ਕੈਨੇਡਾ ਭਰ ਦੇ ਵਾਲਮਾਰਟ ਸਟੋਰਾਂ 'ਚ ਲਾਗੂ ਹੋਣ ਜਾ ਰਿਹੈ ਇਹ ਨਿਯਮ

08/07/2020 4:54:52 PM

ਟੋਰਾਂਟੋ— ਵਾਲਮਾਰਟ 'ਚ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਹੁਣ ਮਾਸਕ ਨਾਲ ਲਿਜਾਣ ਲਈ ਤਿਆਰ ਰਹਿਣਾ ਹੋਵੇਗਾ ਕਿਉਂਕਿ ਰਿਟੇਲ ਦਿੱਗਜ ਕੈਨੇਡਾ ਭਰ 'ਚ ਆਪਣੇ ਸਾਰੇ ਸਟੋਰਾਂ 'ਤੇ ਇਸ ਨੂੰ ਲਾਜ਼ਮੀ ਕਰਨ ਜਾ ਰਿਹਾ ਹੈ। 12 ਅਗਸਤ ਤੋਂ ਸਾਰੇ ਵਾਲਮਾਰਟ ਗਾਹਕਾਂ ਤੇ ਸਟਾਫ ਮੈਂਬਰਾਂ ਨੂੰ ਸਟੋਰ ਅੰਦਰ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਪਹਿਲਾਂ ਵਾਲਮਾਰਟ ਅਮਰੀਕਾ 'ਚ ਅਪ੍ਰੈਲ ਤੋਂ ਹੀ ਆਪਣੇ ਸਾਰੇ ਸਟੋਰਾਂ 'ਤੇ ਇਹ ਲਾਜ਼ਮੀ ਕਰ ਚੁੱਕਾ ਹੈ।

ਵਾਲਮਾਰਟ ਕੈਨੇਡਾ ਦੀ ਬੁਲਾਰੇ ਫੈਲੀਸੀਆ ਫੇਫਰ ਅਨੁਸਾਰ, ਪ੍ਰਚੂਨ ਚੇਨ ਦੇ 400 ਕੈਨੇਡੀਅਨ ਸਟੋਰਾਂ 'ਚੋਂ 60 ਫੀਸਦੀ 'ਚ ਪਹਿਲਾਂ ਹੀ ਸਥਾਨਕ ਸਰਕਾਰੀ ਸਿਹਤ ਵਿਭਾਗਾਂ ਦੇ ਹੁਕਮਾਂ ਅਨੁਸਾਰ ਮਾਸਕ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਸਰਕਾਰੀ ਹੁਕਮਾਂ ਮੁਤਾਬਕ, ਸਟੋਰਾਂ 'ਤੇ ਖਰੀਦਦਾਰੀ ਦੌਰਾਨ ਮਾਸਕ ਲਾਜ਼ਮੀ ਹੈ ਉੱਥੇ-ਉੱਥੇ ਉਨ੍ਹਾਂ ਦੇ ਗਾਹਕ ਇਸ ਦੀ ਸ਼ਾਨਦਾਰ ਪਾਲਣਾ ਕਰ ਰਹੇ ਹਨ।

ਉਨ੍ਹਾਂ ਕਿਹਾ, ''ਸਾਨੂੰ ਭਰੋਸਾ ਹੈ ਕਿ ਸਾਡੇ ਬਾਕੀ ਸਟੋਰਾਂ 'ਚ ਜਿੱਥੇ ਅਸੀਂ ਇਸ ਨੀਤੀ ਦੀ ਸ਼ੁਰੂਆਤ ਕਰ ਰਹੇ ਹਾਂ ਗਾਹਕ ਇਸ ਦਾ ਸਤਿਕਾਰ ਕਰਨਗੇ ਤੇ ਪਾਲਣ ਕਰਨਗੇ ਅਤੇ ਜਦੋਂ ਉਹ ਖਰੀਦਦਾਰੀ ਕਰਨਗੇ ਤਾਂ ਆਪਣਾ ਚਿਹਰਾ ਢੱਕ ਕੇ ਆਉਣਗੇ।'' ਚਿਹਰੇ ਦੇ ਮਾਸਕ ਤੋਂ ਇਲਾਵਾ, ਵਾਲਮਾਰਟ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਦੌਰਾਨ ਵਿਕਸਤ ਕੀਤੇ ਗਏ ਹੋਰ ਕੋਵਿਡ-19 ਸੁਰੱਖਿਆ ਉਪਾਵਾਂ ਦੀ ਵਰਤੋਂ ਕਰਨਾ ਜਾਰੀ ਰੱਖਣਗੇ। ਇਸ 'ਚ ਸਟੋਰਾਂ ਅਤੇ ਖਰੀਦਦਾਰੀ ਕਾਰਟਾਂ ਦੀ ਚੰਗੀ ਤਰ੍ਹਾਂ ਸਾਫ-ਸਫਾਈ, ਮਾਲ ਅੰਦਰ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨਾ ਆਦਿ ਸ਼ਾਮਲ ਹਨ।


Sanjeev

Content Editor

Related News