ਕੈਨੇਡਾ ਪੁਲਸ ਨੇ ਦੋ ਅਮਰੀਕੀਆਂ 'ਤੇ ਠੋਕਿਆ ਭਾਰੀ ਜੁਰਮਾਨਾ

07/05/2020 8:14:06 PM

ਟੋਰਾਂਟੋ—  ਕੈਨੇਡਾ ਦੇ ਕੋਵਿਡ-19 ਕੁਆਰੰਟੀਨ ਨਿਯਮਾਂ ਨੂੰ ਤੋੜਨ ਦੇ ਮੱਦੇਨਜ਼ਰ ਇੱਥੋਂ ਦੀ ਪੁਲਸ ਨੇ ਦੋ ਅਮਰੀਕੀਆਂ ਨੂੰ ਭਾਰੀ ਜੁਰਮਾਨਾ ਠੋਕਿਆ ਹੈ। ਪੁਲਸ ਦਾ ਕਹਿਣਾ ਹੈ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਓਂਟਾਰੀਓ ਦੇ ਇਕ ਕਸਬੇ 'ਚ ਇਹ ਦੋਵੇਂ ਕਈ ਵਾਰ ਘੁੰਮਦੇ-ਫਿਰਦੇ ਦੇਖੇ ਗਏ ਸਨ।

ਮਿਨੇਸੋਟਾ ਦੇ ਸ਼ਹਿਰ ਐਕਸੈਲਸੀਅਰ ਦੇ ਰਹਿਣ ਵਾਲੇ 66 ਸਾਲਾ ਡੇਵਿਡ ਸਿੱਪਲ ਅਤੇ 65 ਸਾਲਾ ਔਰਤ ਐਨੇ ਸਿੱਪਲ 24 ਜੂਨ ਨੂੰ ਕੈਨੇਡਾ 'ਚ ਦਾਖਲ ਹੋਏ ਸਨ ਅਤੇ ਨਿਯਮਾਂ ਮੁਤਾਬਕ, ਇਨ੍ਹਾਂ ਨੂੰ ਸਿੱਧੇ ਮੰਜ਼ਲ 'ਤੇ ਜਾ ਕੇ ਰੁਕਣਾ ਚਾਹੀਦਾ ਸੀ ਪਰ ਰਸਤੇ 'ਚ ਇਹ ਓਂਟਾਰੀਓ ਦੇ ਫੋਰਟ ਫਰਾਂਸਿਸ ਕਸਬੇ 'ਚ ਰੁਕੇ ਅਤੇ ਖੁਦ ਨੂੰ ਇਕਾਂਤਵਾਸ ਵੀ ਨਹੀਂ ਕੀਤਾ। ਇਸ ਕਾਰਨ ਕੈਨੇਡਾ ਪੁਲਸ ਵੱਲੋਂ ਇਨ੍ਹਾਂ ਦੋਹਾਂ 'ਤੇ 1000-1000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।

ਗੌਰਤਲਬ ਹੈ ਕਿ ਮਾਰਚ ਤੋਂ ਗੈਰ-ਜ਼ਰੂਰੀ ਕਾਰਨਾਂ ਕਰਕੇ ਕੈਨੇਡਾ 'ਚ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਦੋ ਹਫ਼ਤਿਆਂ ਲਈ ਅਲੱਗ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੇਕਰ ਉਹ ਕੈਨੇਡਾ 'ਚ ਕਿਸੇ ਜਗ੍ਹਾ ਰੁਕਦੇ ਹਨ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹ ਨਿਯਮ ਇਸ ਸਾਲ ਅਗਸਤ ਤੱਕ ਲਾਗੂ ਰਹੇਗਾ।

ਨਿਯਮਾਂ ਮੁਤਾਬਕ, ਯਾਤਰੀ ਨੂੰ ਕੈਨੇਡਾ 'ਚ ਮੰਜ਼ਲ 'ਤੇ ਨਾ ਪਹੁੰਚਣ ਤੱਕ ਮਾਸਕ ਪਾਉਣਾ ਵੀ ਲਾਜ਼ਮੀ ਹੈ। ਸਰਹੱਦ ਵੀ ਗੈਰ-ਨਾਗਰਿਕਾਂ ਲਈ 31 ਜੁਲਾਈ ਤੱਕ ਪੂਰੀ ਤਰ੍ਹਾਂ ਬੰਦ ਹੈ, ਹਾਲਾਂਕਿ ਸਥਾਈ ਵਸਨੀਕਾਂ, ਕੈਨੇਡੀਅਨ ਨਾਗਰਿਕਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ, ਡਿਪਲੋਮੈਟਾਂ ਲਈ ਛੋਟ ਹੈ। ਇਸ ਤੋਂ ਇਲਾਵਾ ਅਮਰੀਕੀਆਂ ਨੂੰ ਅਲਾਸਕਾ ਪਹੁੰਚਣ ਲਈ ਕੈਨੇਡਾ ਜ਼ਰੀਏ ਜਾਣ ਦੀ ਮਨਜ਼ੂਰੀ ਹੈ ਪਰ ਕੁਝ ਇਸ ਦਾ ਨਜਾਇਜ਼ ਫਾਇਦਾ ਲੈ ਰਹੇ ਹਨ।


Sanjeev

Content Editor

Related News