ਆਪਰੇਸ਼ਨ ਸਮੁੰਦਰ ਸੇਤੂ : INS ਜਲਸ਼ਵਾ ਰਾਹੀਂ ਮਾਲਦੀਵ ਤੋਂ 588 ਭਾਰਤੀ ਪਰਤੇ ਕੋਚੀ

05/17/2020 5:14:41 PM

ਕੋਚੀ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਲਦੀਵ ਵਿਚ ਫਸੇ 588 ਭਾਰਤੀ ਨਾਗਰਿਕ ਐਤਵਾਰ ਨੂੰ ਇਕ ਸਮੁੰਦਰੀ ਜਹਾਜ਼ ਆਈ. ਐੱਨ. ਐੱਸ. ਜਲਸ਼ਵਾ 'ਚ ਸਵਾਰ ਹੋ ਕੇ ਕੋਚੀ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਗਰਿਕ ਭਾਰਤ ਸਰਕਾਰ ਦੇ 'ਵੰਦੇ ਭਾਰਤ ਮਿਸ਼ਨ' ਤਹਿਤ ਇੱਥੇ ਪਹੁੰਚੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 'ਆਪਰੇਸ਼ਨ ਸਮੁੰਦਰ ਸੇਤੂ' ਤਹਿਤ ਭਾਰਤੀ ਮਾਲਦੀਵ ਤੋਂ ਜਲ ਸੈਨਾ ਦੇ ਜਹਾਜ਼ 'ਚ ਸਵਾਰ ਹੋਏ 588 ਭਾਰਤੀ ਐਤਵਾਰ ਸਵੇਰ 11.30 ਵਜੇ ਕੋਚੀਨ ਬੰਦਰਗਾਰ 'ਤੇ ਉਤਰੇ।

ਅਧਿਕਾਰੀਆਂ ਮੁਤਾਬਕ ਕੋਚੀਨ ਬੰਦਰਗਾਹ ਟਰੱਸਟ ਨੇ ਮਾਲਦੀਵ ਤੋਂ ਇੱਥੇ ਪੁੱਜੇ ਭਾਰਤੀਆਂ ਦੇ ਤੀਜੇ ਸਮੂਹ ਦੀ ਇਕ ਤਸਵੀਰ ਟਵੀਟ ਕੀਤੀ ਹੈ। ਇਨ੍ਹਾਂ ਵਿਚ ਕੇਰਲ ਦੇ 568 ਲੋਕ, ਤਾਮਿਲਨਾਡੂ ਦੇ 15, ਤੇਲੰਗਾਨਾ ਦੇ 3 ਅਤੇ ਲਕਸ਼ਦੀਪ ਦੇ 2 ਲੋਕ ਸ਼ਾਮਲ ਹਨ। ਆਪਰੇਸ਼ਨ ਸਮੁੰਦਰ ਸੇਤੂ ਤਹਿਤ ਇਹ ਤੀਜਾ ਜਲ ਸੈਨਾ ਦਾ ਜਹਾਜ਼ ਹੈ, ਜੋ ਕਿ ਕੋਚੀ ਪੁੱਜਾ ਹੈ। ਇਸ ਤੋਂ ਪਹਿਲਾਂ 10 ਮਈ ਨੂੰ ਮਾਲਦੀਵ ਤੋਂ 698 ਭਾਰਤੀ ਜਲ ਸੈਨਾ ਦੇ ਜਹਾਜ਼ ਵਿਚ ਸਵਾਰ ਹੋ ਕੇ ਇੱਥੇ ਪਹੁੰਚੇ ਸਨ।

ਇਸ ਤੋਂ ਦੋ ਦਿਨ ਬਾਅਦ ਜਲ ਸੈਨਾ ਦਾ ਜਹਾਜ਼ ਆਈ. ਐੱਨ. ਐੱਸ. ਜਲਸ਼ਵਾ 202 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਥੇ ਪਹੁੰਚਿਆ ਸੀ। ਆਈ. ਐੱਨ. ਐੱਸ. ਜਲਸ਼ਵਾ ਸ਼ਨੀਵਾਰ ਸਵੇਰੇ 588 ਭਾਰਤੀਆਂ ਨੂੰ ਲੈ ਕੇ ਨਿਕਲਿਆ ਸੀ। ਇਸ ਦੌਰਾਨ ਉੱਥੇ ਭਾਰਤ ਦੇ ਹਾਈ ਕਮਿਸ਼ਨ ਨੇ ਫਸੇ ਹੋਏ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਕਰਾਉਣ ਲਈ ਮਾਲਦੀਵ ਦੀ ਸਰਕਾਰ ਦਾ ਧੰਨਵਾਦ ਕੀਤਾ।

Tanu

This news is Content Editor Tanu