ਅੱਜ ਤੋਂ ਚੰਡੀਗੜ੍ਹ-ਸੱਚਖੰਡ ਪਟਨਾ ਸਾਹਿਬ ਲਈ ਹਵਾਈ ਉਡਾਣਾਂ ਸ਼ੁਰੂ : ਚੰਦੂਮਾਜਰਾ

03/04/2020 10:14:55 PM

ਮੋਹਾਲੀ,(ਪ੍ਰਦੀਪ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਸਵੇਰੇ 6 ਵਜੇ ਚੰਡੀਗੜ੍ਹ ਤੋਂ ਤਖਤ ਸ੍ਰੀ ਪਟਨਾ ਸਾਹਿਬ ਲਈ ਪਹਿਲੀ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਡੀਗੜ੍ਹ ਤੋਂ ਪਟਨਾ ਸਾਹਿਬ ਲਈ ਜਾ ਰਹੇ ਇਸ ਪਹਿਲੇ ਹਵਾਈ ਸਫਰ ਦੌਰਾਨ ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਸ਼ਰਧਾਲੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਵਲੋਂ ਚੰਡੀਗੜ੍ਹ ਤੋਂ ਸੱਚਖੰਡ ਸ੍ਰੀ ਪਟਨਾ ਸਾਹਿਬ ਲਈ ਹਵਾਈ ਸਫ਼ਰ ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋ ਚੁੱਕੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ 'ਤੇ ਹੁੰਦਿਆਂ ਸਿੱਖ ਧਰਮ ਦੇ ਪੰਜ ਤਖਤ ਸਾਹਿਬਾਨ ਨੂੰ ਹਵਾਈ ਸਫ਼ਰ ਨਾਲ ਜੋੜਨ ਦੀ ਮੰਗ ਵਾਰ-ਵਾਰ ਲੋਕ ਸਭਾ ਅੰਦਰ ਉਠਾਈ ਜਾਂਦੀ ਰਹੀ ਸੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੇ ਇਹ ਮੰਗ ਪ੍ਰਵਾਨ ਕਰਦੇ ਹੋਏ ਚੰਡੀਗੜ੍ਹ ਤੋਂ ਸੱਚਖੰਡ ਸ੍ਰੀ ਨੰਦੇੜ ਸਾਹਿਬ ਲਈ ਹਵਾਈ ਸਫ਼ਰ ਸ਼ੁਰੂ ਕਰਨ ਦੀ ਮੰਗ ਪ੍ਰਵਾਨ ਕਰਦਿਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਜ਼ੋਰ ਪਾਉਣ 'ਤੇ ਉਸ ਸਮੇਂ ਦੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵਲੋਂ ਦੋ ਮਹੀਨੇ ਦੇ ਅੰਦਰ ਤਖਤ ਪਟਨਾ ਸਾਹਿਬ ਲਈ ਵੀ ਹਵਾਈ ਸਫ਼ਰ ਸ਼ੁਰੂ ਕਰਨ ਦੀ ਮੰਗ ਮਨਜ਼ੂਰ ਕਰ ਲਈ ਗਈ ਸੀ ਪਰ ਕੁਝ ਕਾਰਣਾਂ ਕਰ ਕੇ ਇਹ ਮੰਗ ਪੂਰ ਨਹੀਂ ਚੜ੍ਹ ਸਕੀ ਸੀ, ਜੋ ਹੁਣ ਪੂਰੀ ਹੋ ਚੁੱਕੀ ਹੈ।