ਜ਼ੀਰਕਪੁਰ:ਭਾਜਪਾ ਉਮੀਦਵਾਰਾਂ ਦੇ ਦਫਤਰਾਂ ਅੱਗੇ ਕਿਸਾਨ ਜੱਥੇਬੰਦੀਆਂ ਸਮੇਤ ਨੌਜਵਾਨ ਨੇ ਕੀਤਾ ਵਿਰੋਧ

01/31/2021 6:15:43 PM

ਜ਼ੀਰਕਪੁਰ (ਮੇਸ਼ੀ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ’ਚ ਹੋ ਰਹੇ ਵਿਰੋਧ ਦਾ ਅਸਰ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਦੌਰਾਨ ਪ੍ਰਚਾਰ ’ਚ ਵੀ ਵੇਖਣ ਨੂੰ ਮਿਲਿਆ ਹੈ। ਭਾਜਪਾ ਨੇ ਇਸ ਵਾਰ ਜ਼ੀਰਕਪੁਰ ਦੇ 31 ਵਾਰਡਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮਮਤਾ ਇਨਕਲੇਵ ਦੇ ਵਾਰਡ ਨੰਬਰ 6 ’ਚ ਬੀ.ਜੇ.ਪੀ. ਉਮੀਦਵਾਰ ਨੀਤੂ ਖੁਰਾਣਾ ਲਈ ਪੰਚਕੂਲਾ ਭਾਜਪਾ ਆਗੂ ਰੰਜੀਤਾ ਮਹਿਤਾ ਚੋਣ ਪ੍ਰਚਾਰ ਲਈ ਪੁੱਜੀ। ਜਿੱਥੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਜੰਮਕੇ ਵਿਰੋਧ ਕੀਤਾ। ਉੱਥੇ ਹੀ ਨੌਜਵਾਨ ਅਰਵਿੰਦਰ ਸਿੰਘ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਭਾਜਪਾ ਦੀ ਨੀਤੂ ਖੁਰਾਣਾ ਅਤੇ ਰੰਜੀਤਾ ਮਹਿਤਾ ਦੇ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ।

ਮਹਿਤਾ ਤੋਂ ਵਾਰ-ਵਾਰ ਖੇਤੀ ਕਾਨੂੰਨਾਂ ਦੇ ਫਾਇਦੇ ਪੁੱਛਣ ’ਤੇ ਨੌਜਵਾਨ ’ਤੇ ਭੜਕ ਗਈ। ਉੱਥੇ ਹੀ ਭਾਜਪਾ ਉਮੀਦਵਾਰ ਨੀਤੂ ਖੁਰਾਣਾ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਵਿਰੋਧ ਕਰਨ ਲਈ ਕਾਂਗਰਸੀ ਉਮੀਦਵਾਰ ਨੇ ਉਕਤ ਨੌਜਵਾਨ ਨੂੰ ਪੈਸੇ ਦੇ ਕੇ ਇੱਥੇ ਭੇਜਿਆ ਹੈ। ਨੌਜਵਾਨ ਅਰਵਿੰਦਰ ਸਿੰਘ ਨੇ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ, ਉਦੋਂ ਤੱਕ ਉਹ ਹਰ ਰੋਜ਼ ਮਮਤਾ ਇਨਕਲੇਵ ’ਚ ਭਾਜਪਾ ਦੇ ਚੋਣ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗਾ। ਭਾਜਪਾ ਵਰਕਰਾਂ ਵੱਲੋਂ ਨੌਜਵਾਨ ਨੂੰ ਧਮਕੀਆਂ ਦੇਣ ਦੀ ਗੱਲ ਸੁਣਦਿਆਂ ਹੀ ਵਾਰਡ ਨੰਬਰ 6 ਦਾ ਹੀ ਕਾਂਗਰਸੀ ਉਮੀਦਵਾਰ ਵੀ ਮੌਕੇ ’ਤੇ ਪੁੱਜਿਆ। ਜਿਸ ਨੂੰ ਵੇਖਦਿਆਂ ਭਾਜਪਾ ਸਮਰਥਕਾਂ ਨੇ ਉਸਨੂੰ ਮਿਠਾਈ ਦੇ ਕੇ ਭਾਈਚਾਰਾ ਇੱਕ ਹੋਣ ਦੀ ਗੱਲ ਆਖੀ, ਪਰ ਕਾਂਗਰਸੀ ਉਮੀਦਵਾਰ ਨੇ ਗੁੱਸੇ ’ਚ ਕਿਹਾ ਕਿ ਮੋਦੀ ਸਾਡੀ ਰੋਜੀ-ਰੋਟੀ ਖੋਹ ਰਿਹਾ ਹੈ, ਇਸ ਲਈ ਅਸੀਂ ਉਨ੍ਹਾਂ ਦਾ ਪਾਣੀ ਤੱਕ ਨਹੀ ਪੀਵਾਂਗੇ। ਪਰ ਨੌਜਵਾਨ ਵੱਲੋਂ ਭਾਜਪਾ ਦਾ ਵਿਰੋਧ ਜਾਰੀ ਰਿਹਾ। ਇਸੇ ਤਰ੍ਹਾਂ ਜ਼ੀਰਕਪੁਰ ਦੇ ਵਾਰਡ ਨੰਬਰ 27 ’ਚ ਵੀ ਭਾਜਪਾ ਉਮੀਦਵਾਰ ਮੀਰਾ ਸ਼ਰਮਾ ਦੇ ਦਫ਼ਤਰ ਦਾ ਕਿਸਾਨ ਜੱਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ। ਜਿਸ ਦੌਰਾਨ ਮੋਦੀ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੱਥੇਬੰਦੀ ਵੱਲੋਂ ਕਿਸਾਨਾਂ ’ਤੇ ਜੁਲਮ ਕਰਨੇ ਬੰਦ ਕਰੋ ਅਤੇ ਭਾਜਪਾ ਦੇ ਦਫਤਰਾਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਬੰਦ ਕਰਨ ਲਈ ਜ਼ੋਰਦਾਰ ਨਾਅਰੇਬਾਜੀ ਕਰਦੇ ਨਜ਼ਰ ਆਏ ਜਦੋਂਕਿ ਦਫਤਰ ’ਚ ਮੌਜੂਦ ਭਾਜਪਾ ਸਮਰਥਕ ਇਸ ਵਿਰੋਧ ਨੂੰ ਝਲਦੇ ਹੋਏ ਚੁੱਪ ਖੜ੍ਹੇ ਵਿਖਾਈ ਦਿੱਤੇ।

ਜਦੋਂ ਇਸ ਵਿਰੋਧ ਸਬੰਧੀ ਜ਼ੀਰਕਪੁਰ ਦੇ ਚੋਣ ਪ੍ਰਭਾਰੀ ਗੁਰਤੇਜ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀ ਹੋ ਸਕਦੇ, ਕਿਉਂਕਿ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਆਪਣਾ ਅੰਦੋਲਨ ਕਰ ਰਹੇ ਹਨ। ਭਾਜਪਾ ਵੀ ਕਿਸਾਨਾਂ ਦੇ ਫਾਇਦੇ ਲਈ ਹੀ ਕੰਮ ਕਰ ਰਹੀ ਹੈ। ਜੋ ਗੱਲ ਅਜੇ ਅਧੂਰੀ ਹੈ, ਉਹ ਵੀ ਜਲਦ ਹੀ ਹਾਈਕਮਾਨ ਵੱਲੋਂ ਪੂਰੀ ਕਰਨ ਲਈ ਗੱਲਬਾਤ ਜਾਰੀ ਰੱਖੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ੀਰਕਪੁਰ ਦੇ ਵਿਰੋਧੀ ਦਲ ਭਾਜਪਾ ਦੀ ਵੱਧ ਰਹੀ ਚੜ੍ਹਤ ਨੂੰ ਭੰਗ ਕਰਨ ਲਈ ਚਾਲਾਂ ਚੱਲ ਰਹੇ ਹਨ। ਪਰ ਭਾਜਪਾ ਇਨ੍ਹਾਂ ਸਾਰੀਆਂ ਚਾਲਾਂ ਨੂੰ ਸਮਝਦਿਆਂ ਆਪਣੇ ਉਮੀਦਵਾਰਾਂ ਦਾ ਮਨੋਬਲ ਨਹੀ ਡਿੱਗਣ ਦੇਵੇਗੀ ਅਤੇ ਮਾਮਲੇ ਦੀ ਜਾਂਚ ਕਰਵਾਕੇ ਕਾਰਵਾਈ ਕੀਤੀ ਜਾਵੇਗੀ। 

Shyna

This news is Content Editor Shyna