‘ਆਪ’ ਨੂੰ ਤਾਕਤਵਰ ਬਣਾਉਣ ਲਈ ਜੀਅ-ਜਾਨ ਲਾਵਾਂਗਾ, ਵੱਖਰੀ ਪਾਰਟੀ ਨਹੀਂ ਬਣਾਵਾਂਗਾ : ਖਹਿਰਾ

08/13/2018 12:26:49 PM

ਖਰਡ਼ (ਅਮਰਦੀਪ) : ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਬਠਿੰਡਾ ਦੀ ਹੋਈ ਭਰਵੀਂ ਰੈਲੀ ਤੋਂ ਬਾਅਦ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਵਿਚ ਨਵੀਂ ਜਾਨ ਪਈ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੀ ਕੋਈ ਵੀ ਵੱਖਰੀ ਪਾਰਟੀ ਨਹੀਂ ਬਣਾਉਣਗੇ, ਬਲਕਿ ‘ਆਪ’ ਨੂੰ ਤਾਕਤਵਰ ਬਣਾਉਣ ਲਈ ਜੀਅ-ਜਾਨ ਲਾ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਬਹੁਤ ਕਮਜ਼ੋਰ ਹੋ ਚੁੱਕੀ ਸੀ ਤੇ ਪੰਜਾਬ ਦੀ ਜਨਤਾ ਵੀ ਇਹ ਚਾਹੁੰਦੀ ਸੀ ਕਿ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ ਤੇ ਉਸੇ ਆਧਾਰ ’ਤੇ ਉਹ ਆਪਣੇ ਸਾਥੀ ਵਿਧਾਇਕ ਕੰਵਰ ਸਿੰਘ ਸੰਧੂ ਤੇ ਹੋਰ ਸਾਥੀਆਂ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੁਣ ਜ਼ਿਲਾ ਪੱਧਰੀ ਮੀਟਿੰਗਾਂ ਸ਼ੁਰੂ ਕਰਨਗੇ, ਤਾਂ ਜੋ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ।

ਉਨ੍ਹਾਂ ਕਿਹਾ ਕਿ ਪਾਰਟੀ ਦਾ ਢਾਂਚਾ ਪੂਰੀ ਤਰ੍ਹਾਂ ਨਾ ਬਣਨ ਕਾਰਨ ਪੰਜਾਬ ’ਚ ‘ਅਾਪ’ ਨੂੰ ਵਧੇਰੇ ਸਮੱਸਿਆਵਾਂ ਪੇਸ਼ ਆਈਆਂ ਹਨ ਪਰ ਹੁਣ ਪਾਰਟੀ ਨੂੰ ਹੋਰ ਤਾਕਤਵਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਕਿਸੇ ਦੀ ਪਰਸਨਲ ਪਾਰਟੀ ਨਹੀਂ ਹੈ ਬਲਕਿ ਆਮ ਲੋਕਾਂ ਦੀ ਪਾਰਟੀ ਹੈ, ਜਿਸ ਵਿਚ ਹਰ ਵਿਅਕਤੀ ਦਾ ਸਤਿਕਾਰ ਕੀਤਾ ਜਾਂਦਾ ਹੈ। ਖਹਿਰਾ ਤੇ ਕੰਵਰ ਸੰਧੂ ਨੂੰ ਗੁਰਦੁਆਰਾ ਸਾਹਿਬ ਅਕਾਲੀ ਦਫਤਰ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਨਵਦੀਪ ਸਿੰਘ ਬੱਬੂ, ਕੁਲਦੀਪ ਸਿੰਘ, ਰੱਬੀ ਬੈਨੀਪਾਲ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।