ਪੰਜਾਬ ਸਰਕਾਰ 'ਤੇ ਭਾਰੀ ਪੈ ਸਕਦੇ ਹਨ ਸਪੀਕਰ ਸੰਧਵਾਂ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਬਿਆਨ !

10/16/2022 6:12:59 PM

ਚੰਡੀਗੜ੍ਹ : 2015 'ਚ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਨੂੰ ਵਾਪਰਿਆਂ 7 ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਲੰਘੇ 7 ਸਾਲਾਂ 'ਚ 2 ਸਰਕਾਰਾਂ ਤੋਂ ਇਲਾਵਾ 3 ਮੁੱਖ ਮੰਤਰੀ ਬਦਲ ਗਏ ਪਰ ਸੰਗਤ ਹੁਣ ਵੀ ਇਨ੍ਹਾਂ ਮਾਮਲਿਆਂ 'ਚ ਇਨਸਾਫ਼ ਦੀ ਘੜੀ ਨੂੰ ਉਡੀਕ ਰਹੀ ਹੈ। ਪੰਜਾਬ 'ਚ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਭ ਨਾਲ ਵਾਅਦਾ ਕੀਤੀ ਸੀ ਕਿ ਉਹ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰੇਗੀ ਸਰਕਾਰ ਦਾ 6 ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਸੀ ਸਥਿਤੀ ਜਿਉਂ ਦੀ ਤਿਉਂ ਹੈ। ਉੱਥੇ ਹੀ ਕਿਤੇ ਨਾ ਕਿਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਦਿੱਤੇ ਬਿਆਨ ਵੀ ਪੰਜਾਬ ਸਰਕਾਰ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ’ਤੇ ਭਾਜਪਾ ਦਾ ਵੱਡਾ ਬਿਆਨ, ਭਗਵੰਤ ਮਾਨ ’ਤੇ ਚੁੱਕੇ ਸਵਾਲ

ਸਪੀਕਰ ਸੰਧਵਾਂ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਬਿਆਨਾਂ ਨੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਉੱਥੇ ਹੀ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਜੇਕਰ ਮਾਨ ਸਰਕਾਰ ਆਉਣ ਵਾਲੇ 2 ਮਹੀਨਿਆਂ 'ਚ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਤਾਂ ਸਰਕਾਰ ਲਈ ਵੱਡਾ ਧਰਮ ਸੰਕਟ ਖੜ੍ਹਾ ਹੋ ਜਾਵੇਗਾ। ਦੱਸ ਦੇਈਏ ਕਿ ਬੀਤੇ ਦਿਨ ਬਹਿਬਲ ਕਲਾਂ ਵਿਖੇ ਹੋਏ ਸ਼ਹੀਦੀ ਸਮਾਗਮ  'ਚ ਸ਼ਿਰਕਤ ਕਰਨ ਪਹੁੰਚੇ ਸਪੀਕਲ ਸੰਧਵਾਂ ਨੇ ਕਿਹਾ ਸੀ ਕਿ ਸਪੀਕਰ ਤੋਂ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ। ਗੁਰੂ ਅਤੇ ਸਿੱਖ ਸੰਗਤ ਦੀ ਨਾਰਾਜ਼ਗੀ ਨਾਲੋਂ ਮੌਤ ਚੰਗੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਨਸਾਫ਼ ਨਾ ਦਿੱਤਾ ਤਾਂ ਕਿ ਲੈਣਾ ਇਹੋ ਜਿਹੀ ਸਰਕਾਰ ਤੋਂ। ਕਿਤੇ ਨਾ ਕਿਤੇ ਇਸ ਗੱਲ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਜੇਕਰ ਸਰਕਾਰ ਇਸ ਮੁੱਦੇ 'ਤੇ ਇਨਸਾਫ਼ ਨਹੀਂ ਦਿੰਦੀ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਸਕਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਾਨੂੰਨੀ ਹੈ ਪਰ ਡੇਢ ਮਹੀਨਿਆਂ ਬਾਅਦ ਇੱਥੇ ਹੀ ਸ਼ੁਕਰਾਨਾ ਸਮਾਗਮ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਕਪੂਰਥਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਓਵਰਟੇਕ ਕਰਨ 'ਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਦੂਜੇ ਪਾਸੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਮੌਜੂਦਾ ਐੱਸ. ਆਈ. ਟੀ. ਵੱਲੋਂ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਦੱਸ ਦੇਈਏ ਕਿ ਕੁੰਵਰ ਵਿਜੇ ਪ੍ਰਤਾਪ ਸਾਬਕਾ ਪੁਲਸ ਅਧਿਕਾਰੀ ਅਤੇ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਹਨ। ਇੱਥੇ ਤੱਕ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਬੇਅਦਬੀ ਕਰਨ ਵਾਲੇ ਦੋਸ਼ੀਆਂ ਬਾਰੇ ਸਭ ਪਤਾ ਹੈ ਅਤੇ ਉਹ ਆਪਣੀ ਲੜਾਈ ਜਾਰੀ ਰੱਖਣਗੇ। ਸੂਤਰਾਂ ਮੁਤਾਬਕ ਪਾਰਟੀ ਦੇ ਹੋਰ ਵੀ ਵਿਧਾਇਕ ਬੇਅਦਬੀ ਮਾਮਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਬਾਅ ਬਣਾ ਰਹੇ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News