ਥਾਣੇਦਾਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਮਾਨ ਸਰਕਾਰ, ਦਿੱਤੀ ਚਿਤਾਵਨੀ

07/13/2022 10:16:35 PM

ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਲਗਾਤਾਰ ਐਕਸ਼ਨ 'ਚ ਨਜ਼ਰ ਆ ਰਹੀ ਹੈ। ਇਸ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੁਣ ਪੰਜਾਬ ਪੁਲਸ ਦੇ ਥਾਣੇਦਾਰਾਂ 'ਤੇ ਹੈ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਥਾਣੇਦਾਰਾਂ ਨੂੰ ਜੋ ਗ਼ਲਤ ਆਦਤਾਂ ਪਈਆਂ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ। ਦੱਸ ਦੇਈਏ ਕਿ ਕਈ ਵਿਧਾਇਕਾਂ ਵੱਲੋਂ ਪੰਜਾਬ ਪੁਲਸ ਦੇ ਥਾਣੇਦਾਰਾਂ ਖ਼ਿਲਾਫ਼ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਜਿਸ ਦੇ ਮੱਦੇਨਜ਼ਰ ਸੂਬੇ ਦੇ ਥਾਣਿਆਂ 'ਤੇ ਮੁੱਖ ਮੰਤਰੀ ਮਾਨ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਧਾਇਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਲਦ ਹੀ ਥਾਣੇਦਾਰਾਂ ਖ਼ਿਲਾਫ਼ ਕਾਰਵਾਈ ਕਰੇਗੀ। 

ਇਹ ਵੀ ਪੜ੍ਹੋ- ਸਿਆਸੀ ਜਮਾਤੀਆਂ ਤੋਂ ਬਾਅਦ ਨਵਜੋਤ ਸਿੱਧੂ ਦੀ ਜੇਲ੍ਹ ’ਚ ਕੈਦੀਆਂ ਨਾਲ ਵੀ ਖੜਕੀ, ਜਾਣੋ ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਵਿਧਾਇਕਾਂ ਨੇ ਸ਼ਿਕਾਇਤਾਂ ਦਿੰਦਿਆਂ ਕਿਹਾ ਕਿ ਥਾਣੇਦਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਚਾਹੇ ਉਹ ਕਿਸੇ ਵੀ ਮਕਸਦ ਨਾਲ ਕਿਉਂ ਨਾ ਹੋਵੇ, ਉਹ ਬਿਲਕੁਲ ਮੁਸਤੈਦੀ ਨਾਲ ਕੰਮ ਨਹੀਂ ਕਰ ਰਹੇ । ਕਈ ਥਾਣੇਦਾਰਾਂ ਖ਼ਿਲਾਫ਼ ਨਸ਼ਾ ਵੇਚਣ ਵਾਲਿਆਂ ਦੀ ਹਮਾਇਤ ਕਰਨ ਦੀਆਂ ਸ਼ਿਕਾਇਤਾਂ ਵੀ ਮਾਨ ਦਰਬਾਰ ਵਿੱਚ ਪੁੱਜ ਚੁੱਕੀਆਂ ਹਨ।ਵਿਧਾਇਕਾਂ ਅਨੁਸਾਰ ਥਾਣੇਦਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਦੱਸ ਦੇਈਏ ਕਿ ਬੀਤੇ ਦਿਨੀਂ ਹੀ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲੇ ਵੀ ਕੀਤੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News