸ਼ਹੀਦ ਹੋਣ ਵਾਲੇ ਹਜ਼ੂਰੀ ਸਿੱਖ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਭਰਾਤਾ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਈਧਾਰ ਦੇ ਪਹਾੜੀ ਰਾਜਿਆਂ ’ਤੇ ਮੁਗਲ ਫੌਜਾਂ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੂਨੀ ਹਾਥੀ ਲਿਆਂਦਾ ਗਿਆ, ਉਸਦੇ ਮੱਥੇ ਵਿੱਚ ਨਾਗਣੀ ਮਾਰਨ ਵਾਲਾ ਯੋਧਾ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਸੀ। ਰਾਜਾ ਕੇਸਰੀ ਚੰਦ ਦਾ ਸਿਰ ਕਲਮ ਕਰਨ ਵਾਲਾ ਯੋਧਾ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਸੀ। ਖਾਲਸਾ ਪੰਥ ਲਈ ਧਰਮ ਹਿੱਤ ਜੂਝਦਿਆਂ ਭਾਈ ਸਾਹਿਬ ਦੇ ਗਿਆਰਾਂ ਭਰਾਵਾਂ, ਸੱਤ ਪੁੱਤਰਾਂ ਅਤੇ 10 ਪੋਤਰਿਆਂ ਦੀਆਂ ਸ਼ਹਾਦਤਾਂ ਹੋਈਆਂ। ਭਾਈ ਮਨੀ ਸਿੰਘ ਸੰਨ 1657 ਈ. ਵਿਚ ਆਪਣੇ ਪਿਤਾ ਭਾਈ ਮਾਈ ਦਾਸ ਨਾਲ 13 ਵਰ੍ਹਿਆਂ ਦੀ ਉਮਰ ਵਿੱਚ ਪਹਿਲੀ ਵਾਰ ਸੱਤਵੇਂ ਪਾਤਿਸ਼ਾਹ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਏ। ਮਹਾਰਾਜ ਜੀ ਦੇ ਦਰਬਾਰ ਦਾ ਇਲਾਹੀ ਜਲੌਅ ਵੇਖ ਕੇ ਬਾਲਕ ਮਨੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। 

ਭਾਈ ਮਨੀ ਸਿੰਘ ਦਾ ਵਿਆਹ 15 ਵਰ੍ਹਿਆਂ ਦੀ ਉਮਰ ਵਿੱਚ ਭਾਈ ਲੱਖੀ ਸ਼ਾਹ ਵਣਜਾਰੇ ਦੀ ਧੀ ਬੀਬੀ ਸੀਤੋ ਬਾਈ ਨਾਲ ਹੋਇਆ, ਜਿਨ੍ਹਾਂ ਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਸਸਕਾਰ ਆਪਣੇ ਘਰ ਨੂੰ ਲਾਂਬੂ ਲਾ ਕੇ ਕੀਤਾ ਸੀ। ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਨ 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤਿ ਸਮਾ ਗਏ। ਉਪਰੰਤ ਭਾਈ ਮਨੀ ਸਿੰਘ ਮਾਤਾ ਸੁਲੱਖਣੀ ਜੀ ਨਾਲ ਬਾਬਾ ਬਕਾਲਾ ਸਾਹਿਬ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਪਹੁੰਚ ਗਏ। ਨੌਵੇਂ ਪਾਤਿਸ਼ਾਹ ਜੀ ਧਰਮ ਪ੍ਰਚਾਰ ਅਸਾਮ ਦੇ ਰਾਜਿਆਂ ਵਿਚਕਾਰ ਸੁਲ੍ਹਾ ਕਰਵਾ ਕੇ ਵਾਪਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਅਨੰਦਪੁਰ ਸਾਹਿਬ ਆ ਗਏ। ਇਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ’ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ। ਨੌਵੇਂ ਪਾਤਿਸ਼ਾਹ ਜੀ ਜਦੋਂ ਧਰਮ ਦੀ ਰੱਖਿਆ ਲਈ ਦਿੱਲੀ ਤੁਰੇ, ਭਾਈ ਸਾਹਿਬ ਉਦੋਂ ਵੀ ਅਨੰਦਪੁਰ ਸਾਹਿਬ ਹੀ ਸਨ।

ਬਦਨੀਅਤ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਸੰਨ 1688 ਈ. ਵਿੱਚ ਭੰਗਾਣੀ ਦਾ ਯੁੱਧ ਥੋਪਿਆ, ਜਿਸ ਵਿੱਚ ਭਾਈ ਮਨੀ ਸਿੰਘ ਜੀ ਨੇ ਸੂਰਮਗਤੀ ਦੇ ਜੌਹਰ ਦਿਖਾਏ। ਇਸੇ ਜੰਗ ਵਿੱਚ ਭਾਈ ਮਨੀ ਸਿੰਘ ਦੇ ਭਰਾ ਭਾਈ ਹਰੀ ਚੰਦ ਜੀ ਸ਼ਹੀਦੀ ਪਾ ਗਏ। ਸੰਨ 1690 ਨੂੰ ਨਦੌਣ ਦੀ ਜੰਗ ਵਿੱਚ ਭਾਈ ਮਨੀ ਸਿੰਘ ਦੀ ਬਹਾਦਰੀ ਅਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਿਸ਼ਾਹ ਨੇ ਇਨ੍ਹਾਂ ਨੂੰ ‘ਦੀਵਾਨ’ ਦੀ ਉਪਾਧੀ ਬਖਸ਼ੀ। ਜਦੋਂ ਸੰਨ 1699 ਈ. ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਸਾਜਿਆ ਤਾਂ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ ਤਾਂ ਆਪ ਦਾ ਨਾਂ ਮਨੀਏ ਤੋਂ ‘ਮਨੀ ਸਿੰਘ’ ਹੋਇਆ।

1704 ਈ. ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ, ਜਿਥੇ ਗੁਰੂ ਕੇ ਮਹਿਲਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਦਸਮ ਪਿਤਾ ਜੀ ਜੰਗਾਂ ਉਪਰੰਤ ਜਦੋਂ ਤਲਵੰਡੀ ਸਾਬੋ ਪਹੁੰਚੇ ਤਾਂ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਨਾਲ ਦਮਦਮਾ ਸਾਹਿਬ ਪੁੱਜੇ। 

ਇਥੇ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾਈ। ਇਸ ਗ੍ਰੰਥ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ। ਇਸੇ ਬੀੜ ਨੂੰ ਮਗਰੋਂ ਨਾਂਦੇੜ ਵਿਖੇ ਗੁਰਗੱਦੀ ਬਖਸ਼ੀ ਗਈ। ਭਾਈ ਮਨੀ ਸਿੰਘ ਜੀ ਨੂੰ ਪੰਥ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ ਗਿਆ। 18ਵੀਂ ਸਦੀ ਦੇ ਆਰੰਭ ਵਿੱਚ ਇਕ ਪਾਸੇ ਸਿੱਖਾਂ ’ਤੇ ਅੱਤਿਆਚਾਰ ਹੋ ਰਹੇ ਸਨ। ਦੂਜੇ ਪਾਸੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਸਿੱਖਾਂ ਦਾ ਕੋਈ ਇਕੱਠ ਨਾ ਹੋਣ ਕਰਕੇ ਹਰ ਪਾਸੇ ਉਦਾਸੀ ਛਾਈ ਸੀ।

ਅੰਮ੍ਰਿਤਸਰ ਵਿਖੇ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ। ਕੌਮ ਵਿੱਚ ਨਵੀਂ ਰੂਹ ਫੂਕਣ ਲਈ ਭਾਈ ਮਨੀ ਸਿੰਘ ਜੀ ਨੂੰ ਇਕ ਤਰਕੀਬ ਸੁੱਝੀ। ਭਾਈ ਸਾਹਿਬ ਨੇ ਭਾਈ ਸੁਬੇਗ ਸਿੰਘ ਤੇ ਦੀਵਾਨ ਕੌੜਾ ਮੱਲ ਦੀ ਮਦਦ ਨਾਲ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿੱਚ ਮੇਲਾ ਕਰਵਾਉਣ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ 10,000 ਰੁਪਏ ਅਦਾ ਕਰਨ ਦੀ ਸ਼ਰਤ ’ਤੇ ਆਗਿਆ ਦੇ ਦਿੱਤੀ। 

ਭਾਈ ਮਨੀ ਸਿੰਘ ਜੀ ਨੇ ਦੂਰ-ਨੇੜੇ ਦੀਆਂ ਸਿੱਖ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਦੀਵਾਲੀ ’ਤੇ ਆਉਣ ਲਈ ਸੱਦੇ ਭੇਜ ਦਿੱਤੇ, ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਦੂਜੇ ਪਾਸੇ ਮੁਗਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਲਖਪਤ ਰਾਏ ਨੇ ਆਪਣੀਆਂ ਫੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਨੀ ਸਿੰਘ ਨੇ ਸੁਨੇਹੇ ਪਹੁੰਚਾਏ ਕਿ ਮੇਲੇ ’ਤੇ ਨਾ ਪਹੁੰਚਿਆ ਜਾਵੇ। ਜਿਸ ’ਤੇ ਲੋਕ ਮੇਲੇ ’ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ। ਹਾਕਮਾਂ ਦਾ ਦਸ ਹਜ਼ਾਰ ਟੈਕਸ ਵੀ ਨਾ ਤਰਿਆ, ਜਿਸ ਦੋਸ਼ ਵਿੱਚ ਬੌਖਲਾਏ ਹਾਕਮਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। 

ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰਾਂ ਵੱਲੋਂ ਦਿੱਤੇ ਲਾਲਚ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਲਾਹੌਰ ਦੇ ਸੂਬੇਦਾਰ ਨੂੰ ਭਾਈ ਮਨੀ ਸਿੰਘ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਓ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ। ਕਾਜ਼ੀਆਂ ਤੋਂ ਫਤਵਾ ਲਵਾ ਕੇ ਲਾਹੌਰ ਦੇ ਸੂਬੇਦਾਰ ਨੇ ਜੱਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਭਾਈ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ 1734 ਈ. ਵਿਚ ਲਾਹੌਰ ਦੇ ਨਿਖਾਸ ਚੌਕ ਵਿੱਚ ਬੰਦ-ਬੰਦ ਕਟਵਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ਼ਮਸ਼ੇਰ ਸਿੰਘ ਜੇਠੂਵਾਲ, (ਮੋ. 7973838478)
 


rajwinder kaur

Content Editor rajwinder kaur