ਗੋਪਾਲ ਸਵੀਟਸ ਰੈਸਟੋਰੈਟ ਦੇ ਸਲਾਦ ''ਚੋਂ ਨਿਕਲੀ ਹਰੀ ਸੁੰਡੀ, ਮਾਮਲਾ ਭਖਿਆ

Saturday, May 23, 2026 - 06:28 PM (IST)

ਗੋਪਾਲ ਸਵੀਟਸ ਰੈਸਟੋਰੈਟ ਦੇ ਸਲਾਦ ''ਚੋਂ ਨਿਕਲੀ ਹਰੀ ਸੁੰਡੀ, ਮਾਮਲਾ ਭਖਿਆ

ਖਰੜ (ਅਮਰਦੀਪ ਸਿੰਘ ਸੈਣੀ) : ਗੋਪਾਲ ਸਵੀਟਸ ਰੈਸਟੋਰੈਟ ਵਿਚ ਸਲਾਦ ਵਿੱਚੋਂ ਹਰੀ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਮੌਗੀਆ ਵਾਸੀ ਸੰਨੀ ਇਨਕਲੇਵ ਖਰੜ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਪੰਚਕੂਲਾ ਸ਼ਾਖਾ ਵਿਚ ਬਰਾਂਚ ਮੈਨੇਜਰ ਵਜੋਂ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਛੁੱਟੀ ਤੋਂ ਬਾਅਦ ਉਹ ਸੈਕਟਰ-15 ਚੰਡੀਗੜ੍ਹ ਸਥਿਤ ਗੋਪਾਲ ਸਵੀਟਸ ਵਿਚ ਛੋਲੇ-ਭਟੂਰੇ ਖਾਣ ਲਈ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਖਾਣਾ ਖਾਣ ਦੌਰਾਨ ਜਦੋਂ ਉਨ੍ਹਾਂ ਨੇ ਸਲਾਦ ਵੱਲ ਧਿਆਨ ਦਿੱਤਾ ਤਾਂ ਉਸ ਵਿਚ ਇਕ ਹਰਾ ਕੀੜਾ ਘੁੰਮਦਾ ਹੋਇਆ ਨਜ਼ਰ ਆਇਆ।

ਇਸ ਤੋਂ ਬਾਅਦ ਉਨ੍ਹਾਂ ਤੁਰੰਤ ਰੈਸਟੋਰੈਂਟ ਦੇ ਸਟਾਫ ਨਾਲ ਗੱਲਬਾਤ ਕੀਤੀ ਪਰ ਸਟਾਫ ਵੱਲੋਂ ਗੱਲ ਨੂੰ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੁਨੀਲ ਮੌਗੀਆ ਨੇ ਕਿਹਾ ਕਿ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵੱਡੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਸਮੇਂ-ਸਮੇਂ 'ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮਿਲ ਸਕੇ।

ਦੂਜੇ ਪਾਸੇ ਗੋਪਾਲ ਸਵੀਟਸ ਦੇ ਬਰਾਂਚ ਮੈਨੇਜਰ ਮੋਹਿਤ ਕੁਮਾਰ ਨੇ ਕਿਹਾ ਕਿ ਅਸੀਂ ਵੀ ਇਨਸਾਨ ਹਾਂ, ਕਦੇ-ਕਦੇ ਗਲਤੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਸਲਾਦ ਵਿਚ ਕੀੜਾ ਕਿਸ ਤਰ੍ਹਾਂ ਪਹੁੰਚਿਆ ਹਾਲਾਂਕਿ ਰੈਸਟੋਰੈਂਟ ਵੱਲੋਂ ਪੂਰੀ ਜਾਂਚ ਤੋਂ ਬਾਅਦ ਹੀ ਭੋਜਨ ਪਰੋਸਿਆ ਜਾਂਦਾ ਹੈ। ਉਹ ਜਾਂਚ ਕਰਨਗੇ।


author

Gurminder Singh

Content Editor

Related News