‘ਆਪ’ ਸਰਕਾਰ ਸੱਚੀ ਤੇ ਸਾਫ਼ ਨੀਅਤ ਨਾਲ ਪੰਜਾਬ ਦੀ ਨੁਹਾਰ ਬਦਲਣ ਦੀ ਕਰ ਰਹੀ ਕੋਸ਼ਿਸ਼ : ਅਮਨ ਅਰੋੜਾ

08/19/2022 4:10:21 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਅਮਨ ਅਰੋੜਾ ਨੇ ‘ਜਗ ਬਾਣੀ’ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੀ ਸਰਕਾਰ ਵੱਲੋਂ ਪੰਜਾਬ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਵਿਕਾਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੀਅ ਤੋੜ ਮਿਹਨਤ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਸੱਚੀ ਤੇ ਸਾਫ਼-ਸੁਥਰੀ ਨੀਅਤ ਨਾਲ ਪੰਜਾਬ ਦੀ ਨੁਹਾਰ ਬਦਲਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਨ ਅਰੋੜਾ ਨੇ ਇਸ ਦੌਰਾਨ ਇਕ ਦਿਲਚਸਪ ਕਿੱਸਾ ਸੁਣਾਉਂਦਿਆਂ ਦੱਸਿਆ ਕਿ ਮੈਂ ਆਪਣੇ ਭਰਾ ਦੇ ਇਲਾਜ ਲਈ ਇੰਗਲੈਂਡ ਗਿਆ ਸੀ। ਇਸ ਦੌਰਾਨ ਹਸਪਤਾਲ ਦੇ ਜਿਸ ਕਮਰੇ ’ਚ ਮੇਰੇ ਭਰਾ ਨੂੰ ਰੱਖਿਆ ਗਿਆ ਸੀ, ਉਥੇ ਇਕ ਨਰਸ ਦਾਖ਼ਲ ਹੋਈ, ਜਿਸ ਨੇ ਉਸ ਨੂੰ ਮੇਰੇ ਬਾਰੇ ਪੁੱਛਿਆ ਕਿ ਇਹ ਕੌਣ ਹਨ? ਜਿਸ ’ਤੇ ਮੇਰੇ ਭਰਾ ਨੇ ਦੱਸਿਆ ਕਿ ਇਹ ਮੇਰੇ ਭਰਾ ਹਨ, ਇਸ ਦੇ ਨਾਲ ਹੀ ਨਰਸ ਨੇ ਦੁਬਾਰਾ ਪੁੱਛ ਲਿਆ ਕਿ ਇਹ ਕੀ ਕਰਦੇ ਹਨ, ਜਿਸ ’ਤੇ ਉਸ ਨੂੰ ਜਵਾਬ ਦਿੱਤਾ ਗਿਆ ਕਿ ਇਹ ਸਿਆਸਤਦਾਨ ਹਨ। ਜਿਸ ’ਤੇ ਨਰਸ ਤੁਰੰਤ ਬੋਲ ਪਈ ਕਿ ਭਾਰਤੀ ਸਿਆਸਤਦਾਨ ਵੈਰੀ ਕੁਰੱਪਟ ਯਾਨੀ ਕਿ ਬੇਹੱਦ ਭ੍ਰਿਸ਼ਟਾਚਾਰੀ। ਜਦ ਇਸ ਦੌਰਾਨ ਮੈਂ ਇਲਾਜ ਕਰਵਾ ਰਹੇ ਆਪਣੇ ਭਰਾ ਵੱਲ ਵੇਖਣ ਲੱਗਾ ਤਾਂ ਨਰਸ ਬੋਲ ਪਈ ਕਿ ਨੋ-ਨੋ ਸ਼੍ਰੀਲੰਕਨ ਸਿਆਸਤਦਾਨ ਵੀ ਬੇਹੱਦ ਜ਼ਿਆਦਾ ਕੁਰੱਪਟ ਹਨ, ਜੋ ਖ਼ੁਦ ਸ਼੍ਰੀਲੰਕਾ ਦੀ ਰਹਿਣ ਵਾਲੀ ਸੀ, ਜਿਸ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਕਦੇ ਨਹੀਂ ਕਿਸੇ ਨੂੰ ਕਹਿਣਾ ਕਿ ਮੈਂ ਸਿਆਸਤਦਾਨ ਹਾਂ।

ਇਹ ਸਾਡਾ ਅਕਸ ਅੱਜ ਦੁਨੀਆ ਭਰ ’ਚ ਬਣ ਚੁੱਕਾ ਹੈ ਕਿ ਭਾਰਤੀ ਸਿਆਸਤਦਾਨ ਬੇਹੱਦ ਭ੍ਰਿਸ਼ਟ ਹਨ। ਅੱਜ ਲੋੜ ਹੈ ਇਸ ਮੁੱਦੇ ਪ੍ਰਤੀ ਗੰਭੀਰਤਾ ਨਾਲ ਧਿਆਨ ਦੇ ਕੇ ਇਸ ਨੂੰ ਸੁਧਾਰਨ ਦੀ। ਕੈਬਨਿਟ ਮੰਤਰੀ ਅਰੋੜਾ ਨੇ ਦੱਸਿਆ ਕਿ ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਪੱਤਰਕਾਰਾਂ ਲਈ ਸਾਡਾ ਮੰਤਰਾਲਾ ਹਮੇਸ਼ਾ ਖੜ੍ਹਾ ਹੈ। ਸਰਕਾਰੀ ਪੱਧਰ ’ਤੇ ਪੱਤਰਕਾਰ ਭਾਈਚਾਰਾ ਕੁਝ ਵੀ ਚਾਹੁੰਦਾ ਹੈ ਤਾਂ ਮੇਰੇ ਧਿਆਨ ’ਚ ਲਿਆਓ, ਮੈਂ ਇਸ ਲਈ ਕੰਮ ਜ਼ਰੂਰ ਕਰਾਂਗਾ। ਇਸ ਦੌਰਾਨ ਫੋਟੋਆਂ ਅਤੇ ਇਸ਼ਤਿਹਾਰਬਾਜ਼ੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਸ ਦਿਨ ਵਾਤਾਵਰਣ ਦਿਵਸ ਸੀ, ਉਸ ਦਿਨ ਐੱਨ. ਜੀ. ਓਜ਼ ਅਤੇ ਹੋਰ ਲੋਕਾਂ ਨੇ ਆਪਣੇ ਤੌਰ ’ਤੇ ਜੂਟ ਦੇ ਲਿਫ਼ਾਫ਼ਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਮੀਤ ਹੇਅਰ ਦੀਆਂ ਫੋਟੋਆਂ ਲਗਾ ਦਿੱਤੀਆਂ ਸਨ, ਜੋ ਇੰਨਾ ਵੱਡਾ ਮੁੱਦਾ ਨਹੀਂ ਹੈ।

ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ’ਤੇ ਜੇ ਕੋਈ ਫੋਟੋ ਲਾਈ ਹੈ ਤਾਂ ਇਸ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਕੋਈ ਆਪਣੇ ਸਾਰੇ ਨਿੱਜੀ ਹਿੱਤ ਤਿਆਗ ਕੇ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ ਤਾਂ ਇਸ ’ਚ ਗ਼ਲਤ ਕੀ ਹੈ। ਅੱਜ ਸਾਰੇ ਸਰਕਾਰੀ ਦਫ਼ਤਰਾਂ ਅੰਦਰ ਸਿਰਫ਼ ਡਾ. ਬੀ. ਆਰ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਹੋਰ ਕੋਈ ਤਸਵੀਰ ਨਹੀਂ ਲਗਾਈ ਜਾ ਰਹੀ ਹੈ। ਹਾਂ, ਜੇਕਰ ਲੋਕਾਂ ਵਿਚ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਤਾਂ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਇਹ ਚੰਗਾ ਕੰਮ ਕਿਸ ਦੀਆਂ ਕੋਸ਼ਿਸ਼ਾਂ ਸਦਕਾ ਸਿਰੇ ਚੜ੍ਹਿਆ ਹੈ। ਇਹੀ ਇਮਾਰਤਾਂ ਸਨ, ਜੋ 5 ਸਾਲਾਂ ਤੋਂ ਸੇਵਾ ਕੇਂਦਰ ਵਜੋਂ ਬੰਦ ਕੀਤੀਆਂ ਸਨ, ਅੱਜ ਨਸ਼ੇੜੀਆਂ ਦੇ ਅੱਡੇ ਬਣ ਚੁੱਕੀਆਂ ਸਨ, ਜੇ ਹੁਣ ਅਸੀਂ ਉਥੇ ਹੀ ਡਾਕਟਰ ਬਿਠਾ ਦਿੱਤਾ, ਫਿਰ ਵਿਰੋਧੀ ਪਾਰਟੀਆਂ ਸਵਾਲ ਕਿਉਂ ਚੁੱਕ ਰਹੀਆਂ ਹਨ।


Anuradha

Content Editor

Related News