ਸੈਕਟਰ-5 ’ਚ ਪਾਰਕ ਦੀ ਥਾਂ ’ਤੇ ਪਲਾਟ ਕੱਟਣ ਦਾ ਮਾਮਲਾ ਭਖਿਆ

10/30/2018 4:46:34 PM

ਚੰਡੀਗੜ੍ਹ (ਅਮਰਦੀਪ, ਰਣਬੀਰ, ਸ਼ਸ਼ੀ) – ਖਰਡ਼ ਦੀ ਸੰਨੀ ਇਨਕਲੇਵ ਸੈਕਟਰ-125 ਵਿਖੇ 8212 ਨੰਬਰਾਂ ਦੀਆਂ ਕੋਠੀਆਂ ਪਿੱਛੇ ਬਿਲਡਰ ਵਲੋਂ ਪਲਾਟ ਵੇਚਣ ਤੋਂ ਪਹਿਲਾ ਪਾਰਕ ਦਿਖਾ ਕੇ ਹੁਣ ਪਾਰਕ ਦੀ ਥਾਂ ’ਤੇ ਪਲਾਟ ਕੱਟਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜਤਿੰਦਰ ਸਿੰਘ ਭਾਟੀਆ, ਪਿਆਰ ਚੰਦ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ 2017 ਵਿਚ ਸੰਨੀ ਇਨਕਲੇਵ ਵਿਖੇ 200 ਗਜ਼ ਦੇ ਪਲਾਟ ਇਹ ਦੇਖ ਕੇ ਖਰੀਦੇ ਸਨ ਕਿ ਬਿਲਡਰ ਨੇ ਪਲਾਟਾਂ ਦੇ ਪਿੱਛੇ ਪਾਰਕ ਲਈ ਥਾਂ ਛੱਡੀ ਹੋਈ ਹੈ ਪਰ ਹੁਣ ਜਦੋਂ ਉਥੇ ਕੋਠੀਆਂ ਬਣ ਰਹੀਆਂ ਹਨ ਤਾਂ ਬਿਲਡਰ ਨੇ ਹਾਈਟੈਸ਼ਨ ਤਾਰਾਂ ਦੇ ਨੇਡ਼ੇ ਛੱਡੀ ਪਾਰਕ ਵਾਲੀ ਥਾਂ ’ਤੇ ਪਲਾਟ ਕੱਟ ਦਿੱਤੇ ਹਨ, ਜਿਥੇ ਕਿ ਨਾਜਾਇਜ਼ ਢੰਗ ਨਾਲ ਕੋਠੀਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਈਟੈਂਸ਼ਨ ਤਾਰਾਂ ਦੇ ਨੇਡ਼ੇ ਬਣ ਰਹੀਆਂ ਕੋਠੀਆਂ ਦਾ ਨਕਸ਼ਾ ਪਾਸ ਨਹੀਂ ਹੋ ਸਕਦਾ ਪਰ ਇਕ-ਦੋ ਵਿਅਕਤੀਆਂ ਨੇ ਨਾਜਾਇਜ਼ ਤੌਰ ’ਤੇ ਨਕਸ਼ੇ ਪਾਸ ਕਰਵਾ ਕੇ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕੋਠੀਆਂ ਦੇ ਪਿਛਲੇ ਪਾਸੇ ਵਿਹਡ਼ੇ ਵੀ ਨਹੀਂ ਛੱਡੇ ਜਾ ਰਹੇ, ਜਿਸ ਨਾਲ ਅਗਲੀਆਂ ਕੋਠੀਆਂ ਵਾਲਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਖਰਡ਼ ਦੇ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਪਾਰਕ ਦੀ ਥਾਂ ’ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਬੰਦ ਕਰਵਾਇਆ ਜਾਵੇ ਤੇ ਬਿਲਡਰ ਵਲੋਂ ਉਕਤ ਪ੍ਰਾਜੈਕਟ ਦੇ ਬਣਾਏ ਵੱਡੇ ਨਕਸ਼ੇ ਨੂੰ ਦੇਖ ਕੇ ਪਾਰਕ ਦੀ ਥਾਂ ਬਿਲਡਰ ਤੋਂ ਛੁਡਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।


Related News