ਦਿੱਲੀ ਦੇ ਮਰਦਾਂ ''ਚ ਘਟ ਰਹੇ ਨੇ ''ਸ਼ੁਕਰਾਣੂ''

ਕੌਮੀ ਰਾਜਧਾਨੀ ਦਿੱਲੀ ਵਿਚ ਜ਼ਿਆਦਾਤਰ ਮਰਦਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਹੀ ''ਕਾਮ-ਇੱਛਾ ਸੰਕਟ'' ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਅਤੇ ਇਸ ਦੇ ਆਸਪਾਸ ਵਾਲੇ ਇਲਾਕਿਆਂ ਦੇ ਮਰਦਾਂ ਵਿਚ ਨਾ ਸਿਰਫ ਕਾਮ-ਇੱਛਾ ਵਧਾਉਣ ਵਾਲੇ ਹਾਰਮੋਨ ਟੈਸਟੋਸਟੇਰੋਨ ਦਾ ਪੱਧਰ ਘੱਟ ਹੈ, ਸਗੋਂ ਉਨ੍ਹਾਂ ਵਿਚ ਸ਼ੁਕਰਾਣੂਆਂ ਦੀ ਗਿਣਤੀ ਦੇਸ਼ ਦੇ ਹੋਰਨਾਂ ਖੇਤਰਾਂ ਦੇ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੈ। 
ਇਹ ਰਿਪੋਰਟ ਡਾਲਮੀਆ ਮੈਡੀਕੇਅਰ ਨਾਮੀ ਇਕ ਨਵੀਂ ਡਾਇਗਨੋਸਟਿਕ ਚੇਨ ਵਲੋਂ ਦਿੱਲੀ ਤੇ ਇਸ ਦੇ ਆਸਪਾਸ ਵਾਲੇ ਇਲਾਕਿਆਂ ਵਿਚ 2 ਲੱਖ ਡਾਇਗਨੋਸਟਿਕ ਟੈਸਟਾਂ ਦੀ ਸਮੀਖਿਆ ਤੋਂ ਬਾਅਦ ਜਾਰੀ ਕੀਤੀ ਗਈ ਹੈ। ਡਾਲਮੀਆ ਮੈਡੀਕੇਅਰ ਦੀ ਕੁਆਲਿਟੀ ਹੈੱਡ ਡਾ. ਸੁਨੀਤਾ ਯਾਦਵ ਦੱਸਦੀ ਹੈ ਕਿ ਪਿਛਲੇ ਇਕ ਸਾਲ ਦੌਰਾਨ ਵੀਰਜ (ਸਪਰਮ) ਵਿਸ਼ਲੇਸ਼ਣ ਅਤੇ ਟੈਸਟੋਸਟੇਰੋਨ ਪ੍ਰੋਫਾਈਲ ਟੈਸਟਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। 
ਰਿਪੋਰਟ ਦਰਸਾਉਂਦੀ ਹੈ ਕਿ ਲੱਗਭਗ 15 ਫੀਸਦੀ ਮਰਦਾਂ ਦੀ ਕਾਮ-ਇੱਛਾ ਵਿਚ ਕਮੀ ਆਈ ਹੈ। ਕਾਮ-ਇੱਛਾ ਵਿਚ ਗਿਰਾਵਟ ਆਮ ਤੌਰ ''ਤੇ 50 ਸਾਲ ਦੀ ਉਮਰ ਵਿਚ ਆਉਂਦੀ ਹੈ ਪਰ ਹੁਣ ਇਹ 40 ਸਾਲ ਦੀ ਉਮਰ ਤੋਂ ਬਾਅਦ ਹੀ ਘਟਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਸਿਹਤਮੰਦ ਮਰਦਾਂ ਵਿਚ ਸ਼ੁਕਰਾਣੂਆਂ ਦੀ ਗਿਣਤੀ 40-300 ਮਿਲੀਅਨ ਹੁੰਦੀ ਹੈ, ਜਦਕਿ 10 ਮਿਲੀਅਨ ਤੋਂ ਘੱਟ ਗਿਣਤੀ ਦੇ ਮਾਮਲਿਆਂ ਵਿਚ 63 ਫੀਸਦੀ ਦਾ ਵਾਧਾ ਹੋਇਆ ਹੈ। 
ਰਿਪੋਰਟ ਦੱਸਦੀ ਹੈ ਕਿ ਦਿੱਲੀ ਦੇ ਮਰਦਾਂ ਵਿਚ ਟੈਸਟੋਸਟੇਰੋਨ ਦੇ ਪੱਧਰ ਵਿਚ ਵੀ ਜ਼ਿਕਰਯੋਗ ਗਿਰਾਵਟ ਆਈ ਹੈ, ਜਿਨ੍ਹਾਂ ਵਿਚ 60 ਫੀਸਦੀ ਤੋਂ ਵੀ ਜ਼ਿਆਦਾ ਹੇਠਲੇ ਪੱਧਰ ''ਚ ਹਨ। ਇਨ੍ਹਾਂ ਚਿੰਤਾਜਨਕ ਰੁਝਾਨਾਂ ਲਈ ਪ੍ਰੋਟੀਨਜ਼, ਵਿਟਾਮਿਨ, ਖਣਿਜਾਂ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਅਤੇ ਇਕ ਗੈਰ-ਤੰਦਰੁਸਤ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਦੋਸ਼ ਦਿੱਤਾ ਜਾ ਸਕਦਾ ਹੈ। 
ਦਿੱਲੀ ਦੀ ਸੀਨੀਅਰ ਆਈ. ਵੀ. ਐੱਫ. ਮਾਹਿਰ ਡਾ. ਈਲਾ ਗੁਪਤਾ ਕਹਿੰਦੀ ਹੈ ਕਿ ਉਮਰ ਦੇ ਨਾਲ-ਨਾਲ ਕਾਮ-ਇੱਛਾ ਵਿਚ ਕਮੀ ਵਧਦੀ ਹੈ ਪਰ ਇਨ੍ਹੀਂ ਦਿਨੀਂ ਇਹ ਰੁਝਾਨ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਕਾਰਨ ਮਾਨਸਿਕ (ਤਣਾਅ, ਚਿੰਤਾ ਅਤੇ ਸੰਬੰਧ ਸੰਬੰਧੀ ਸਮੱਸਿਆਵਾਂ), ਡਰੱਗਜ਼, ਨੌਕਰੀ ਦਾ ਦਬਾਅ, ਥਕਾਵਟ ਅਤੇ ਟੈਸਟੋਸਟੇਰੋਨ ਦੇ ਪੱਧਰ ਵਿਚ ਕਮੀ ਹੋ ਸਕਦੇ ਹਨ। 
ਡਾ. ਗੁਪਤਾ ਮਰਦਾਂ ਨੂੰ ਸਿਹਤਮੰਦ ਰੋਜ਼ਮੱਰਾ ਅਪਣਾਉਣ ਦੀ ਸਲਾਹ ਦਿੰਦੀ ਹੈ। ਉਨ੍ਹਾਂ ਮੁਤਾਬਿਕ ਰੋਜ਼ਾਨਾ ਕਸਰਤ, ਪੌਸ਼ਟਿਕ ਆਹਾਰ ਲੈਣ, ਕਾਫੀ ਨੀਂਦ ਅਤੇ ਤਣਾਅ ਘਟਾਉਣ ਅਤੇ ਅਲਕੋਹਲ ਦੀ ਵਰਤੋਂ ਨੂੰ ਸੀਮਤ ਕਰਨ ਨਾਲ ਸਮੱਸਿਆ ਦਾ ਹੱਲ ਕਰਨ ਵਿਚ ਮਦਦ ਮਿਲ ਸਕਦੀ ਹੈ। 
ਦਿੱਲੀ ਤੇ ਇਸ ਦੇ ਆਸਪਾਸ ਵਾਲੇ ਇਲਾਕਿਆਂ ਵਿਚ ਮਰਦਾਂ ਦੇ ਗੰਜੇ ਹੋਣ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਇਸ ਦੇ ਸ਼ੁਰੂਆਤੀ ਸੰਕੇਤ 25 ਸਾਲ ਦੀ ਉਮਰ ਦੇ ਨੌਜਵਾਨਾਂ ਵਿਚ ਵੀ ਦੇਖੇ ਜਾ ਸਕਦੇ ਹਨ। ਗੰਜੇਪਨ ਵਿਚ ਚਿੰਤਾਜਨਕ ਤੌਰ ''ਤੇ ਵਾਧੇ ਦੇ ਕਈ ਕਾਰਨ ਹਨ, ਜਿਵੇਂ ਤਣਾਅ, ਘਟੀਆ ਪੋਸ਼ਣ, ਹਾਰਮੋਨਜ਼ ਵਿਚ ਤਬਦੀਲੀ, ਪ੍ਰਦੂਸ਼ਣ ਤੇ ਸਿਗਰਟਨੋਸ਼ੀ।
ਡਾ. ਯਾਦਵ ਅਨੁਸਾਰ ਦਿੱਲੀ ਵਿਚ 70 ਫੀਸਦੀ ਤੋਂ ਜ਼ਿਆਦਾ ਮਰਦਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਾਲ ਡਿਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟੈਸਟ ਕਰਵਾਉਣ ਵਾਲਿਆਂ ਦੀ ਔਸਤ ਉਮਰ 25 ਸਾਲ ਹੈ। 
ਰਿਪੋਰਟ ਮੁਤਾਬਿਕ ਪੋਸ਼ਕ ਤੱਤਾਂ ਦੀ ਘਾਟ ਕਾਰਨ ਬਹੁਤ ਜ਼ਿਆਦਾ ਵਾਲ ਝੜਦੇ ਹਨ। ਸੰਤੁਲਿਤ ਆਹਾਰ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਕ ਤੱਤਾਂ ਦੀ ਪੂਰੀ ਸਪਲਾਈ ਯਕੀਨੀ ਬਣਾਉਂਦਾ ਹੈ। ਪੌਸ਼ਟਿਕ ਭੋਜਨ ਡੀਹਾਈਡ੍ਰੋ-ਟੈਸਟੋਸਟੇਰੋਨ ਹਾਰਮੋਨ ਨੂੰ ਦਬਾਉਣ ਵਿਚ ਮਦਦ ਕਰਦਾ ਹੈ, ਜੋ ਮਰਦਾਂ ਵਿਚ ਗੰਜਾਪਨ ਲਿਆਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। 
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਹੁਤੇ ਮਰਦਾਂ ਵਿਚ ਵਿਟਾਮਿਨ ਬੀ ਕੰਪਲੈਕਸ ਦੀ ਘਾਟ ਹੁੰਦੀ ਹੈ, ਮੁੱਖ ਤੌਰ ''ਤੇ ਬੀ3 ਅਤੇ ਬੀ12 ਦੀ। ਇਸ ਤੋਂ ਬਾਅਦ ਵਿਟਾਮਿਨ ਡੀ ਅਤੇ ਸੀ ਦੀ ਘਾਟ ਪਾਈ ਜਾਂਦੀ ਹੈ। 
ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੇ ਮੁਕਾਬਲੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਵਾਲ ਝੜਨ ਦਾ ਰੁਝਾਨ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਧੂੰਏਂ ਨਾਲ ਤੁਹਾਡੇ ਸਰੀਰ ਵਿਚ ਜਾਣ ਵਾਲੀ ਕਾਰਬਨ ਮੋਨੋਆਕਸਾਈਡ ਵੀ ਵਾਲਾਂ ਦੀ ਗੁਣਵੱਤਾ ''ਤੇ ਅਸਰ ਪਾਉਂਦੀ ਹੈ ਤੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਨਿਕੋਟਿਨ ਖੂਨ ਦੇ ਸੰਚਾਰ ਨੂੰ ਰੋਕਦੀ ਹੈ ਅਤੇ ਵਾਲਾਂ ਦੇ ਵਾਧੇ ''ਤੇ ਅਸਰ ਪਾਉਂਦੀ ਹੈ। 
ਡਾਕਟਰ ਕਹਿੰਦੇ ਹਨ ਕਿ ਜੇ ਪਰਿਵਾਰ ਵਿਚ ਵਾਲ ਝੜਨ ਦੀ ਜੈਵਿਕ ਰਵਾਇਤ ਨਹੀਂ ਵੀ ਹੈ, ਤਾਂ ਵੀ ਤੁਹਾਡੀ ਜੀਵਨ ਸ਼ੈਲੀ ਸੰਬੰਧੀ ਕੁਝ ਕਾਰਨਾਂ ਕਰਕੇ ਤੁਹਾਡੇ ਵਾਲ ਝੜ ਸਕਦੇ ਹਨ। ਦਿੱਲੀ ਦੀ ਪ੍ਰਸਿੱਧ ਡਰਮੈਟੋਲਾਜਿਸਟ ਡਾ. ਦੀਪਾਲੀ ਭਾਰਦਵਾਜ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਮਰਦ ਕਈ ਤਰ੍ਹਾਂ ਦੇ ਪ੍ਰੋਟੀਨ ਆਧਾਰਿਤ ਹੇਅਰ ਪ੍ਰੋਡਕਟ ਅਤੇ ਸੀਰਮ ਇਸਤੇਮਾਲ ਕਰਦੇ ਹਨ, ਸਿਰ ਦੀ ਮਾਲਿਸ਼ ਨੂੰ ਤਰਜੀਹ ਦਿੰਦੇ ਹਨ ਪਰ ਵਾਲਾਂ ਵਿਚ ਤੇਲ ਲਗਾਉਣ ਨਾਲ ਪਸੀਨਾ ਰੋਮਾਂ ਨੂੰ ਰੋਕ ਦਿੰਦਾ ਹੈ, ਜਿਸ ਦੇ ਸਿੱਟੇ ਵਜੋਂ ਵਾਲ ਝੜਨ ਲੱਗਦੇ ਹਨ।