ਜੇਲ ’ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਚਲਾ ਰਿਹੈ ਫੋਨ

12/12/2018 9:43:52 AM

ਚੰਡੀਗੜ੍ਹ (ਅਮਰਦੀਪ)–ਸ਼ਿਵ ਸੈਨਾ ਹਿੰਦ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਮਹਿਲਾ ਵਿੰਗ ਪ੍ਰਧਾਨ ਆਸ਼ਾ ਕਾਲੀਆ ਤੇ ਸੈਲਜਾ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਨਿਸ਼ਾਂਤ ਤੇ ਕਾਲੀਆ ਨੇ ਚੰਡੀਗਡ਼੍ਹ ਦੇ ਡੀ. ਜੀ. ਪੀ. ਅਤੇ ਚੀਫ ਸੈਕਟਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੁਸੂ ਪਾਰਟੀ ਦੇ ਸਾਬਕਾ ਪ੍ਰਧਾਨ ਬਲਜੀਤ ਚੌਧਰੀ ’ਤੇ 10 ਨਵੰਬਰ ਨੂੰ ਸੈਕਟਰ-63 ਚੰਡੀਗਡ਼੍ਹ ਦੇ ਫਲੈਟ ਵਿਚ ਪਿਸਤੌਲ ਦੀ ਨੌਕ ’ਤੇ ਜਬਰ-ਜ਼ਨਾਹ ਦਾ ਝੂਠਾ ਦੋਸ਼ ਲਾ ਕੇ ਕੇਸ ਦਰਜ ਕਰਵਾਉਣ ਵਾਲੀ ਬਲੈਕਮੇਲਰ ਮਾਡਲ ਤੇ ਉਸ ਦੇ ਆਕਾ ਗੈਂਗਸਟਰ ਲੱਕੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਨਿਸ਼ਾਂਤ ਨੇ ਕਿਹਾ ਕਿ ਮਾਡਲ ਤੇ ਗੈਂਗਸਟਰ ਲੱਕੀ ਲੋਕਾਂ ਨੂੰ ਝੂਠੇ ਕੇਸ ਵਿਚ ਫਸਾ ਕੇ ਲੱਖਾਂ-ਕਰੋਡ਼ਾਂ ਰੁਪਏ ਹਡ਼ੱਪਣ ਦਾ ਕੰਮ ਕਰ ਰਹੇ ਹਨ। ਬਲਜੀਤ ਚੌਧਰੀ ਤੋਂ ਪੈਸੇ ਹਡ਼ੱਪਣ ਤੇ ਉਸ ਨੂੰ ਮਰਵਾਉਣ ਲਈ ਗੈਂਗਸਟਰ ਗੌਰਵ ਪਟਿਆਲ ਉਰਫ ਲੱਕੀ ਨੇ ਸਾਜ਼ਿਸ਼ ਰਚੀ ਹੈ ਤੇ ਮਾਡਲ ਦੇ ਜ਼ਰੀਏ ਉਹ ਆਪਣੀ ਘਿਨੌਣੀ ਮਨਸ਼ਾ ਪੂਰੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਵੀ ਖੁਲਾਸਾ ਕਰ ਚੁੱਕਾ ਹੈ ਕਿ ਉਸ ਦੀ ਗੈਂਗਸਟਰ ਗੌਰਵ ਪਟਿਆਲ ਦੇ ਨਾਲ ਦੋ ਸਾਲਾਂ ਤੋਂ ਰੰਜ਼ਿਸ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਜੇਲ ’ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਫੋਨ ਦੀ ਵਰਤੋਂ ਕਰ ਰਿਹਾ ਹੈ, ਜਿਸ ’ਤੇ ਲਾਪ੍ਰਵਾਹ ਜੇਲ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਵਿਚ ਚੇਅਰਮੈਨ ਵੈਦ ਅਮਰਜੀਤ, ਹਰਕੀਰਤ ਸਿੰਘ ਖੁਰਾਣਾ, ਅਜੇ ਦਹੀਆ, ਸੋਨੂੰ ਰਾਣਾ ਤੇ ਰਾਜਨ ਕੋਹਲੀ ਵੀ ਹਾਜ਼ਰ ਸਨ।